ਦਿੱਲੀ ‘ਚ ਪੈਨਸ਼ਨ ਅਧਿਕਾਰੀ ਰੈਲ਼ੀ 10 ਨੂੰ, ਦੇਸ਼ ਭਰ ’ਚੋਂ ਵੱਡੀ ਗਿਣਤੀ ਵਿੱਚ ਮੁਲਾਜ਼ਮ ਹੋਣਗੇ ਸ਼ਾਮਲ

ਤਲਵਾੜਾ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਦੇਸ਼ ਭਰ ਦੇ ਮੁਲਾਜ਼ਮਾਂ ਵੱਲੋਂ 10 ਤਾਰੀਕ ਨੂੰ ਸੰਸਦ ਭਵਨ ਵੱਲ ਮਾਰਚ ਕੀਤਾ ਜਾਵੇਗਾ। ਇਹ ਜਾਣਕਾਰੀ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ, ਪੰਜਾਬ ਦੇ ਕਨਵੀਨਰ ਅਤੇ ਪੁਰਾਣੀ ਪੈਨਸ਼ਨ ਯੋਜਨਾ ਬਹਾਲੀ ਸੰਯੁਕਤ ਮੰਚ ਦੇ ਆਗੂ ਜਸਵੀਰ ਤਲਵਾੜਾ ਨੇ ਦਿੱਤੀ। ਰਾਸ਼ਟਰੀ ਪੱਧਰੀ ਰੈਲ਼ੀ ’ਚ ਸਮੁੱਚੇ ਭਾਰਤ ’ਚੋਂ ਨਵੀਂ ਪੈਨਸ਼ਨ ਯੋਜਨਾ (ਐਨਪੀਐਸ) ਅਧੀਨ ਕੰਮ ਕਰਦੇ ਮੁਲਾਜ਼ਮ ਦਿੱਲੀ ਰੈਲ਼ੀ ’ਚ ਸ਼ਾਮਲ ਹੋ ਰਹੇ ਹਨ।

Advertisements

ਰੈਲ਼ੀ ਦੀ ਕਾਮਯਾਬੀ ਲਈ ਵੱਖ-ਵੱਖ ਰਾਜਾਂ ’ਚ ਤਿਆਰੀਆਂ ਚੱਲ ਰਹੀਆਂ ਹਨ। ਦਿੱਲੀ ਦੇ ਰਾਮਲੀਲਾ ਮੈਦਾਨ ’ਚ ਰੈਲ਼ੀ ਕਰਨ ਉਪਰੰਤ ਸੰਸਦ ਭਵਨ ਵੱਲ ਮਾਰਚ ਕੀਤਾ ਜਾਵੇਗਾ। ਕੇਂਦਰ ਸਰਕਾਰ ਦੇ ਅਦਾਰੇ ਪੀਐਫਆਰਡੀਏ ਵੱਲੋਂ ਪੁਰਾਣੀ ਪੈਨਸ਼ਨ ਬਹਾਲ ਕਰਨ ਵਿੱਚ ਅਡ਼ਿੱਕੇ ਡਾਹੇ ਜਾ ਰਹੇ ਹਨ। ਜਸਵੀਰ ਨੇ ਕਿਹਾ ਕਿ ਗੈਰ ਭਾਜਪਾ ਸ਼ਾਸਿਤ ਸਰਕਾਰਾਂ ਦੇ ਪੁਰਾਣੀ ਪੈਨਸ਼ਨ ਬਹਾਲੀ ਦੇ ਐਲਾਨ ਕਰਨ ਤੋਂ ਬਾਅਦ ਭਾਜਪਾ ਸਰਕਾਰ ਅਤੇ ਗੋਦੀ ਮੀਡੀਆ ਵੱਲੋਂ ਕੂਡ਼ ਪ੍ਰਚਾਰ ਦਾ ਪ੍ਰਾਪੇਗੰਡਾ ਚਲਾਇਆ ਜਾ ਰਿਹਾ ਹੈ। ਪੀਐਫਆਰਡੀਏ ਨੇ ਐਨਪੀਐਸ ਟਰੱਸਟ ਕੋਲ ਪਏ ਮੁਲਾਜ਼ਮਾਂ ਦੇ ਪੈਸੇ ਦੇਣ ਤੋਂ ਸਾਫ਼ ਇੰਨਕਾਰ ਕਰ ਦਿੱਤਾ ਹੈ, ਜਿਸ ਕਾਰਨ ਸਮੂਹ ਐਨਪੀਐਸ ਮੁਲਾਜ਼ਮਾਂ ’ਚ ਰੋਸ ਦੀ ਲਹਿਰ ਹੈ। ਭਾਵੇਂ ਕੁੱਝ ਰਾਜ ਸਰਕਾਰਾਂ ਨੇ ਐਨਪੀਐਸ ਮੁਲਾਜ਼ਮਾਂ ਦੇ ਸੰਘਰਸ਼ ਤੋਂ ਬਾਅਦ ਪੁਰਾਣੀ ਪੈਨਸ਼ਨ ਯੋਜਨਾ ਲਾਗੂ ਕਰ ਦਿੱਤੀ ਹੈ, ਪਰ ਕੇਂਦਰ ਦਾ ਰਾਜ ਸਰਕਾਰਾਂ ਨਾਲ ਲਗਾਤਾਰ ਪੁਰਾਣੀ ਪੈਨਸ਼ਨ ਬਹਾਲੀ ਦੇ ਮੁੱਦੇ ’ਤੇ ਟਕਰਾਅ ਬਰਕਰਾਰ ਹੈ।

ਸੂਬਾ ਸਕੱਤਰ ਜਰਨੈਲ ਸਿੰਘ ਪੱਟੀ, ਕੋ ਕਨਵੀਨਰ ਅਜੀਤਪਾਲ ਸਿੰਘ ਜਸੋਵਾਲ, ਜਸਵਿੰਦਰ ਸਿੰਘ ਜੱਸਾ, ਵਿੱਤ ਸਕੱਤਰ ਵਰਿੰਦਰ ਕੁਮਾਰ ਵਿੱਕੀ ਆਦਿ ਨੇ ਦੱਸਿਆ ਕਿ ਪੰਜਾਬ ਕਮੇਟੀ ਦੀ ਅਗਵਾਈ ਵਿੱਚ ਐਨਪੀਐਸ ਮੁਲਾਜ਼ਮਾਂ ਦਾ ਵੱਡਾ ਕਾਫ਼ਲਾ ਦਿੱਲੀ ਵਿਖੇ ਰੈਲ਼ੀ ’ਚ ਸ਼ਾਮਲ ਹੋਵੇਗਾ। ਆਗੂਆਂ ਨੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਨੋਟੀਫਿਕੇਸ਼ਨਾਂ ਤੱਕ ਸੀਮਤ ਹੋ ਕੇ ਰਹਿ ਗਈ ਹੈ। ਦਿੱਲੀ ਦੇ ਐਕਸ਼ਨ ਉਪਰੰਤ ਜ਼ਲਦ ਹੀ ਪੰਜਾਬ ਸਰਕਾਰ ਖ਼ਿਲਾਫ਼ ਫੈਸਲਾਕੁੰਨ ਸੰਘਰਸ਼ ਵਿੱਢਿਆ ਜਾਵੇਗਾ। ਦਿੱਲੀ ਦੀ ਰੈਲ਼ੀ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ,ਪੰਜਾਬ ਲਈ ਅਹਿਮ ਹੈ ,ਕਿਉਂਕਿ ਦਿੱਲੀ ’ਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਪੰਜਾਬ ਦੇ ਐਨਪੀਐਸ ਮੁਲਾਜ਼ਮ ਦਿੱਲੀ ਵਾਸੀਆਂ ’ਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦਾ ਕਮਜ਼ੋਰ ਚਿਹਰਾ ਨੰਗਾ ਕਰਨਗੇ। 

LEAVE A REPLY

Please enter your comment!
Please enter your name here