ਵਿਧਾਇਕ ਗੁਰਦੇਵ ਮਾਨ ਤੇ ਡਿਪਟੀ ਕਮਿਸ਼ਨਰ ਨੇ ਸਰਹਿੰਦ ਚੋਅ ‘ਚ ਪਏ ਪਾੜ ਦਾ ਲਿਆ ਜਾਇਜ਼ਾ

ਨਾਭਾ/ਪਟਿਆਲਾ, (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨਾਲ ਸਰਹਿੰਦ ਚੋਅ ਦੇ ਭੋੜੇ ਸਾਇਫਨ ਨੇੜੇ ਸੱਜੇ ਪਾਸੇ ਵਜੀਰਪੁਰ ਵਿਖੇ ਪਏ ਪਾੜ ਨੂੰ ਪੂਰਨ ਦੇ ਕੰਮ ਦਾ ਜਾਇਜ਼ਾ ਲਿਆ। ਇਸ ਮੌਕੇ ਐਸ.ਡੀ.ਐਮ ਤਰਸੇਮ ਚੰਦ ਵੀ ਮੌਜੂਦ ਸਨ।
 

Advertisements

ਹਲਕਾ ਵਿਧਾਇਕ ਨੇ ਕਿਹਾ ਨਾਭਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਇਥੇ ਕਿਸੇ ਵੀ ਤਰ੍ਹਾਂ ਦੇ ਖਤਰੇ ਵਾਲੀ ਸਥਿਤੀ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਇਸ ਕੁਦਰਤੀ ਆਫ਼ਤ ਤੋਂ ਪ੍ਰਭਾਵਿਤ ਲੋਕਾਂ ਦੇ ਨਾਲ ਖੜ੍ਹੇ ਹਨ ਅਤੇ ਕਿਸੇ ਨੂੰ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਲਈ ਜ਼ਿਲ੍ਹਾ ਪ੍ਰਸ਼ਾਸਨ ਜਾਂ ਮੇਰੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਤੇ ਐਸ.ਡੀ.ਐਮ. ਤਰਸੇਮ ਚੰਦ ਜਿਥੇ ਕਿਤੇ ਵੀ ਓਵਰ ਫਲੋਅ ਜਾਂ ਪਾੜ ਸਬੰਧੀ ਸੂਚਨਾ ਮਿਲਦੀ ਹੈ, ਉਥੇ ਖ਼ੁਦ ਪਹੁੰਚ ਕੇ ਆਪਣੀ ਨਿਗਰਾਨੀ ਵਿੱਚ ਕੰਮ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਹਿੰਦ ਚੋਅ ਦੇ ਭੋੜੇ ਸਾਇਫਨ ਨੂੰ ਪੂਰਨ ਦਾ ਕੰਮ ਵੀ ਇਨ੍ਹਾਂ ਵੱਲੋਂ ਖੁਦ ਅੱਗੇ ਹੋਕੇ ਕਰਵਾਇਆ ਗਿਆ ਹੈ।

ਸਾਕਸ਼ੀ ਸਾਹਨੀ ਨੇ ਇੱਕ ਵਾਰ ਫਿਰ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਘੱਗਰ ਸਮੇਤ ਜ਼ਿਲ੍ਹੇ ਦੀਆਂ ਹੋਰ ਨਦੀਆਂ ਤੇ ਨਾਲਿਆਂ ਦੇ ਨੇੜੇ ਨਾ ਜਾਣ ਕਿਉਂਕਿ ਇਹ ਕੋਈ ‌ਪਿਕਨਿਕ ਮਨਾਉਣ ਜਾਂ ਸੈਲਫ਼ੀ ਲੈਣ ਵਾਲੀਆਂ ਥਾਵਾਂ ਨਹੀਂ ਹਨ, ਇਸ ਲਈ ਲੋਕ ਇਨ੍ਹਾਂ ਤੋਂ ਦੂਰ ਰਹਿ ਕੇ ਆਪਣੀ ਜਾਨ ਜੋਖ਼ਮ ਵਿੱਚ ਨਾ ਪਾਉਣ ਅਤੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਨਦੀਆਂ ਤੇ ਨਾਲਿਆਂ ਤੋਂ 20 ਮੀਟਰ ਦੂਰ ਰਹਿਣ ਸਬੰਧੀ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਆਦੇਸ਼ ਵੀ ਜਾਰੀ ਕੀਤੇ ਗਏ ਹਨ ਅਤੇ ਜੇਕਰ ਕੋਈ ਇਨ੍ਹਾਂ ਆਦੇਸ਼ਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here