ਡਿਪਟੀ ਕਮਿਸ਼ਨਰ ਵੱਲੋਂ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦਾ ਜਾਇਜ਼ਾ

ਪਟਿਆਲਾ, (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪਟਿਆਲਾ ਜ਼ਿਲ੍ਹੇ ਅੰਦਰ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਸਕੀਮ ਤਹਿਤ ਆਪਣਾ ਸਮਾਰਟ ਕਾਰਡ ਬਣਵਾਉਣ ਤੋਂ ਵਾਂਝੇ ਰਹਿ ਗਏ ਲਾਭਪਾਤਰੀਆਂ ਦੇ ਕਾਰਡ ਬਣਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਸਾਕਸ਼ੀ ਸਾਹਨੀ ਨੇ ਰਾਸ਼ਨ ਕਾਰਡ ਧਾਰਕਾਂ, ਜੇ ਫਾਰਮ ਧਾਰਕ ਕਿਸਾਨਾਂ, ਕਿਰਤੀਆਂ, ਛੋਟੇ ਵਪਾਰੀਆਂ, ਪੀਲਾ ਤੇ ਐਕਰੀਡੇਸ਼ਨ ਕਾਰਡ ਧਾਰਕ ਪੱਤਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਅਤੇ ਆਪਣੇ ਪਰਿਵਾਰਕ ਜੀਆਂ ਦੇ ਸਮਾਰਟ ਕਾਰਡ ਜਰੂਰ ਬਣਵਾਉਣ ਤਾਂ ਕਿ ਉਹ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਉਨ੍ਹਾਂ ਨੂੰ ਪ੍ਰਦਾਨ ਕੀਤੀ ਜਾ ਰਹੀ 5 ਲੱਖ ਰੁਪਏ ਤੱਕ ਦੇ ਇਲਾਜ ਲਈ ਮੁਫ਼ਤ ਸਿਹਤ ਬੀਮਾ ਯੋਜਨਾ ਦਾ ਲਾਭ ਪ੍ਰਾਪਤ ਕਰ ਸਕਣ।

Advertisements

ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਇਸ ਯੋਜਨਾ ਤਹਿਤ ਸਮਾਰਟ ਕਾਰਡ ਬਣਵਾਉਣ ਤੋਂ ਵਾਂਝੇ ਰਹਿ ਗਏ ਲਾਭਪਾਤਰੀਆਂ ਦੇ ਸਮਾਰਟ ਕਾਰਡ ਬਣਾਉਣ ਲਈ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਸਾਰੇ ਲਾਭਪਾਤਰੀਆਂ ਤੇ ਉਨ੍ਹਾਂ ਦੇ ਉਪਰ ਨਿਰਭਰ ਪਰਿਵਾਰ ਮੈਂਬਰਾਂ ਦੇ ਇਹ ਕਾਰਡ ਜਰੂਰ ਬਣਾਏ ਜਾਣੇ ਯਕੀਨੀ ਬਣਾਏ ਜਾਣ। ਉਨ੍ਹਾਂ ਕਿਹਾ ਕਿ ਜਿੱਥੇ ਕਿਤੇ ਲਾਭਪਾਤਰੀ ਕਾਰਡ ਨਹੀਂ ਬਣਵਾ ਸਕੇ, ਪਿੰਡਾਂ, ਸ਼ਹਿਰਾਂ ਆਦਿ ਵਿਖੇ ਉਨ੍ਹਾਂ ਦੇ ਕਾਰਡ ਬਣਾਉਣ ਲਈ ਵਿਸ਼ੇਸ਼ ਕੈਂਪ ਲਗਾਏ ਜਾਣ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 1 ਜੁਲਾਈ ਤੋਂ ਪੂਰਾ ਮਹੀਨਾ ਇੱਕ ਵਿਸ਼ੇਸ਼ ਵੈਨ ਵੀ ਇਹ ਕਾਰਡ ਬਣਵਾਉਣ ਲਈ ਜ਼ਿਲ੍ਹੇ ਅੰਦਰ ਚਲਾਈ ਜਾਵੇਗੀ ਤਾਂ ਕਿ ਆਯੂਸ਼ਮਾਨ ਕਾਰਡ ਬਣਵਾਉਣ ਤੋਂ ਵਾਂਝੇ ਲਾਭਪਾਤਰੀਆਂ ਦੇ ਕਾਰਡ ਬਣਾਏ ਜਾ ਸਕਣ, ਇਸ ਲਈ ਸਾਰੇ ਸਬੰਧਤ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰਨਾ ਵੀ ਯਕੀਨੀ ਬਣਾਉਣਗੇ। ਮੀਟਿੰਗ ਮੌਕੇ ਏ.ਡੀ.ਸੀ. (ਸ਼ਹਿਰੀ ਵਿਕਾਸ) ਗੁਰਪ੍ਰੀਤ ਸਿੰਘ ਥਿੰਦ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਸਵਿੰਦਰ ਸਿੰਘ, ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈਜ਼ ਕੰਟਰੋਲਰ ਡਾ. ਰਵਿੰਦਰ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਬੈਂਸ, ਜ਼ਿਲ੍ਹਾ ਮੰਡੀ ਅਫ਼ਸਰ ਅਜੇਪਾਲ ਸਿੰਘ ਬਰਾੜ, ਸਹਾਇਕ ਕਰ ਕਮਿਸ਼ਨਰ, ਸਹਾਇਕ ਕਿਰਤ ਕਮਿਸ਼ਨਰ,ਏ.ਸੀ.ਐਫ.ਏ ਰਾਕੇਸ਼ ਕੁਮਾਰ, ਕਾਰਜ ਸਾਧਕ ਅਫ਼ਸਰ ਪਰਵਿੰਦਰ ਸਿੰਘ ਭੱਟੀ ਤੇ ਬਰਜਿੰਦਰ ਸਿੰਘ, ਆਯੂਸ਼ਮਾਨ ਸਕੀਮ ਦੇ ਜ਼ਿਲ੍ਹਾ ਕੋ-ਕੋਆਰਡੀਨੇਟਰ ਰਾਹੁਲ ਸੂਦ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

LEAVE A REPLY

Please enter your comment!
Please enter your name here