ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ‘ਚ ਸਾਲ 2022 ਦੌਰਾਨ ਲੋਕਾਂ ਤੇ ਕਰਮਚਾਰੀਆਂ ਦੀ ਸਹੂਲਤ ਲਈ ਹੋਏ ਵੱਡੇ ਸੁਧਾਰ

ਪਟਿਆਲਾ(ਦ ਸਟੈਲਰ ਨਿਊਜ਼): ਪਟਿਆਲਾ ਜ਼ਿਲ੍ਹੇ ਦੇ ਲੋਕਾਂ ਨੂੰ ਪ੍ਰਸ਼ਾਸਨਿਕ ਸੇਵਾਵਾਂ ਮੁਹੱਈਆ ਕਰਵਾਉਣ ਵਾਲੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸਾਲ 2022 ਦੌਰਾਨ ਆਮ ਲੋਕਾਂ ਤੇ ਕਰਮਚਾਰੀਆਂ ਨੂੰ ਸਹੂਲਤਾਂ ਦੇਣ ਲਈ ਵੱਡੀ ਪੱਧਰ ਉਤੇ ਸੁਧਾਰ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਿਥੇ ਆਮ ਲੋਕਾਂ ਦੀ ਖੱਜਲ ਖੁਆਰੀ ਖਤਮ ਕਰਨ ਲਈ ਬਲਾਕ ਏ ਵਿੱਚ ਹੈਲਪ ਡੈਸਕ ਸਥਾਪਤ ਕੀਤਾ ਹੈ। ਉਥੇ ਹੀ ਕਰਮਚਾਰੀਆਂ ਦੇ ਛੋਟੇ ਬੱਚਿਆਂ ਦੀ ਸਾਂਭ ਸੰਭਾਲ ਲਈ ਕਿਲਕਾਰੀਆਂ ਕਰੈਚ ਵੀ ਚਲਾਇਆ ਜਾ ਰਿਹਾ ਹੈ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੀਤੇ ਗਏ ਕੰਮਾਂ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਏ-ਬਲਾਕ ‘ਚ ਪੁੱਛਗਿੱਛ ਕੇਂਦਰ ਸਥਾਪਤ ਕੀਤਾ ਗਿਆ ਹੈ, ਜਿਥੇ ਸਕੱਤਰੇਤ ‘ਚ ਕੰਮ ਕਰਵਾਉਣ ਆਏ ਲੋਕਾਂ ਨੂੰ ਵਿਭਾਗਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਸਮੇਤ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਸਬੰਧੀ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਕੇਂਦਰ ‘ਤੇ ਵੱਖ ਵੱਖ ਵਿਭਾਗਾਂ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦੇ ਪੈਂਫ਼ੇਲਿਟ ਅਤੇ ਕਿਤਾਬਚੇ ਵੀ ਰੱਖੇ ਗਏ ਹਨ, ਤਾਂ ਜੋ ਆਮ ਲੋਕ ਇਨ੍ਹਾਂ ਤੋਂ ਜਾਣਕਾਰੀ ਪ੍ਰਾਪਤ ਕਰਕੇ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ। ਉਨ੍ਹਾਂ ਦੱਸਿਆ ਕਿ ਇਥੇ ਐਲ.ਈ.ਡੀ ਸਕਰੀਨ ਵੀ ਲਗਾਈ ਗਈ ਹੈ, ਜਿਸ ‘ਤੇ ਸਰਕਾਰੀ ਸਕੀਮਾਂ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ। ਸਾਕਸ਼ੀ ਸਾਹਨੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਦਿਵਿਆਂਗਜਨਾਂ ਦੀ ਸਹੂਲਤ ਲਈ ਲੋੜੀਂਦੇ ਸੁਧਾਰ ਕੀਤੇ ਗਏ ਹਨ ਜਿਸ ਤਹਿਤ ਵੀਲ ਚੇਅਰ ਲਈ ਰੈਪ ਤੇ ਨੇਤਰਹੀਣ ਵਿਅਕਤੀਆਂ ਲਈ ਵੱਖਰੇ ਤਰ੍ਹਾਂ ਦੀਆਂ ਟਾਈਲਾਂ ਲਗਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਥੇ ਕੰਮ ਕਰਦੇ ਕਰਮਚਾਰੀਆਂ ਦੇ ਬੱਚਿਆਂ ਲਈ ਕਿਲਕਾਰੀਆਂ ਕਰੈਚ ਵੀ ਸ਼ੁਰੂ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਦੇਸ਼ ਦੀ ਆਜ਼ਾਦੀ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਜ਼ਿਲ੍ਹੇ ਦੇ ਆਜ਼ਾਦੀ ਘੁਲਾਟੀਆਂ ਨੂੰ ਬਣਦਾ ਮਾਣ ਸਤਿਕਾਰ ਦੇਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੁਤੰਤਰਤਾ ਸੈਲਾਨੀਆਂ ਦੀ ਗੈਲਰੀ ਬਣਾਈ ਗਈ ਹੈ ਅਤੇ ਇਸ ਦੇ ਨਾਲ ਹੀ ਜ਼ਿਲ੍ਹੇ ਦੀਆਂ ਵੱਖ ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਸਖਸ਼ੀਅਤਾਂ ਲਈ ਵਾਲ ਆਫ਼ ਫੈਮ ਵੀ ਬਣਾਈ ਗਈ ਹੈ। ਇਸ ਤੋਂ ਇਲਾਵਾ ਕੰਪਲੈਕਸ ਵਿਖੇ ਵਰਤੋਂ ‘ਚ ਨਾ ਆਉਣ ਵਾਲੀਆਂ ਬੋਤਲਾਂ ਤੇ ਕੈਨੀਆਂ ਲਈ ਨੇਚਰ ਬੈਂਕ (ਵਰਟੀਕਲ ਗਾਰਡਨ ਬਣਾਉਣ ਲਈ ਬੋਤਲ ਇਕੱਤਰ ਕੇਂਦਰ) ਵੀ ਸਥਾਪਤ ਕੀਤਾ ਗਿਆ ਹੈ, ਜਿਥੇ ਕੋਈ ਵੀ ਵਿਅਕਤੀ ਖਾਲੀ ਪਲਾਸਟਿਕ ਦੀਆਂ ਬੋਤਲਾਂ ਰੱਖ ਸਕਦਾ ਹੈ ਤੇ ਵਰਟੀਕਲ ਗਾਰਡਨ ਬਣਾਉਣ ਦੇ ਚਾਹਵਾਨ ਇਥੋਂ ਮੁਫ਼ਤ ‘ਚ ਪਲਾਸਟਿਕ ਦੀਆਂ ਇਹ ਖਾਲੀ ਬੋਤਲਾਂ ਪ੍ਰਾਪਤ ਕਰ ਸਕਦੇ ਹਨ ਅਤੇ ਵਰਟੀਕਲ ਗਾਰਡਨ ਬਣਾਉਣ ਬਾਰੇ ਜਾਣਕਾਰੀ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।

Advertisements

LEAVE A REPLY

Please enter your comment!
Please enter your name here