ਭਾਸ਼ਾ ਵਿਭਾਗ ਨੇ ਮਨਾਇਆ ਕੌਂਮਾਂਤਰੀ ਮਾਂ ਬੋਲੀ ਦਿਹਾੜਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਪੰਜਾਬ ਸਰਕਾਰ, ਸਕੱਤਰ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ, ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਦੀ ਅਗਵਾਈ ਵਿੱਚ ਕੌਂਮਾਂਤਰੀ ਮਾਂ ਬੋਲੀ ਦਿਹਾੜਾ ਡੀ.ਏ.ਵੀ. ਕਾਲਜ ਆਫ ਐਜੂਕੇਸ਼ਨ, ਹੁਸ਼ਿਆਰਪੁਰ ਵਿੱਚ ਬੜੇ ਭਾਵਪੂਰਤ ਢੰਗ ਨਾਲ ਮਨਾਇਆ ਗਿਆ। ਸਮਾਗਮ ਦੀ ਪ੍ਰਧਾਨਗੀ  ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਹੁਸ਼ਿਆਰਪੁਰ ਕਰਮਜੀਤ ਕੌਰ ਨੇ ਕੀਤੀ।

Advertisements

ਜੀ ਆਇਆਂ ਸ਼ਬਦ ਪ੍ਰਿੰਸੀਪਲ ਡਾ. ਵਿਧੀ ਭੱਲਾ ਮੈਡਮ ਨੇ ਆਖੇ। ਮੁਖ ਬੁਲਾਰੇ ਵਜੋਂ ਦੀਪਕ ਬਾਲੀ ਸਲਾਹਕਾਰ ਕਲਾ, ਸਭਿਆਚਾਰ ਅਤੇ ਭਾਸ਼ਾਵਾਂ ਦਿੱਲੀ ਸਰਕਾਰ ਨੇ ਆਖਿਆ ਕਿ ਮਾਂ ਬੋਲੀ ਦੀਆਂ ਜੜ੍ਹਾਂ ਸਾਡੀ ਵਿਰਾਸਤ ਨਾਲ ਜੁੜੀਆਂ ਹੋਈਆਂ ਹਨ। ਇਸਦੇ ਸਤਿਕਾਰ ਵਿੱਚ ਹੀ ਸਾਡਾ ਸਤਿਕਾਰ ਹੈ। ਦੂਸਰੇ ਬੁਲਾਰੇ ਡਾ. ਸ਼ਮਸ਼ੇਰ ਮੋਹੀ ਨੇ ਪੰਜਾਬੀ ਭਾਸ਼ਾ ਦੇ ਨਿਕਾਸ ਅਤੇ ਵਿਕਾਸ ਬਾਰੇ ਗੱਲ ਕਰਦਿਆਂ ਪੰਜਾਬੀ ਭਾਸ਼ਾ ਦੇ ਪਿਛੋਕੜ ਬਾਰੇ ਵਿਸਤਾਰ ਨਾਲ ਗੱਲ ਕਰਦਿਆਂ ਕਿਹਾ ਕਿ ਸੰਸਾਰ ਭਰ ਦੀਆਂ ਸੱਤ ਹਜ਼ਾਰ ਜ਼ੁਬਾਨਾਂ ਵਿੱਚੋਂ ਪੰਜਾਬੀ ਭਾਸ਼ਾ ਦਾ ਦਸਵਾਂ ਸਥਾਨ ਹੈ। ਸਾਨੂੰ ਆਪਣੀ ਮਾਨਸਿਕਤਾ ਅਜਿਹੀ ਬਣਾਉਣੀ ਚਾਹੀਦੀ ਹੈ ਕਿ ਅਸੀਂ ਪੰਜਾਬੀ ਬੋਲਣ, ਪੜ੍ਹਨ ਅਤੇ ਲਿਖਣ ਵਿੱਚ ਮਾਣ ਮਹਿਸੂਸ ਕਰੀਏ।

ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਕਰਮਜੀਤ ਕੌਰ ਨੇ ਪੰਜਾਬੀ ਭਾਸ਼ਾ ਲਈ ਸਰਕਾਰ ਵਲੋਂ ਕੀਤੇ ਜਾ ਰਹੇ ਤਰੱਦਦ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਸਾਡੀ ਸਾਰਿਆਂ ਦੀ ਨੈਤਿਕ ਜਿੰਮੇਵਾਰੀ ਬਣਦੀ ਹੈ ਕਿ ਅਸੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ। ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਨੇ ਪੰਜਾਬੀ ਬੋਲੀ ਦੇ ਵਿਕਾਸ ਵਿੱਚ ਸਰਕਾਰ ਵਲੋਂ ਨਵੀਆਂ ਗਤੀਵਿਧੀਆਂ ਸ਼ੁਰੂ ਕਰਨ ਦੀਆਂ ਚੀਜ਼ਾਂ ਵੀ ਸਾਂਝੀਆਂ ਕੀਤੀਆਂ। ਭਾਸ਼ਾ ਵਿਭਾਗ ਵਲੋਂ ਬੀ.ਐੱਡ. ਦੇ ਵਿਦਿਆਰਥੀਆਂ ਦੇ ਕਰਵਾਏ ਲੇਖ ਲਿਖਣ ਅਤੇ ਨਾਅਰੇ ਲਿਖਣ ਦੇ ਮੁਕਾਬਲਿਆਂ ਵਿੱਚ ਜੇਤੂਆਂ ਨੂੰ ਪ੍ਰਮਾਣ ਪੱਤਰ, ਕਿਤਾਬਾਂ ਦੇ ਸੈੱਟ ਅਤੇ ਮੋਮੈਂਟੋ ਨਾਲ ਸਨਮਾਨਿਤ ਕੀਤਾ।

  ਇਸ ਮੌਕੇ ਭਾਸ਼ਾ ਵਿਭਾਗ ਤੋਂ ਖੋਜ ਅਫ਼ਸਰ ਡਾ. ਜਸਵੰਤ ਰਾਏ ਨੇ ਭਾਸ਼ਾ ਵਿਭਾਗ ਵਲੋਂ ਮਾਂ ਬੋਲੀ ਅਤੇ ਪੰਜਾਬੀ ਸਭਿਆਚਾਰ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਹਾਜ਼ਰੀਨ ਨਾਲ ਤੁਆਰਫ਼ ਕਰਵਾਇਆ।ਭਾਸ਼ਾ ਵਿਭਾਗ ਵਲੋਂ ਆਏ ਹੋਏ ਮਹਿਮਾਨਾਂ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਹੁਸ਼ਿਆਰਪੁਰ ਕਰਮਜੀਤ ਕੌਰ, ਡਾ. ਵਿਧੀ ਭੱਲਾ, ਡਾ. ਸ਼ਾਮ ਸੁੰਦਰ ਸ਼ਰਮਾ,  ਦੀਪਕ ਬਾਲੀ, ਡਾ. ਸ਼ਮਸ਼ੇਰ ਮੋਹੀ ਆਦਿ ਬੁਲਾਰਿਆਂ, ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਕਿਤਾਬਾਂ, ਸਨਮਾਨ ਚਿੰਨ੍ਹ, ਸ਼ਾਲਾਂ-ਲੋਈਆਂ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ।ਭਾਸ਼ਾ ਵਿਭਾਗ ਵਲੋਂ ਇਸ ਮੌਕੇ ਜੁਗਲ ਕਿਸ਼ੋਰ ਵਲੋਂ ਲਗਵਾਈ ਪੁਸਤਕ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਰਹੀ।ਸਮਾਗਮ ਦੇ ਆਖਰੀ ਪਲਾਂ ਵਿੱਚ ਕਾਲਜ ਦੇ ਵਿਦਿਆਰਥੀਆਂ ਵਲੋਂ ਡਾ. ਸਾਹਿਬ ਸਿੰਘ ਦਾ ਲਿਖਿਆ ਅਤੇ ਡਾ. ਹਰਪ੍ਰੀਤ ਸਿੰਘ ਵਲੋਂ ਨਿਰਦੇਸ਼ਤ ਕੀਤਾ ਗਿਆ ਨਾਟਕ ‘ਮਾਂ ਬੋਲੀ ਪੰਜਾਬੀ’ ਸਮਾਗਮ ਨੂੰ ਚਰਮ ਸੀਮਾ ਤੱਕ ਲੈ ਗਿਆ ਜਿਸਦਾ ਦਰਸ਼ਕਾਂ ਨੇ ਭਰਪੂਰ ਅਨੰਦ ਮਾਣਿਆ। ਰਾਸ਼ਟਰੀ ਗਾਣ ਨਾਲ ਸਮਾਗਮ ਦੀ ਸਮਾਪਤੀ ਹੋਈ। ਸਟੇਜ ਸਕੱਤਰ ਦੀ ਭੂਮਿਕਾ ਡਾ. ਜਸਵੰਤ ਰਾਏ ਨੇ ਨਿਭਾਈ। ਇਸ ਮੌਕੇ ਪ੍ਰੋ. ਜਸਵਿੰਦਰ ਕੌਰ, ਪਵਨ ਕੁਮਾਰ, ਡਾ. ਹਰਵਿੰਦਰ ਕੌਰ,  ਸੁਰਿੰਦਰ ਕੁਮਾਰ, ਪੁਸ਼ਪਾ ਰਾਣੀ, ਕਾਲਜ ਦੇ ਵਿਦਿਆਰਥੀ ਅਤੇ ਅਧਿਆਪਕ ਹਾਜ਼ਰ ਸਨ।

LEAVE A REPLY

Please enter your comment!
Please enter your name here