ਹਰਭਜਨ ਹੁੰਦਲ ਦਾ ਤੁਰ ਜਾਣਾ ਪੰਜਾਬੀ ਸਾਹਿਤ ਜਗਤ ਲਈ ਘਾਟਾ: ਕੰਵਰ ਇਕਬਾਲ/ਸ਼ਹਿਬਾਜ਼

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ । ਪੰਜਾਬੀ ਸਾਹਿਤ ਜਗਤ ਲਈ ਇਹ ਬੜੀ ਦੁੱਖਭਰੀ ਖ਼ਬਰ ਹੈ ਨਾਮਵਰ ਅਤੇ ਬਹੁਪੱਖੀ ਲੇਖਕ ਸ. ਹਰਭਜਨ ਸਿੰਘ ਹੁੰਦਲ ਦਾ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਆਖ ਜਾਣਾ। ਸਿਰਜਣਾ ਕੇਂਦਰ ਕਪੂਰਥਲਾ (ਰਜਿ.) ਦੇ ਪ੍ਰਧਾਨ ਕੰਵਰ ਇਕਬਾਲ ਸਿੰਘ, ਜਨਰਲ ਸਕੱਤਰ ਸ਼ਹਿਬਾਜ਼ ਖ਼ਾਨ, ਪ੍ਰਿੰ. ਕੇਵਲ ਸਿੰਘ ਰੱਤੜਾ, ਅਵਤਾਰ ਸਿੰਘ ਭੰਡਾਲ, ਆਸ਼ੂ ਕੁਮਰਾ, ਮਲਕੀਤ ਸਿੰਘ ਮੀਤ, ਅਵਤਾਰ ਸਿੰਘ ਗਿੱਲ ਅਤੇ ਹੋਰ ਅਹੁਦੇਦਾਰਾਂ ਨੇ ਹੁੰਦਲ ਸਾਹਿਬ ਦੇ ਇਸ ਵਿਛੋੜੇ ਉੱਤੇ ਡੂੰਘਾ ਦੁੱਖ ਜ਼ਾਹਿਰ ਕੀਤਾ ਹੈ। ਹਰਭਜਨ ਸਿੰਘ ਹੁੰਦਲ ਨੇ ਪੰਜਾਬੀ ਸਾਹਿਤ ਨਾਲ ਜੁੜੀਆਂ ਵੱਖ ਵੱਖ ਵਿਧਾਵਾਂ ਵਿੱਚ ਰਚਨਾਵਾਂ ਲਿਖੀਆਂ।

Advertisements

ਉਨ੍ਹਾਂ ਵੱਲੋਂ ਰਚੇ ਸਾਹਿਤ ਵਿੱਚ ਕਵਿਤਾ ਦੀਆਂ ਲਗਭਗ 24, ਵਾਰਤਕ ਦੀਆਂ 23, ਆਲੋਚਨਾ ਦੀਆਂ 8, ਸੰਪਾਦਨਾ ਦੀਆਂ 7, ਕਾਵਿ ਅਨੁਵਾਦ 24, ਵਾਰਤਕ ਅਨੁਵਾਦ 9, ਅੰਗਰੇਜ਼ੀ ਪੁਸਤਕਾਂ 3, ਉਰਦੂ ਪੁਸਤਕਾਂ 2, ਹਿੰਦੀ ਪੁਸਤਕ ਇੱਕ ਸ਼ਾਮਿਲ ਹਨ। ਸਾਲ 1992 ਤੋਂ ਉਹ ਤ੍ਰੈਮਾਸਿਕ ਮੈਗਜ਼ੀਨ “ਚਿਰਾਗ” ਦਾ ਸੰਪਾਦਨ ਵੀ ਕਰਦੇ ਰਹੇ। ਹਰਭਜਨ ਸਿੰਘ ਹੁੰਦਲ ਕਰਮਸ਼ੀਲ ਅਤੇ ਅਣਥੱਕ ਸਾਹਿਤਕਾਰ ਵਜੋਂ ਸਾਹਿਤ ਜਗਤ ਲਈ ਇੱਕ ਪ੍ਰੇਰਨਾ ਸਰੋਤ ਰਹੇ ਨੇ। 

ਸਿਰਜਣਾ ਕੇਂਦਰ (ਰਜਿ.) ਕਪੂਰਥਲਾ ਦੇ ਮੋਢੀ ਮੈਂਬਰ ਅਤੇ ਅਹੁਦੇਦਾਰ ਰਹੇ ਹੁੰਦਲ ਸਾਹਿਬ ਕੇਂਦਰੀ ਪੰਜਾਬੀ ਲੇਖਕ ਸਭਾ ਵਿੱਚ ਵੀ ਲੰਬਾ ਸਮਾਂ ਸਿਰਕੱਢ ਅਹੁਦੇਦਾਰ ਵਜੋਂ ਸੇਵਾਵਾਂ ਨਿਭਾਉਂਦੇ ਰਹੇ ਹਨ। ਜ਼ਿਕਰਯੋਗ ਹੈ ਕਿ 90 ਸਾਲ ਦੀ ਉਮਰ ਤੱਕ ਵੀ ਉਹ ਸਾਹਿਤ ਸਿਰਜਣਾ ਨਾਲ ਜੁੜੇ ਰਹੇ । ਸਿਰਜਣਾ ਕੇਂਦਰ ਕਪੂਰਥਲਾ (ਰਜਿ.) ਦਾ ਸਮੁੱਚਾ ਸਾਹਿਤਕ ਪਰਿਵਾਰ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ। ਪ੍ਰੋ. ਕੁਲਵੰਤ ਸਿੰਘ ਔਜਲਾ, ਡਾ. ਪਰਮਜੀਤ ਸਿੰਘ ਮਾਨਸਾ, ਡਾ. ਆਸਾ ਸਿੰਘ ਘੁੰਮਣ, ਪ੍ਰਿੰ. ਪ੍ਰੋਮਿਲਾ ਅਰੋੜਾ, ਡਾ. ਰਾਮ ਮੂਰਤੀ, ਚੰਨ ਮੋਮੀ, ਸੁਰਜੀਤ ਸਾਜਨ, ਰੂਪ ਦਬੁਰਜੀ, ਰਤਨ ਸਿੰਘ ਸੰਧੂ, ਬਹਾਦਰ ਸਿੰਘ ਬੱਲ, ਰੌਸ਼ਨ ਖੈੜਾ, ਡਾ. ਭੁਪਿੰਦਰ ਕੌਰ ਅਤੇ ਡਾ. ਸੁਰਿੰਦਰ ਪਾਲ ਸਿੰਘ, ਰਮਨ ਕੁਮਾਰ ਭਾਰਦਵਾਜ, ਰਜਨੀ ਵਾਲੀਆ ਆਦਿ ਨੇ ਹਰਭਜਨ ਸਿੰਘ ਹੁੰਦਲ ਦੇ ਵਿਛੋੜੇ ਉੱਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ।

LEAVE A REPLY

Please enter your comment!
Please enter your name here