
ਰੂਪਨਗਰ (ਦ ਸਟੈਲਰ ਨਿਊਜ਼), ਧਰੂਵ ਨਾਰੰਗ। ਰੂਪਨਗਰ ਸ਼ਹਿਰ ਵਿੱਚ ਚੱਲ ਰਹੀ ਕੂੜੇ ਦੀ ਸਮੱਸਿਆ ਨੂੰ ਲੈ ਕੇ ਨਗਰ ਕੌਂਸਲ ਰੂਪਨਗਰ ਦੇ ਪ੍ਰਧਾਨ ਸੰਜੇ ਵਰਮਾ ਬੇਲੇ ਵਾਲੇ, ਕੌਂਸਲਰ ਚਰਨਜੀਤ ਸਿੰਘ ਚੰਨੀ ਅਤੇ ਅਮਰਜੀਤ ਸਿੰਘ ਬਿੱਲਾ ਨੇ ਲਾਡਲ ਵਿਖੇ ਕੂੜੇ ਦੇ ਡੰਪ ਦਾ ਜਾਇਜਾ ਲਿਆ। ਪ੍ਰਧਾਨ ਸੰਜੇ ਵਰਮਾ ਬੇਲੇ ਵਾਲੇ ਨੇ ਦੱਸਿਆ ਕਿ ਲਾਡਲ ਵਿਖੇ ਕੂੜੇ ਦੇ ਡੰਪ ਤੇ ਕੂੜੇ ਦੀਆਂ ਟਰਾਲੀਆਂ ਨੂੰ ਜਾਣ ਲਈ ਨਵਾਂ ਰਸਤਾ ਸਾਫ ਕਰਵਾਇਆ ਜਾ ਰਿਹਾ ਹੈ ਅਤੇ ਜਲਦੀ ਹੀ ਨਗਰ ਕੌਂਸਲ ਵਲੋਂ ਕੂੜੇ ਦੀਆਂ ਟਰਾਲੀਆਂ ਨੂੰ ਲਾਡਲ ਡੰਪ ਵਿਚ ਸੁੱਟਿਆ ਜਾਵੇਗਾ। ਫਿਲਹਾਲ ਨਗਰ ਕੌਂਸਲ ਵਲੋਂ ਆਰਜੀ ਤੌਰ ਤੇ ਹਵੇਲੀ ਡਿਸਪੋਜਲ ਸਥਾਨ ਤੇ ਕੂੜੇ ਨੂੰ ਸੁੱਟਿਆ ਜਾ ਰਿਹਾ ਹੈ ਅਤੇ ਰੂਪਨਗਰ ਸ਼ਹਿਰ ਵਿਚੋਂ ਕੂੜੇ ਦੇ ਢੇਰ ਚੁੱਕੇ ਜਾ ਰਹੇ ਹਨ।

ਸੰਜੇ ਵਰਮਾ ਬੇਲੇ ਵਾਲੇ ਨੇ ਕਿਹਾ ਕਿ ਹੜਾਂ ਦੀ ਮਾਰ ਦੇ ਚੱਲਦੇ ਲਾਡਲ ਵਿਚ ਕੂੜੇ ਦੇ ਡੰਪ ਸਥਾਨ ਤੇ ਪਾਣੀ ਭਰਨ ਨਾਲ ਕੂੜੇ ਦੇ ਡੰਪਿੰਗ ਦੀ ਸਮੱਸਿਆ ਆਈ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਦੀ ਕੂੜੇ ਦੀ ਸਮੱਸਿਆ ਨੂੰ ਹੱਲ ਕਰਨ ਲਈ ਪੂਰਾ ਯਤਨ ਕੀਤਾ ਜਾ ਰਿਹਾ ਹੈ ਅਤੇ ਬੀਤੇ ਦਿਨ ਏਡੀਸੀ ਰੂਪਨਗਰ ਨੂੰ ਮਿਲ ਕੇ ਮੰਗ ਕੀਤੀ ਸੀ ਕਿ ਕਿਸੀ ਹੋਰ ਪਿੰਡ ਦੀ ਪੰਚਾਇਤ ਨਾਲ ਰਾਬਤਾ ਕਰਕੇ ਕੂੜੇ ਦੇ ਡੰਪ ਲਈ ਜਮੀਨ ਮੁਹਈਆ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵਲੋਂ ਸ਼ਹਿਰ ਵਾਸੀਆਂ ਦੀ ਕੂੜੇ ਦੀ ਸਮੱਸਿਆ ਦਾ ਹੱਲ ਲਾਡਲ ਡੰਪ ਵਿਚ ਜਾਣ ਲਈ ਨਵਾਂ ਰਸਤਾ ਤਿਆਰ ਹੋਣ ਤੋਂ ਬਾਅਦ ਹੱਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਕੁਝ ਲੋਕ ਸੋਸ਼ਲ ਮੀਡੀਆ ਉਤੇ ਜਾਣਬੁੱਝ ਕੇ ਨਗਰ ਕੌਂਸਲ ਦੀ ਬਦਨਾਮੀ ਕਰ ਰਹੇ ਹਨ ਅਤੇ ਅਜਿਹਾ ਨਹੀਂ ਕਰਨਾ ਚਾਹੀਦਾ।












