10 ਲੱਖ ਦੀ ਫਿਰੌਤੀ ਦੀ ਮੰਗ ਕਰਨ ਵਾਲੇ ਅੰਤਰਰਾਜ਼ੀ ਗਿਰੋਹ ਦਾ ਪਰਦਾਫਾਸ਼, ਗਿਰੋਹ ਦਾ 1 ਮੈਂਬਰ ਕਾਬੂ 3 ਹੋਰ ਨਾਮਜ਼ਦ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਸੁਲਤਾਨਪੁਰ ਲੋਧੀ ਪੁਲਿਸ ਵੱਲੋਂ ਫਾਇਨਾਂਸਰ ਪਾਸੋਂ 10 ਲੱਖ ਦੀ ਫਿਰੌਤੀ ਦੀ ਮੰਗ ਕਰਨ ਵਾਲੇ ਇਕ ਅੰਤਰਰਾਜ਼ੀ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਇਕ ਅਰੋਪੀ ਨੂੰ ਕਾਬੂ ਕਰਦੇ ਹੋਏ 4 ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ. ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਬੀਤੇ ਦਿਨੀਂ ਸੁਲਤਾਨਪੁਰ ਲੋਧੀ ਵਿਖੇ ਇਕ ਫਾਇਨਾਂਸਰ ਨੂੰ 2 ਵਿਦੇਸ਼ੀ ਨੰਬਰਾਂ ਤੋਂ ਨਾਮਾਲੁਮ ਵਿਅਕਤੀਆਂ ਵੱਲੋਂ ਫੋਨ ਕਰਕੇ ਧਮਕੀਆਂ ਦਿੱਤੀਆਂ ਗਈਆਂ ਕਿ ਉਹ 10 ਲੱਖ ਰੁਪਏ ਫਿਰੋਤੀ ਉਨ੍ਹਾਂ ਨੂੰ ਦੇਵੇ ਨਹੀਂ ਤਾਂ ਉਸਨੂੰ ਗੋਲੀਆਂ ਮਾਰ ਦੇਣਗੇ। ਕਾਲ ਕਰਨ ਵਾਲੇ ਵਿਅਕਤੀਆਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਸਾਰਾ ਪਤਾ ਹੈ ਕਿ ਉਸਦੇ ਬੱਚੇ ਕਿੱਥੇ ਪੜ੍ਹਦੇ ਹਨ ਅਤੇ ਕਦੋਂ ਘਰੋਂ ਬਾਹਰ ਨਿਕਲਦੇ ਹਨ। ਉਨ੍ਹਾਂ ਨੇ ਆਪਣੇ ਆਪ ਨੂੰ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਦੇ ਸਾਥੀ ਦੱਸਿਆ ਅਤੇ ਕਿਹਾ ਕਿ ਪਿਛਲੇ ਦਿਨੀਂ ਨਕੋਦਰ ਵਿਚ ਜੋ ਉਦਯੋਗਪਤੀ ਦਾ ਕਤਲ ਕੀਤਾ ਗਿਆ ਸੀ ਉਹ ਕੰਮ ਵੀ ਉਨ੍ਹਾਂ ਨੇ ਕੀਤਾ ਸੀ, ਜਿਸ ਤੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਵੱਲੋਂ ਫਾਇਨਾਂਸਰ ਜਸਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਅਦਾਲਤਚੱਕ ਥਾਣਾ ਸੁਲਤਾਨਪੁਰ ਲੋਧੀ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਦੇ ਹੋਏ ਧਮਕੀਆਂ ਦੇਣ ਵਾਲੇ ਵਟਸਐਪ ਨੰਬਰਾਂ ਬਾਰੇ ਟੈਕਨੀਕਲ ਸੈੱਲ ਦੀ ਮਦਦ ਨਾਲ ਡਾਟਾ ਹਾਸਿਲ ਕੀਤਾ ਗਿਆ।

Advertisements

ਜੋ ਇਹ ਨੰਬਰ ਵਿਦੇਸ਼ ਇਟਲੀ ਵਿਖੇ ਚੱਲਦੇ ਪਾਏ ਗਏ, ਜਿਸ ਤੇ ਟੈਕਨੀਕਲ ਐਕਸਪਰਟ ਦੀ ਮਦਦ ਹਾਸਿਲ ਕਰਕੇ ਇਨ੍ਹਾਂ ਵਟਸਐਪ ਨੰਬਰਾਂ ਦਾ ਕਾਲ ਡਾਟਾ ਹਾਸਿਲ ਕੀਤਾ ਗਿਆ, ਜਿਸ ਤੋਂ ਪੰਜਾਬ ਦੇ ਨੰਬਰਾਂ ’ਤੇ ਹੋਈਆਂ ਕਾਲਾਂ ਬਾਰੇ ਪਤਾ ਲੱਗਾ ਜਿਸ ਤੇ ਇਕ ਅਰੋਪੀ ਬਲਵਿੰਦਰ ਸਿੰਘ ਉਰਫ ਬਿੱਲਾ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਜੱਬੋਵਾਲ ਥਾਣਾ ਸੁਲਤਾਨਪੁਰ ਲੋਧੀ ਨੂੰ ਉਕਤ ਮਾਮਲੇ ਵਿਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ, ਜਿਸ ਨੇ ਪੁੱਛਗਿਛ ਦੌਰਾਨ ਦੱਸਿਆ ਕਿ ਉਸਨੇ ਆਪਣੇ ਵਿਦੇਸ਼ ਇਟਲੀ ਵਿਚ ਰਹਿੰਦੇ ਦੋ ਸਾਥੀਆਂ ਮਾਸਟਰ ਮਾਈਂਡ ਜਸਬੀਰ ਸਿੰਘ ਉਰਫ ਜੱਸਾ ਪੁੱਤਰ ਲਖਵੀਰ ਸਿੰਘ ਵਾਸੀ ਪਿੰਡ ਗਿੱਲਾਂ ਥਾਣਾ ਸਦਰ ਨਕੋਦਰ, ਜ਼ਿਲ੍ਹਾ ਜਲੰਧਰ ਨਾਲ ਮਿਲ ਕੇ ਜਸਵਿੰਦਰ ਸਿੰਘ ਫਾਇਨਾਂਸਰ ਪਾਸੋਂ 10 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ ਜਿਸ ਵਿਚ ਉਸਦੇ ਵਿਦੇਸ਼ ਇਟਲੀ ਵਿਚ ਰਹਿੰਦੇ 2 ਹੋਰ ਸਾਥੀ ਸੂਰਜ ਸ਼ਰਮਾ ਉਰਫ ਭਾਲੂ ਪੁੱਤਰ ਮਨਦੀਪ ਸਿੰਘ ਵਾਸੀ ਜਵਾਲਾ ਸਿੰਘ ਨਗਰ ਥਾਣਾ ਸੁਲਤਾਨਪੁਰ ਲੋਧੀ ਅਤੇ ਹਰਜੀਤ ਸਿੰਘ ਉਰਫ ਭੰਡਾਲ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਚਿੱਟੀ ਥਾਣਾ ਲਾਂਬੜਾ ਜ਼ਿਲ੍ਹਾ ਜਲੰਧਰ ਨੂੰ ਉਕਤ ਮਾਮਲੇ ਵਿਚ ਨਾਮਜ਼ਦ ਕਰਕੇ ਤਫਤੀਜ਼ ਅਮਲ ਵਿਚ ਲਿਆਂਦੀ ਗਈ। ਐਸ.ਐਸ.ਪੀ. ਬੈਂਸ ਨੇ ਦੱਸਿਆ ਕਿ ਉਕਤ ਅਰੋਪੀਆਂ ’ਤੇ ਪਹਿਲਾਂ ਵੀ ਕਈ ਲੁੱਟ ਖੋਹ ਅਤੇ ਇਰਾਦਾ ਕਤਲ ਦੇ ਮਾਮਲੇ ਦਰਜ ਹਨ, ਜਿੰਨਾਂ ਦੀ ਗ੍ਰਿਫ਼ਤਾਰੀ ਲਈ ਰੈੱਡ ਕਾਰਨਰ ਜਾਰੀ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ ਰਹਿੰਦੇ 2 ਅਰੋਪੀਆਂ ਸੂਰਜ ਸ਼ਰਮਾ ਅਤੇ ਹਰਜੀਤ ਸਿੰਘ ਖਿਲਾਫ਼ ਵੀ ਰੈੱਡ ਕਾਰਨਰ ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ। ਇਸ ਮੌਕੇ ’ਤੇ ਐਸ.ਪੀ. ਤਫ਼ਤੀਸ਼ ਹਰਵਿੰਦਰ ਸਿੰਘ ਡੱਲੀ, ਡੀ.ਐਸ.ਪੀ. ਸੁਲਤਾਨਪੁਰ ਲੋਧੀ ਸੁਖਵਿੰਦਰ ਸਿੰਘ, ਇੰਚਾਰਜ ਸੀ.ਆਈ.ਏ. ਸਟਾਫ਼ ਜਰਨੈਲ ਸਿੰਘ, ਐਸ.ਐਚ.ਓ. ਸੁਲਤਾਨਪੁਰ ਲੋਧੀ ਜਸਪਾਲ ਸਿੰਘ ਵੀ ਮੌਜੂਦ ਸਨ।

(ਬਾਕਸ)

ਅਰੋਪੀਆਂ ਦੇ ਖਿਲਾਫ਼ ਪਹਿਲਾਂ ਦਰਜ ਹੋਏ ਮਾਮਲੇ : ਐਸ.ਐਸ.ਪੀ. ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਅਰੋਪੀ ਬਲਵਿੰਦਰ ਸਿੰਘ ਬਿੱਲਾ ਦੇ ਖਿਲਾਫ਼ ਥਾਣਾ ਲੋਹੀਆਂ ਜ਼ਿਲ੍ਹਾ ਜਲੰਧਰ, ਥਾਣਾ ਤਲਵੰਡੀ ਚੌਧਰੀਆਂ, ਥਾਣਾ ਸੁਲਤਾਨਪੁਰ ਲੋਧੀ, ਜ਼ਿਲ੍ਹਾ ਕਪੂਰਥਲਾ ਵਿਚ ਤਿੰਨ ਮੁਕੱਦਮੇ ਦਰਜ ਹਨ। ਇਸੇ ਤਰ੍ਹਾਂ ਹੀ ਸੂਰਜ ਸ਼ਰਮਾ ਉਰਫ ਭਾਲੂ ਦੇ ਖਿਲਾਫ਼ ਪਹਿਲਾਂ ਹੀ 4 ਮਾਮਲੇ ਦਰਜ ਹਨ ਜਿੰਨ੍ਹਾਂ ਵਿਚ ਥਾਣਾ ਲੋਹੀਆਂ, ਜ਼ਿਲ੍ਹਾ ਜਲੰਧਰ ਵਿਚ 3 ਮੁਕੱਦਮੇ ਦਰਜ ਹਨ ਅਤੇ 1 ਮੁਕੱਦਮਾ ਥਾਣਾ ਸੁਲਤਾਨਪੁਰ ਲੋਧੀ ਵਿਚ ਦਰਜ ਹੈ। ਇਸੇ ਤਰ੍ਹਾਂ ਹੀ ਅਰੋਪੀ ਹਰਜੀਤ ਸਿੰਘ ਉਰਫ ਭੰਡਾਲ ਦੇ ਖਿਲਾਫ਼ 3 ਮਾਮਲੇ ਦਰਜ ਹਨ, ਜਿੰਨ੍ਹਾਂ ਵਿਚ ਥਾਣਾ ਲਾਂਬੜਾ ਜ਼ਿਲ੍ਹਾ ਜਲੰਧਰ ਵਿਚ 2, ਥਾਣਾ ਸਦਰ ਨਕੋਦਰ ਜ਼ਿਲ੍ਹਾ ਜਲੰਧਰ ਵਿਚ 1 ਮੁਕੱਦਮਾ ਦਰਜ ਹੈ। ਇਸੇ ਤਰ੍ਹਾਂ ਹੀ ਅਰੋਪੀ ਜਸਬੀਰ ਸਿੰਘ ਉਰਫ ਜੱਸਾ ਦੇ ਖਿਲਾਫ਼ ਥਾਣਾ ਪਤਾਰਾ ਜ਼ਿਲ੍ਹਾ ਜਲੰਧਰ ਵਿਚ ਪਹਿਲਾਂ ਹੀ 1 ਮੁਕੱਦਮਾ ਦਰਜ ਹੈ ।

LEAVE A REPLY

Please enter your comment!
Please enter your name here