ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਭਾਜਪਾ ਅਤੇ ਕਾਂਗਰਸ ਨੇਤਾਵਾਂ ਵਲੋਂ ਪਹੁੰਚ ਕੇ ਰਾਜਨੀਤੀ ਕਰਨ ਤੇ ਭੜਕੇ: ਗੁਰਪਾਲ ਇੰਡੀਅਨ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਲਗਾਤਾਰ ਜੰਗੀ ਪੱਧਰ ਤੇ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਹੜ੍ਹ ਰਾਹਤ ਪ੍ਰਬੰਧਾਂ ਲਈ ਪੂਰੇ ਇੰਤਜਾਮ ਕੀਤੇ ਹੋਏ ਹਨ ਅਤੇ ਪੰਜਾਬ ਸਰਕਾਰ ਇਸ ਦੁੱਖ ਦੀ ਘੜੀ ‘ਚ ਲੋਕਾਂ ਦੇ ਨਾਲ ਚੱਟਾਨ ਵਾਂਗ ਖੜ੍ਹੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੂਬਾਈ ਆਗੂ ਤੇ ਨਗਰ ਸੁਧਾਰ ਟ੍ਰਸਟ ਦੇ ਚੈਅਰਮੇਨ ਗੁਰਪਾਲ ਸਿੰਘ ਇੰਡੀਅਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਇੰਡੀਅਨ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਭਾਜਪਾ,ਕਾਂਗਰਸ ਅਤੇ ਅਕਾਲੀ ਦਲ ਦੇ ਨੇਤਾਵਾਂ ਵਲੋਂ ਪਹੁੰਚ ਕੇ ਰਾਜਨੀਤੀ ਰੋਟੀਆਂ ਸੇਕਣ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਕਿਹਾ ਕਿ ਭਾਜਪਾ, ਕਾਂਗਰਸ, ਅਕਾਲੀ ਦਲ ਲੋਕਾਂ ਦੀ ਮਦਦ ਕਰਨ ਦੀ ਬਜਾਏ ਸਿਆਸੀ ਰੋਟੀਆਂ ਸੇਕਣ ਲਈ ਸਿਰਫ ਭਲਵਾਨੀ ਚੱਕਰ ਲਗਾਕੇ ਇਹ ਸਾਬਤ ਕਰ ਹਨ ਕਿ ਉਹ ਲੋਕਾਂ ਦੇ ਨਾਲ ਹਨ।

Advertisements

ਇੰਡੀਅਨ ਨੇ ਕਿਹਾ ਕਿ ਇਨ੍ਹਾਂ ਨੇਤਾਵਾਂ ਨੂੰ ਲੋਕਾਂ ਦੇ ਨਾਲ ਕਿੰਨੀ ਹਮਦਰਦੀ ਹੈ ਇਹ ਸਭ ਜਾਣਦੇ ਹਨ। ਉਨ੍ਹਾਂ ਕਿਹਾ ਕਿ ਇਨਾ ਨੇਤਾਵਾਂ ਨੂੰ ਲੋਕਾਂ ਦੇ ਨਾਲ ਹਮਦਰਦੀ ਨਹੀਂ ਸਗੋਂ ਉਹ ਗੁੰਮ ਹੋਈ ਸਿਆਸੀ ਸਾਖ ਨੂੰ ਬਹਾਲ ਕਰਣ ਲਈ ਹੜ੍ਹ ਤੇ ਰਾਜਨੀਤੀ ਕਰ ਰਹੇ ਹਨ ਅਤੇ ਸੂਬੇ ਦੇ ਲੋਕ ਅਜਿਹੇ ਡਰਾਮੇਬਾਜ ਨੇਤਾਵਾਂ ਦੇ ਕਿਰਦਾਰ ਤੋਂ  ਚੰਗੀ ਤਰ੍ਹਾਂ ਵਾਕਫ਼ ਹਨ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਆਪਣੇ ਆਪਣੇ ਖੇਤਰਾਂ ਵਿੱਚ ਅਧਿਕਾਰੀਆਂ ਦੇ ਨਾਲ ਲੋਕਾਂ ਦੀ ਸੇਵਾ ਵਿੱਚ ਜੁਟੇ ਹੋਏ ਹਨ।ਇੰਡੀਅਨ ਨੇ ਦੱਸਿਆ ਕਿ ਰਾਹਤ ਤੇ ਮੁੜ ਵਸੇਬਾ ਵਿਭਾਗ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਵੱਖ ਵੱਖ ਸਥਾਨਾਂ ਤੇ 127 ਰਾਹਤ ਕੈਂਪ ਲਗਾਏ ਗਏ ਹਨ ਜਿਨ੍ਹਾਂ ਵਿੱਚੋਂ ਪਟਿਆਲਾ ਵਿੱਚ 14 ਰੂਪਨਗਰ ‘ਚ 16, ਮੋਗਾ ਚ 7,ਲੁਧਿਆਣਾ ਚ 3, ਮੋਹਾਲੀ ਚ 22, ਐਸਬੀਐਸ ਨਗਰ ਚ 2, ਸੰਗਰੂਰ ਚ 2, ਫਿਰੋਜ਼ਪੁਰ ਚ 18, ਹੁਸ਼ਿਆਰਪੁਰ ਚ 3, ਤਰਨ ਤਾਰਨ ਚ 7 ਅਤੇ ਜਲੰਧਰ ਚ 33 ਕੈਂਪ ਲਗਾਏ ਗਏ ਹਨ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵਿਭਾਗ ਵੱਲੋਂ ਲੋਕਾਂ ਨੂੰ ਰਾਹਤ ਸਮੱਗਰੀ ਵੀ ਵੰਡੀ ਗਈ ਜਿਸ ਤਹਿਤ ਰੂਪਨਗਰ ਜ਼ਿਲ੍ਹੇ ਵਿਚ 16425 ਖਾਣੇ ਦੇ ਪੈਕੇਟ ਅਤੇ 1816 ਨੂੰ ਦਵਾਈਆਂ ਦੀ ਵੰਡ, ਪਟਿਆਲਾ ਵਿੱਚ 12500 ਖਾਣੇ ਦੇ ਪੈਕੇਟ ਮੋਹਾਲੀ ਵਿੱਚ 2000 ਪੈਕੇਟ, ਐਸ.ਬੀ.ਐਸ.ਨਗਰ ਵਿੱਚ 1500 ਪੈਕੇਟ ਅਤੇ ਫਤਹਿਗੜ੍ਹ ਸਾਹਿਬ ਵਿੱਚ ਖਾਣੇ ਦੇ 1000 ਪੈਕੇਟ ਵੰਡਣ ਤੋਂ ਇਲਾਵਾ ਜਲੰਧਰ ਵਿੱਚ 100 ਰਾਹਤ ਕਿੱਟਾਂ ਵੰਡੀਆਂ ਗਈਆਂ ਹਨ। ਇਸ ਤੋਂ ਇਲਾਵਾ 15185 ਹੋਰ ਫ਼ੂਡ ਪੈਕਟ ਵੀ ਵੰਡੇ ਗਏ। ਇੰਡੀਅਨ ਨੇ ਦੱਸਿਆਂ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਬਚਾਓ ਕਾਰਜ ਚਲਾਉਣ ਲਈ ਲਈ ਕਿਸ਼ਤੀਆਂ ਵੀ ਦਿੱਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਪਟਿਆਲਾ ਜ਼ਿਲ੍ਹੇ ਨੂੰ  21 ਕਿਸ਼ਤੀਆਂ, ਰੂਪਨਗਰ ਨੂੰ 24, ਮੋਹਾਲੀ ਨੂੰ 5, ਫਤਹਿਗੜ੍ਹ ਸਾਹਿਬ ਚ 4 ਅਤੇ ਫਿਰੋਜ਼ਪੁਰ ਨੂੰ 15 ਕਿਸ਼ਤੀਆਂ ਭੇਜੀਆਂ ਗਈਆਂ ਹਨ।

ਇਸ ਦੇ ਨਾਲ ਹੀ ਪਟਿਆਲਾ, ਰੂਪਨਗਰ, ਮੋਗਾ, ਲੁਧਿਆਣਾ, ਮੋਹਾਲੀ, ਐਸ.ਬੀ.ਐਸ.ਨਗਰ, ਫਤਿਹਗੜ੍ਹ ਸਾਹਿਬ, ਤਰਨ ਤਾਰਨ ਅਤੇ ਜਲੰਧਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ ਕੁੱਲ 13574 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਚੁੱਕਾ ਹੈ।ਗੁਰਪਾਲ ਸਿੰਘ ਇੰਡੀਅਨ ਨੇ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਦੁੱਖ ਦੀ ਘੜੀ ਚ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਹੜ੍ਹ ਪੀੜ੍ਹਤਾਂ ਦੀ ਸਹਾਇਤਾ ਕੀਤੀ ਜਾਵੇ।ਉਨ੍ਹਾ ਕਿਹਾ ਕਿ ਇਹ ਕੋਈ ਰਾਜਨੀਤੀ ਕਰਨ ਦਾ ਸਮਾਂ ਨਹੀਂ ਹੈ ਸਗੋਂ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਦੇ ਦੁੱਖ ਵਿੱਚ ਉਨ੍ਹਾਂ ਦਾ ਸਾਥ ਦੇਣ ਦੀ ਜ਼ਰੂਰਤ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੋਸ਼ਲ ਮੀਡੀਆ ਤੇ ਫ਼ੈਲ ਰਹੀਆਂ ਝੂਠੀਆਂ ਅਫ਼ਵਾਹਾਂ ਤੋਂ ਗੁਰੇਜ਼ ਕੀਤਾ ਜਾਵੇ।

LEAVE A REPLY

Please enter your comment!
Please enter your name here