ਬਾਗਬਾਨੀ ਵਿਭਾਗ ਨੇ ਕਿਸਾਨਾਂ ਲਈ ਲਗਾਇਆ ਬਲਾਕ ਪੱਧਰੀ ਟ੍ਰੇਨਿੰਗ ਅਤੇ ਜਾਗਰੂਕਤਾ ਕੈਂਪ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਬਾਗਬਾਨੀ ਵਿਭਾਗ ਵੱਲੋਂ ਜਿਲ੍ਹੇ ਵਿਚ ਕੌਮੀ ਬਾਗਬਾਨੀ ਮਿਸ਼ਨ ਸਕੀਮ ਅਧੀਨ ਸਿਟਰਸ ਅਸਟੇਟ ਛਾਉਣੀ ਕਲਾਂ ਵਿਖੇ ਬਲਾਕ ਪੱਧਰੀ ਟ੍ਰੇਨਿੰਗ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿਚ 72 ਕਿਸਾਨਾਂ ਨੇ ਭਾਗ ਲਿਆ। ਇਸ ਮੌਕੇ ਬਾਗਬਾਨੀ ਵਿਭਾਗ ਦੇ ਮਾਹਿਰਾਂ ਵਲੋਂ ਹਾਜ਼ਰ ਕਿਸਾਨਾਂ ਨੂੰ ਮਿੱਟੀ ਅਤੇ ਪੱਤਾ ਪਰਖ ਦੀ ਮਹੱਤਤਾ, ਨਵੇਂ ਬਾਗ ਲਗਾਉਣ ਅਤੇ ਪੁਰਾਣੇ ਬਾਗਾਂ ਦੀ ਸਾਂਭ-ਸੰਭਾਲ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ। ਇਸ ਮੌਕੇ ਡਿਪਟੀ ਡਾਇਰੈਕਟਰ ਬਾਗਬਾਨੀ, ਹੁਸ਼ਿਆਰਪੁਰ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਖੇਤੀ ਵਿਭਿੰਨਤਾ ਵਿਚ ਬਾਗਬਾਨੀ ਦਾ ਵਿਸ਼ੇਸ਼ ਮਹੱਤਵ ਹੈ ਅਤੇ ਕਿਸਾਨਾਂ ਨੂੰ ਆਪਣੀ ਆਮਦਨ ਵਿਚ ਵਾਧਾ ਕਰਨ ਲਈ ਬਾਗਬਾਨੀ ਧੰਦਾ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ  ਕੌਮੀ ਬਾਗਬਾਨੀ ਮਿਸ਼ਨ ਸਕੀਮ ਅਧੀਨ ਨਵੇਂ ਬਾਗ ਲਗਾਉਣ, ਪੁਰਾਣੇ ਬਾਗਾਂ ਨੂੰ ਮੁੜ ਸੁਰਜੀਤ ਕਰਨ, ਖੁੰਬਾਂ ਦੀ ਪੈਦਾਵਾਰ, ਸ਼ਹਿਦ ਦੀਆਂ ਮੱਖੀਆਂ ਦਾ ਧੰਦਾ, ਫੁੱਲਾਂ ਸਬਜ਼ੀਆਂ ਦੀ ਸੁਰੱਖਿਅਤ ਖੇਤੀ ਲਈ ਪ੍ਰੋਟੈਕਟਿਡ ਕਲਟੀਵੇਸ਼ਨ, ਹਾਈਬ੍ਰਿਡ ਸਬਜ਼ੀਆਂ, ਛੋਟੀ ਮਸ਼ੀਨਰੀ (ਸਪਰੇ ਪੰਪ, ਪਾਵਰ ਟਿੱਲਰ, ਮਿੰਨੀ ਟਰੈਕਟਰ ਆਦਿ), ਕੋਲਡ ਸਟੋਰ, ਪੈਕ ਹਾਊਸ ਆਦਿ ’ਤੇ ਕਿਸਾਨਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ “ਪਹਿਲਾਂ ਆਓ ਪਹਿਲਾਂ ਪਾਓ” ਆਧਾਰ ’ਤੇ ਉਪਦਾਨ ਦਿੱਤਾ ਜਾਂਦਾ ਹੈ।

Advertisements

ਇਸ ਮੌਕੇ ਬਾਗਬਾਨੀ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਕੌਮੀ ਬਾਗਬਾਨੀ ਮਿਸ਼ਨ ਸਕੀਮ, ਰਾਸ਼ਟਰੀ ਕ੍ਰਿਸ਼ੀ ਵਿਗਿਆਨ ਯੋਜਨਾ, ਸਿਟਰਸ ਅਸਟੇਟਾਂ, ਵਿਭਾਗੀ ਫਲਦਾਰ ਨਰਸਰੀਆਂ, ਸੈਂਟਰ ਆਫ ਐਕਸੀਲੈਂਸ ਫਾਰ ਫਰੂਟਸ (ਸਿਟਰਸ) ਖਨੌੜਾ ਅਧੀਨ ਕਿਸਾਨਾਂ ਨੂੰ ਦਿੱਤੇ ਜਾ ਰਹੇ ਵਧੀਆ ਕਿਸਮ ਦੇ ਫਲਦਾਰ ਬੂਟਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਡਾ. ਜਸਪਾਲ ਸਿੰਘ, ਸਹਾਇਕ ਡਾਇਰੈਕਟਰ ਬਾਗਬਾਨੀ,ਸਿਟਰਸ ਅਸਟੇਟ ਭੂੰਗਾ(ਹਰਿਆਣਾ) ਨੇ ਦੱਸਿਆ ਕਿ ਅਸਟੇਟਾਂ ਪਾਸੋਂ ਕਿਸਾਨ ਆਪਣੀ ਸਹੂਲਤ ਲਈ ਟਰੈਕਟਰ, ਰੋਟਾਵੇਟਰ, ਸਪਰੇਅ ਪੰਪ, ਹਾਈਡ੍ਰੋਲਿਕ ਪਰੂਨਰ ਅਤੇ ਹੋਰ ਮਸ਼ੀਨਰੀ ਕਿਰਾਏ ’ਤੇ ਲਿਜਾ ਸਕਦੇ ਹਨ, ਜਿਸ ਨਾਲ ਉਨ੍ਹਾਂ ਦਾ ਖਰਚਾ ਘੱਟਦਾ ਹੈ ਅਤੇ ਆਮਦਨ ਵਿਚ ਵਾਧਾ ਹੁੰਦਾ ਹੈ।

ਬਾਗਬਾਨਾਂ ਦੀ ਸਹੂਲਤ ਲਈ ਅਸਟੇਟ ਵਿਖੇ ਕੀੜੇਮਾਰ ਦਵਾਈਆਂ ਅਤੇ ਖਾਦਾਂ ਦਾ ਸਟੋਰ ਸਥਾਪਿਤ ਕੀਤਾ ਗਿਆ ਹੈ। ਡਾ.ਬਲਵਿੰਦਰ ਸਿੰਘ, ਸਹਾਇਕ ਡਾਇਰੈਕਟਰ ਬਾਗਬਾਨੀ ਸਿਟਰਸ ਅਸਟੇਟ ਹੁਸ਼ਿਆਰਪੁਰ ਨੇ ਦੱਸਿਆ ਕਿ ਸਿਟਰਸ ਅਸਟੇਟ, ਛਾਉਣੀ ਕਲਾਂ ਹੁਸ਼ਿਆਰਪੁਰ ਵਿਖੇ ਸਥਾਪਿਤ ਕੀਤੀ ਬਾਇਓਫਰਟੀਲਾਈਜ਼ਰ ਲੈਬ ਵਿਚ ਤਿਆਰ ਕੀਤੀਆਂ ਜਾਣ ਵਾਲੀਆਂ ਜੈਵਿਕ ਖਾਦਾਂ ਜਿਵੇਂ ਕਿ ਅਜੈਟੋਬੈਕਟਰ, ਫਾਸਫੋਰਸ ਸੋਲਿਊਬਲਾਈਜ਼ਿੰਗ ਬੈਕਟੀਰੀਆ ਆਦਿ ਨਾਲ ਰਸਾਇਣਿਕ ਖਾਦਾਂ ਦੀ 15-20 ਫੀਸਦੀ ਵਰਤੋਂ ਘਟਾਈ ਜਾ ਸਕਦੀ ਹੈ, ਜਿਸ ਨਾਲ ਕਿਸਾਨਾਂ ਦੀ ਬੱਚਤ ਵਿਚ ਸਿੱਧੇ ਤੌਰ ’ਤੇ ਵਾਧਾ ਹੁੰਦਾ ਹੈ। ਇਸ ਤੋਂ ਇਲਾਵਾ ਮਿੱਟੀ, ਪਾਣੀ ਅਤੇ  ਹਵਾ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕਦਾ ਹੈ। ਇਸ ਮੌਕੇ ਕੰਸਲਟੈਂਟ ਮੁੱਖ ਦਫ਼ਤਰ ਮੁਹਾਲੀ ਯੁਵਰਾਜ ਹੰਸ ਨੇ ਐਗਰੀਕਲਚਰ ਇਨਫਰਾਸਟਰੱਕਚਰ ਫੰਡ ਸਕੀਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸੇ ਵੀ ਕਿਸਾਨ ਜਾਂ ਖੇਤੀ ਇੰਡਸਟਰੀ ਲਗਾਉਣ ਵਾਲੇ ਵਿਅਕਤੀ ਨੂੰ ਇਸ ਸਕੀਮ ਤਹਿਤ 3 ਫੀਸਦੀ ਤੱਕ ਵਿਆਜ਼ Çੱਚ ਛੋਟ ਮਿਲਦੀ ਹੈ।

ਕੈਂਪ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਐਸੋਸੀਏਟ ਡਾਇਰੈਕਟਰ ਡਾ. ਮਨਿੰਦਰ ਸਿੰਘ ਬੌਂਸ ਨੇ ਫਲਦਾਰ ਬੂਟਿਆਂ ਦੇ ਕੀੜੇ-ਮਕੌੜੇ ਖਾਸ ਕਰ ਫਲ ਦੀ ਮੱਖੀ ਦੀ ਰੋਕਥਾਮ ਸਬੰਧੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਸਦੀ ਰੋਕਥਾਮ ਲਈ “ਫਰੂਟ ਫਲਾਈ ਟਰੈਪ, ਸਿਟਰਸ ਅਸਟੇਟ ਹੁਸ਼ਿਆਰਪੁਰ, ਸਿਟਰਸ ਅਸਟੇਟ ਭੂੰਗਾ ਅਤੇ ਕੇ.ਵੀ.ਕੇ, ਬਾਹੋਵਾਲ ਤੋਂ ਖਰੀਦੇ ਜਾ ਸਕਦੇ ਹਨ ਜਿਲ੍ਹਾ ਵਿਕਾਸ ਮੈਨੇਜਰ, ਨਾਬਾਰਡ ਰਜਤ ਸ਼ਰਮਾ ਨੇ ਨਾਬਾਰਡ ਵੱਲੋਂ ਚਲਾਈਆਂ ਜਾਂਦੀਆਂ ਸਕੀਮਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਅਤੇ ਲੀਡ ਡਿਸਟ੍ਰਿਕਟ ਮੈਨੇਜਰ, ਪੰਜਾਬ ਨੈਸ਼ਨਲ ਬੈਂਕ, ਹੁਸ਼ਿਆਰਪੁਰ ਨੇ ਵੀ ਕਿਸਾਨਾਂ ਨੂੰ ਏ. ਆਈ. ਐਫ ਅਧੀਨ ਦਿੱਤੇ ਜਾਂਦੇ ਲੋਨ ਸਬੰਧੀ ਜਾਗਰੂਕ ਕੀਤਾ। ਇਸ ਜਾਗਰੂਤਾ ਕੈਂਪ ਵਿੱਚ ਮੁੱਖ ਖੇਤੀਬਾੜੀ ਅਫਸਰ ਹੁਸ਼ਿਆਰਪੁਰ, ਜਿਲ੍ਹਾ ਮੰਡੀ ਅਫਸਰ ਹੁਸ਼ਿਆਰਪੁਰ, ਡਿਪਟੀ ਰਜਿਸਟਰਾਰ ਕੋ-ਆਪ੍ਰੇਟਿਵ ਸੋਸਾਇਟੀਜ਼ ਹੁਸ਼ਿਆਰਪੁਰ, ਜਨਰਲ ਮੈਨੇਜਰ ਉਦਯੋਗਿਕ ਕੇਂਦਰ ਹੁਸ਼ਿਆਰਪੁਰ ਆਦਿ ਦੇ ਨੁਮਾਇੰਦੇ ਵੀ ਸ਼ਾਮਿਲ ਹੋਏ।

ਵਿਭਾਗੀ ਅਧਿਕਾਰੀ ਡਾ. ਸ਼ੰਮੀ ਕੁਮਾਰ, ਸਹਾਇਕ ਡਾਇਰੈਕਟਰ ਬਾਗਬਾਨੀ, ਡਾ.ਪ੍ਰੇਮ ਸਿੰਘ, ਬਾਗਬਾਨੀ ਵਿਕਾਸ ਅਫਸਰ, ਡਾ.ਪਰਮਿੰਦਰ ਸਿੰਘ, ਬਾ.ਵਿ.ਅਫਸਰ, ਡਾ.ਵਿਕਰਮ ਵਰਮਾ, ਬਾ.ਵਿ.ਅਫਸਰ, ਡਾ.ਹਰਜੀਤ ਸਿੰਘ, ਬਾ.ਵਿ. ਅਫਸਰ ਅਤੇ ਡਾ. ਲਖਬੀਰ ਸਿੰਘ, ਬਾ.ਵਿ.ਅਫਸਰ ਅਤੇ ਸਮੂਹ ਕਰਮਚਾਰੀ ਹਾਜਰ ਸਨ। ਇਸ ਤੋਂ ਇਲਾਵਾ ਦੋਵਾਂ ਸਿਟਰਸ ਅਸਟੇਟਾਂ ਦੇ ਸਮੂਹ ਐਗਜੈਕਟਿਵ ਕਮੇਟੀ ਮੈਂਬਰਾਂ ਨੇ ਵੀ ਭਾਗ ਲਿਆ। ਅੰਤ ਵਿਚ ਡਿਪਟੀ ਡਾਇਰੈਕਟਰ ਬਾਗਬਾਨੀ ਨੇ ਇਸ ਜਾਗਰੂਕਤਾ ਕੈਂਪ ਵਿਚ ਸ਼ਾਮਿਲ ਹੋਏ ਮਾਹਿਰਾਂ, ਵੱਖ-ਵੱਖ ਵਿਭਾਗੀ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ  ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਵਿਭਾਗੀ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ।

LEAVE A REPLY

Please enter your comment!
Please enter your name here