ਕੂੜੇ ਦੇ ਡੰਪ ਲਈ ਜਮੀਨ ਉਪਲੱਬਧ ਕਰਵਾਉਣ ਲਈ ਕੌਂਸਲਰਾਂ ਨੇ ਜਿਲਾ ਪ੍ਰਸਾਸ਼ਨ ਨੂੰ ਦਿੱਤਾ ਪੱਤਰ

ਰੂਪਨਗਰ (ਦ ਸਟੈਲਰ ਨਿਊਜ਼), ਧਰੂਵ ਨਾਰੰਗ। ਰੂਪਨਗਰ ਸ਼ਹਿਰ ਵਿੱਚ ਚੱਲ ਰਹੀ ਕੂੜੇ ਦੀ ਸਮੱਸਿਆ ਨੂੰ ਲੈ ਕੇ ਨਗਰ ਕੌਂਸਲ ਦੇ ਕੌਂਸਲਰਾਂ ਦਾ ਇੱਕ ਵਫ਼ਦ ਕੋਸਲ ਪ੍ਰਧਾਨ ਸੰਜੇ ਵਰਮਾ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਨੂੰ ਮਿਲਣ ਦੇ ਲਈ ਗਿਆ ਤੇ ਕੂੜੇ ਦੇ ਡੰਪ ਦਾ ਪ੍ਰਬੰਧ ਕਰਨ ਬੇਨਤੀ ਕੀਤੀ। ਕੌਂਸਲ ਦੇ ਪ੍ਰਧਾਨ ਸੰਜੇ ਵਰਮਾ ਨੇ ਦੱਸਿਆ ਕਿ ਪਿੰਡ ਲਾਡਲ ਦੇ ਨਜ਼ਦੀਕ ਬਣੇ ਕੂੜੇ ਦੇ ਡੰਪ ਦੇ ਰਸਤੇ ਵਿੱਚ ਬਰਸਾਤੀ ਪਾਣੀ ਭਰ ਜਾਣ ਕਾਰਨ ਡੰਪ ਤੇ ਵਾਹਨਾ ਦਾ ਜਾਣਾ ਮੁਨਾਸਬ ਨਹੀ ਹੈ ਜਿਸ ਦੇ ਚੱਲਦਿਆਂ ਸ਼ਹਿਰ ਚੋਂ ਕੂੜਾ ਨਹੀਂ ਚੁੱਕਿਆ ਜਾ ਪਾ ਰਿਹਾ ਹੈ। ਇਸਦੇ ਚੱਲਦਿਆਂ ਹੀ ਸ਼ਹਿਰ ਵਿੱਚ ਗੰਦਗੀ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ।

Advertisements

ਉਹਨਾਂ ਕਿਹਾ ਕਿ ਡੰਪ ਦਾ ਆਰਜ਼ੀ ਪ੍ਰਬੰਧ ਕਰਨ ਲਈ ਕਈ ਪਿੰਡਾਂ ਦੀਆਂ ਪੰਚਾਇਤਾਂ ਨਾਲ ਵੀ ਸੰਪਰਕ ਕੀਤਾ ਗਿਆ ਹੈ, ਪਰ ਅਜੇ ਤੱਕ ਕੋਈ ਜ਼ਮੀਨ ਦਾ ਪ੍ਰਬੰਧ ਨਹੀਂ ਹੋ ਸਕਿਆ। ਜਿਸਦੇ ਚੱਲਦਿਆਂ ਪ੍ਰਸਾਸ਼ਨ ਨੂੰ ਇਸ ਵਿੱਚ ਦਖਲ ਦੇ ਕੇ ਇਸ ਮੁਸ਼ਕਿਲ ਦੀ ਘੜੀ ਵਿੱਚ ਸਹਿਯੋਗ ਦੇਣ ਦੀ ਬੇਨਤੀ ਕਰਨ ਲਈ ਕੋਸਲਰਾ ਦਾ ਇੱਕ ਵਫ਼ਦ ਡਿਪਟੀ ਕਮਿਸ਼ਨਰ ਕੋਲ ਗਿਆ ਸੀ, ਪਰ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਲਗਭਗ ਇੱਕ ਘੰਟਾ ਇੰਤਜ਼ਾਰ ਕਰਨ ਦੇ ਬਾਵਜੂਦ ਵੀ ਡਿਪਟੀ ਕਮਿਸ਼ਨਰ ਨੇ ਲੋਕਾਂ ਦੇ ਚੁਣੇ ਹੋਈ ਨੁਮਾਇੰਦਿਆਂ ਦੀ ਗੱਲ ਸੁਣਨਾ ਮੁਨਾਸਬ ਨਾ ਸਮਝਿਆ ਤਾ ਅਡਿਸ਼ਨਲ ਡਿਪਟੀ ਕਮਿਸ਼ਨਰ ਨੇ ਉਹਨਾਂ ਨਾਲ ਮੁਲਾਕਾਤ ਕੀਤੀ।

ਜਿਸ ਦੋਰਾਨ ਕੋਸਲਰਾ ਦੇ ਵਫ਼ਦ ਵੱਲੋਂ ਸ਼ਹਿਰਵਾਸੀਆਂ ਦੀ ਸਮੱਸਿਆ ਤੇ ਕੂੜੇ ਦੇ ਡੰਪ ਦੇ ਹਾਲਾਤਾਂ ਬਾਰੇ ਦੱਸਿਆ ਤੇ ਜ਼ਮੀਨ ਉਪਲੱਬਧ ਕਰਵਾਉਣ ਵਿੱਚ ਕੋਸਲ ਦਾ ਸਹਿਯੋਗ ਕਰਨ ਲਈ ਬੇਨਤੀ ਪੱਤਰ ਦਿੱਤਾ ਗਿਆ। ਸੰਜੇ ਵਰਮਾ ਨੇ ਕਿਹਾ ਕਿ ਸਰਕਾਰੀ ਵਿਭਾਗਾਂ ਦੀਆਂ ਜ਼ਮੀਨਾਂ ਜਾਂ ਪੰਚਾਇਤੀ ਵਿਭਾਗ ਦੇ ਸਹਿਯੋਗ ਨਾਲ ਪਿੰਡਾਂ ਦੀਆ ਸ਼ਾਮਲਾਟ ਜ਼ਮੀਨਾਂ ਉਪਲੱਬਧ ਕਰਵਾਉਣ ਲਈ ਪ੍ਰਸਾਸ਼ਨ ਨੂੰ ਬੇਨਤੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਅਡਿਸ਼ਨਲ ਡਿਪਟੀ ਕਮਿਸ਼ਨਰ ਈਸ਼ਾ ਸਿੰਗਲ ਨੇ ਭਰੋਸਾ ਦਿੱਤਾ ਹੈ ਕਿ ਪ੍ਰਸਾਸ਼ਨ ਵੱਲੋ ਜ਼ਮੀਨ ਉਪਲੱਬਧ ਕਰਵਾਉਣ ਦਾ ਯਤਨ ਕੀਤਾ ਜਾਵੇਗਾ ਤੇ ਇਸ ਸਮੱਸਿਆ ਦਾ ਹੱਲ ਕਰਵਾਇਆ ਜਾ ਰਿਹਾ ਹੈ। ਸੰਜੇ ਵਰਮਾ ਨੇ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੂੰ ਵੀ ਬੇਨਤੀ ਕੀਤੀ ਕਿ ਜੇਕਰ ਆਬਾਦੀ ਤੋ ਦੂਰ ਵਾਲੀ ਜ਼ਮੀਨ ਕੂੜੇ ਦਾ ਡੰਪ ਬਣਾਉਣ ਲਈ ਕੋਈ ਵੀ ਵਿਅਕਤੀ ਦੇਣ ਦਾ ਇਛੁੱਕ ਹੈ ਤਾਂ ਉਹ ਨਗਰ ਕੋਸਲ ਵੱਲੋ ਬਣਦਾ ਕਿਰਾਇਆ ਲੈ ਕੇ ਜ਼ਮੀਨ ਦੇਣ ਲਈ ਉਹਨਾਂ ਨਾਲ ਜਾਂ ਕਿਸੇ ਵੀ ਅਧਿਕਾਰੀ ਨਾਲ ਸੰਪਰਕ ਕਰ ਸਕਦਾ ਹੈ। ਉਹਨਾਂ ਕਿਹਾ ਕਿ ਕੂੜੇ ਦਾ ਡੰਪ ਬਣਾਉਣ ਵਿੱਚ ਧਿਆਨ ਰੱਖਿਆ ਜਾਵੇਗਾ ਕਿ ਇਸ ਨਾਲ ਕਿਸੇ ਨੂੰ ਵੀ ਸਮੱਸਿਆ ਦਰਪੇਸ਼ ਨਾਂ ਆਵੇ। ਇਸ ਮੋਕੇ ਤੇ ਕੌਂਸਲਰ ਚਰਨਜੀਤ ਸਿੰਘ ਚੰਨੀ, ਅਮਰਜੀਤ ਸਿੰਘ ਜੋਲੀ, ਪੂਨਮ ਕੱਕੜ , ਮਦਨ ਗੁਪਤਾ, ਪਰਮਿੰਦਰ ਪਿੰਕਾ, ਬਲਵਿੰਦਰ ਸਿੰਘ ਲਾਡੀ ਹਾਜ਼ਰ ਸਨ।

LEAVE A REPLY

Please enter your comment!
Please enter your name here