ਭਾਸ਼ਾ ਵਿਭਾਗ ਹੁਸ਼ਿਆਰਪੁਰ ਨੇ ਦੱਸੇ ਵਿਦਿਆਰਥੀਆਂ ਨੂੰ ਕਵਿਤਾ ਲਿਖਣ ਦੇ ਨੁਕਤੇ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਜਸਪ੍ਰੀਤ ਤਲਵਾੜ ਅਤੇ ਸੰਯੁਕਤ ਡਾਇਰੈਕਟਰ ਭਾਸ਼ਾ ਵਿਭਾਗ ਪਟਿਆਲਾ ਡਾ. ਵੀਰਪਾਲ ਕੌਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਡਾ. ਜਸਵੰਤ ਰਾਏ ਖੋਜ ਅਫ਼ਸਰ ਭਾਸ਼ਾ ਵਿਭਾਗ ਹੁਸ਼ਿਆਰਪੁਰ ਦੀ ਅਗਵਾਈ ਵਿੱਚ ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਵਿਖੇ ਕਵਿਤਾ ਵਰਕਸ਼ਾਪ ਲਗਾਈ ਗਈ।ਇਸ ਵਰਕਸ਼ਾਪ ਵਿੱਚ ਮੁੱਖ ਬੁਲਾਰੇ ਦੇ ਤੌਰ ’ਤੇ ਨਾਮਵਰ ਕਵੀ ਮਦਨ ਵੀਰਾ ਪਹੁੰਚੇ ਆਏ ਹੋਏ ਮਹਿਮਾਨਾਂ ਲਈ ਜੀ ਆਇਆਂ ਸ਼ਬਦ ਪ੍ਰਿੰਸੀਪਲ ਪ੍ਰੋ. ਪ੍ਰਸ਼ਾਂਤ ਸੇਠੀ ਨੇ ਆਖਦਿਆਂ ਕਿਹਾ ਕਿ ਸਾਹਿਤ ਭਾਵੇਂ ਜਿਹੜੀ ਮਰਜ਼ੀ ਜ਼ੁਬਾਨ ਵਿੱਚ ਲਿਖਿਆ ਜਾ ਰਿਹਾ ਹੋਵੇ ਇਹ ਮਾਨਵੀ ਮਨ ਦੀ ਤਰਜ਼ਮਾਨੀ ਕਰਦਾ ਹੈ। ਡਾ. ਜਸਵੰਤ ਰਾਏ ਨੇ ਭਾਸ਼ਾ ਵਿਭਾਗ ਵਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਮਦਨ ਵੀਰਾ ਦੀ ਸ਼ਖ਼ਸੀਅਤ ਅਤੇ ਕਾਵਿ ਕਲਾ ਬਾਰੇ ਭਾਵਪੂਰਤ ਗੱਲਾਂ ਕੀਤੀਆਂ।ਉਨ੍ਹਾਂ ਕਿਹਾ ਕਿ ਪੰਜ ਕਾਵਿ ਪੁਸਤਕਾਂ ਦਾ ਰਚਾਇਤਾ ਮਦਨ ਵੀਰਾ ਪੰਜਾਬੀ ਕਵਿਤਾ ਦਾ ਵੱਡਾ ਨਾਂ ਹੈ। ਦੂਜੀਆਂ ਭਾਸ਼ਾਵਾਂ ਵਿੱਚ ਅਨੁਵਾਦ ਹੋ ਕੇ ਉਸ ਨੇ ਆਪਣੇ ਪਾਠਕਾਂ ਦੇ ਘੇਰੇ ਨੂੰ ਹੋਰ ਮੋਕਲਾ ਕੀਤਾ ਹੈ।ਉਸ ਦੀ ਕਵਿਤਾ ਹਾਸ਼ੀਆਗਤ ਲੋਕਾਂ ਦੀ ਵੇਦਨਾ ਤੇ ਸੰਵੇਦਨਾ ਨੂੰ ਬੜੀ ਸ਼ਿੱਦਤ ਨਾਲ ਬਿਆਨਦੀ ਹੈ।

Advertisements

ਵਿਦਿਆਰਥੀਆਂ ਨਾਲ ਭਰੇ ਹੋਏ ਹਾਲ ਨੂੰ ਸੰਬੋਧਨ ਕਰਦਿਆਂ ਮਦਨ ਵੀਰਾ ਨੇ ਕਿਹਾ ਕਿ ਕਵਿਤਾ ਜਨਮ ਤੋਂ ਹੀ ਸਾਡੇ ਅੰਗ-ਸੰਗ ਪਈ ਹੁੰਦੀ ਹੈ।ਮਨੁੱਖੀ ਜੀਵਨ ਵਿੱਚ ਲੋਰੀ ਤੋਂ ਅਲਾਹੁਣੀ ਤੱਕ ਗੀਤ-ਸੰਗੀਤ ਦੇ ਰੂਪ ਵਿੱਚ ਇਹ ਹਾਜ਼ਰ ਰਹਿੰਦੀ ਹੈ।ਲੋਕ ਸਾਹਿਤ ਦਾ ਤਰੰਨੁਮ ਰੂਪ ਇਸ ਨੂੰ ਸੁਆਰਦਾ ਤੇ ਸ਼ਿੰਗਾਰਦਾ ਜਾਂਦਾ ਹੈ। ਕਵਿਤਾ ਨੂੰ ਅੰਦਰਲੇ ਸੁਹਜ ਦਾ ਪ੍ਰਗਟਾਅ ਦੱਸਦਿਆਂ ਮਦਨ ਵੀਰਾ ਨੇ ਕਾਵਿ ਉਦਾਹਰਣਾਂ ਦਿੰਦਿਆਂ ਦੱਸਿਆ ਕਿ ਸ਼ਿਵ ਕੁਮਾਰ ਬਟਾਲਵੀ, ਪ੍ਰੋ. ਮੋਹਨ ਸਿੰਘ ਅਤੇ ਭੂਸ਼ਨ ਧਿਆਨ ਪੁਰੀ ਨੂੰ ਕਵਿਤਾ ਮੌਕੇ ’ਤੇ ਕਿੰਝ ਆਹੁੜੀ।ਕਾਵਿ ਤੱਤਾਂ ਅਤੇ ਖਿਆਲ ਨੂੰ ਕਵਿਤਾ ਵਿੱਚ ਪਰੋਣ ਦੇ ਕਈ ਨੁਕਤੇ ਉਨ੍ਹਾਂ ਸਾਂਝੇ ਕੀਤੇ।

ਇਸ ਮੌਕੇ ਭਾਸ਼ਾ ਵਿਭਾਗ ਵਲੋਂ ਮੁੱਖ ਬੁਲਾਰੇ ਮਦਨ ਵੀਰਾ, ਪ੍ਰਿੰਸੀਪਲ ਪ੍ਰੋ. ਪ੍ਰਸ਼ਾਂਤ ਸੇਠੀ, ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਚਰਨ ਸਿੰਘ ਹੁਰਾਂ ਦਾ ਭਾਸ਼ਾ ਵਿਭਾਗ ਦੀਆਂ ਪ੍ਰਕਾਸ਼ਨਾਵਾਂ, ਲੋਈਆਂ ਅਤੇ ਯਾਦਗਾਰੀ ਚਿੰਨ੍ਹਾਂ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ।ਭਾਸ਼ਾ ਮੰਚ ਦੀਆਂ ਸਾਹਿਤਕ ਗਤੀਵਿਧੀਆ ਨਾਲ ਜੁੜੇ ਵਿਦਿਆਰਥੀ ਵੀ ਸਨਮਾਨੇ ਗਏ।ਸਮਾਗਮ ਦੌਰਾਨ ਸਟੇਜ ਦੀ ਕਾਰਵਾਈ ਡਾ. ਗੁਰਚਰਨ ਸਿੰਘ ਨੇ ਬਾਖ਼ੂਬੀ ਨਿਭਾਉਂਦਿਆਂ ਧੰਨਵਾਦੀ ਸ਼ਬਦ ਵੀ ਆਖੇ।ਇਸ ਮੌਕੇ ਡਾ. ਵਿਪਨ ਕੁਮਾਰ, ਡਾ. ਪਲਵਿੰਦਰ ਕੌਰ, ਮੈਡਮ ਰਾਜਵਿੰਦਰ ਕੌਰ, ਗੁਰਪ੍ਰੀਤ ਕੌਰ, ਅਲੀਸ਼ਾ, ਕ੍ਰਿਸ਼ਮਾ, ਰਿੰਪੀ, ਮਨੀ, ਗੁਰਪ੍ਰੀਤ ਸਿੰਘ, ਅਨਿਰੁਧ, ਇੰਦਰਦੀਪ ਕੌਰ, ਪਵਨ ਕੁਮਾਰ ਅਤੇ ਕਾਲਜ ਵਿਦਿਆਰਥੀ ਹਾਜ਼ਰ ਸਨ।  

LEAVE A REPLY

Please enter your comment!
Please enter your name here