ਮਾਡਲ ਟਾਊਨ ਡਰੇਨ ਦੇ ਨਵੀਨੀਕਰਨ ਤੇ ਸੁੰਦਰੀਕਰਨ ਦੇ ਪ੍ਰਾਜੈਕਟ ਦਾ ਕੰਮ ਜੰਗੀ ਪੱਧਰ ‘ਤੇ ਜਾਰੀ

ਪਟਿਆਲਾ, (ਦ ਸਟੈਲਰ ਨਿਊਜ਼): ਮਾਡਲ ਟਾਊਨ ਡਰੇਨ ਨੂੰ ਕਵਰ ਕਰਨ ਦੇ ਕਰੀਬ 32.3 ਕਰੋੜ ਰੁਪਏ ਦੇ ਪ੍ਰਾਜੈਕਟ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ। ਪ੍ਰਾਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜਲ ਸਰੋਤ ਵਿਭਾਗ ਸਮੇਤ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਮੁਤਾਬਕ ਇਸ ਪ੍ਰਾਜੈਕਟ ਨੂੰ 31 ਮਾਰਚ ਤੋਂ ਪਹਿਲਾਂ-ਪਹਿਲਾਂ ਮੁਕੰਮਲ ਕੀਤਾ ਜਾਵੇ।

Advertisements

ਡਿਪਟੀ ਕਮਿਸ਼ਨਰ ਨੇ ਭਾਦਸੋਂ ਰੋਡ ‘ਤੇ ਟਿਵਾਣਾ ਚੌਂਕ, ਰਣਜੀਤ ਨਗਰ, ਵਿਕਾਸ ਨਗਰ ਤੇ ਦੀਪ ਨਗਰ ਅਤੇ ਬਾਬੂ ਸਿੰਘ ਕਲੋਨੀ, ਅਬਲੋਵਾਲ ਪੁਲੀ ਆਦਿ ਥਾਵਾਂ ‘ਤੇ ਡਰੇਨ ਦਾ ਦੌਰਾ ਕਰਕੇ ਚੱਲ ਰਹੇ ਕੰਮ ਦੀ ਗੁਣਵੱਤਾ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਇਸ ਕੰਮ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਪਾਬੰਦ ਹੈ, ਇਸ ਲਈ ਕੰਮ ‘ਚ ਤੇਜੀ ਦੇ ਨਾਲ-ਨਾਲ ਇਸਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।

ਸਾਕਸ਼ੀ ਸਾਹਨੀ ਨੇ ਕਿਹਾ ਕਿ ਇਹ ਡਰੇਨ ਸਰਹਿੰਦ ਰੋਡ ‘ਤੇ ਪਿੰਡ ਹਸਨਪੁਰ ਦੇ ਨੇੜੇ ਤੋਂ ਸੁਰੂ ਹੋ ਕੇ ਪਟਿਆਲਾ ਸ਼ਹਿਰ ‘ਚੋ ਗੁਜਰਦੇ ਹੋਏ ਪਿੰਡ ਮੈਣ ਨੇੜੇ ਜੈਕਬ ਡਰੇਨ ਵਿੱਚ ਪੈਂਦੀ ਹੈ ਅਤੇ ਇਸ ਨੂੰ ਲਗਪਗ 10 ਕਿਲੋਮੀਟਰ ਤੱਕ ਕਵਰ ਕਰਕੇ ਇਸ ਨਾਲ ਲਗਦੀ ਸੜਕ ਨੂੰ ਚੌੜਾ ਕੀਤਾ ਜਾ ਰਿਹਾ ਹੈ, ਜਿਸ ਨਾਲ ਸਰਹਿੰਦ ਰੋਡ ਅਤੇ ਭਾਦਸੋਂ ਰੋਡ ਤੋਂ ਅੱਗੇ ਜਾ ਕੇ ਨਾਭਾ ਰੋਡ ਸੜਕ ਨੂੰ ਜੋੜਕੇ ਇਕ ਬਾਈਪਾਸ ਦੀ ਤਰ੍ਹਾਂ ਵਿਕਸਤ ਹੋਵੇਗਾ, ਇਸ ਨਾਲ ਆਵਾਜਾਈ ਦੀ ਸਮੱਸਿਆ ਤੋਂ ਵੱਡੀ ਨਿਜਾਤ ਮਿਲੇਗੀ। ਇਸ ਮੌਕੇ ਜਲ ਨਿਕਾਸ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਰਮਨਦੀਪ ਸਿੰਘ ਬੈਂਸ, ਬਿਜਲੀ ਨਿਗਮ ਦੇ ਐਕਸੀਐਨ ਜਤਿੰਦਰ ਗਰਗ ਸਮੇਤ ਸੀਵਰੇਜ਼ ਬੋਰਡ ਤੇ ਪੀਡੀਏ ਦੇ ਅਧਿਕਾਰੀ ਵੀ ਮੌਜੂਦ ਸਨ।

LEAVE A REPLY

Please enter your comment!
Please enter your name here