ਸਿਵਲ ਸਰਜਨ ਗੋਇਲ ਨੇ ਅਬੋਹਰ ਦੇ ਸ਼ਹਿਰੀ ਖੇਤਰਾਂ ਵਿੱਚ ‘ਹਰ ਸ਼ੁਕਰਵਾਰ ਡੇਂਗੂ ਤੇ ਵਾਰ’ ਮੁਹਿੰਮ ਦੀ ਕੀਤੀ ਅਗਵਾਈ

ਫਾਜ਼ਿਲਕਾ (ਦ ਸਟੈਲਰ ਨਿਊਜ਼): ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਵੱਲੋਂ ਸ਼ੁਰੂ ਕੀਤੀ ਗਈ ‘ਹਰ ਸ਼ੁਕਰਵਾਰ ਡੇਂਗੂ ਤੇ ਵਾਰ’ ਮੁਹਿੰਮ ਨੂੰ ਜਾਰੀ ਰੱਖਦਿਆਂ ਸਿਵਲ ਸਰਜਨ ਫਾਜ਼ਿਲਕਾ ਡਾਕਟਰ ਸਤੀਸ਼ ਗੋਇਲ  ਨੇ ਅਬੋਹਰ ਦੇ ਅਜੀਮਗੜ੍ਹ ਅਤੇ ਠਾਕਰ ਆਬਾਦੀ ਦਾ ਦੌਰਾ ਕਰਕੇ ਸ਼ਹਿਰ ਵਾਸੀਆਂ ਨੂੰ ਜਾਗਰੂਕ ਕੀਤਾ ਅਤੇ ਡੇਂਗੂ ਬਿਮਾਰੀ ਨਾਲ ਪੀੜਿਤ ਮਰੀਜਾ  ਦਾ ਉਹਨਾ ਦੇ ਘਰ ਜਾਕੇ  ਹਾਲ ਚਾਲ ਪੁੱਛਿਆ । ਇਸ ਦੇ ਨਾਲ ਉਹਨਾ ਨੇ ਪਾਣੀ ਦੇ ਸਰੋਤਾਂ ਦੀ ਜਾਂਚ ਕੀਤੀ ਅਤੇ ਵੈਕਟਰ ਬੋਰਨ ਬ੍ਰਾਂਚ ਦੇ ਅਧਿਕਾਰੀ ਅਤੇ ਕਰਮਚਾਰੀਆ ਨੂੰ ਹਿਦਾਇਤ ਜਾਰੀ ਕੀਤੀ।

Advertisements

ਉਨ੍ਹਾਂ ਕਿਹਾ ਕਿ ਇਸ  ਅਬੋਹਰ ਸ਼ਹਿਰੀ ਖੇਤਰ ਵਿਖੇ  ਜਨਤਕ ਜਾਗਰੂਕਤਾ ਗਤੀਵਿਧੀ ਕੀਤੀ ਜਾ ਰਹੀ ਹੈ । ਜਿਸ ਲਈ ਪੂਰੇ ਇਲਾਕੇ ਨੂੰ 8 ਭਾਗਾ ਵਿਚ ਵੰਡਿਆ ਗਿਆ ਹੈ ਜਿਸ ਵਿਚ 8 ਸਿਹਤ ਕਰਮਚਾਰੀ ਦੇ ਨਾਲ 18 ਬ੍ਰਿਡਿੰਗ ਚੈਕਰ ਦੀ ਟੀਮ ਬਣਾ ਕੇ ਅਬੋਹਰ ਕਵਰ ਕੀਤਾ ਜਾ ਰਿਹਾ ਹੈ।  ਖੁਦ ਸਿਵਲ ਸਰਜਨ ਅਤੇ ਟੀਮ ਨੇ ਕਾਫੀ ਜਗਾ ਤੇ ਪਾਣੀ ਦੇ ਸਰੋਤਾਂ ਦੀ ਚੈਕਿੰਗ ਕੀਤੀ। ਇਸ ਮੌਕੇ ਜਿਲਾ ਮਹਾਂਮਾਰੀ ਅਫ਼ਸਰ ਡਾਕਟਰ ਸੁਨੀਤਾ, ਜੇਡ ਐਮ ਓ ਫਿਰੋਜ਼ਪੁਰ ਦੀਪਇੰਦਰ ਸਿੰਘ , ਸੀਨੀਅਰ ਮੈਡੀਕਲ ਅਫ਼ਸਰ ਅਬੋਹਰ ਡਾਕਟਰ ਨੀਰਜਾ  ਗੁਪਤਾ ਅਤੇ ਵੈਕਟਰ ਬੋਰਨ ਬ੍ਰਾਂਚ ਤੋ ਟਹਿਲ ਸਿੰਘ ਨਾਲ ਸੀ।

ਇਸ ਦੌਰਾਨ ਸਿਵਲ ਸਰਜਨ  ਨੇ ਘਰ-ਘਰ ਜਾ ਕੇ ਵੱਖ-ਵੱਖ ਪਾਣੀ ਵਾਲੇ ਬਰਤਨਾਂ, ਪਾਣੀ ਦੀਆਂ ਟੈਂਕੀਆਂ, ਫੁੱਲਾਂ/ਪੌਦਿਆਂ ਦੇ ਗਮਲੇ, ਘਰਾਂ, ਪਾਰਕਾਂ ਅਤੇ ਉਸਾਰੀ ਵਾਲੀਆਂ ਥਾਵਾਂ ਦੇ ਬਾਹਰ ਜਾਂ ਅੰਦਰ ਪਏ ਪੰਛੀਆਂ ਨੂੰ ਪਾਣੀ ਪਿਲਾਉਣ ਲਈ ਵਰਤੇ ਜਾਂਦੇ ਭਾਂਡਿਆਂ ਦੀ ਜਾਂਚ ਕੀਤੀ। ਉਹਨਾ ਵੱਲੋ ਹਰ ਉਸ ਥਾਂ ਦੀ ਚੈਕਿੰਗ ਕੀਤੀ ਜਿੱਥੇ ਡੇਂਗੂ ਦਾ ਲਾਰਵਾ ਹੋਣ ਦੀ ਸੰਭਾਵਨਾ ਸੀ ਅਤੇ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਡੇਂਗੂ ਦੀ ਰੋਕਥਾਮ ਲਈ ਸਿੱਖਿਆ ਅਤੇ ਜਾਗਰੂਕਤਾ ਬਿਮਾਰੀ ਤੋਂ ਬਚਾਅ ਦੀ ਕੁੰਜੀ ਹੈ ਅਤੇ ਇਹ ਆਈ ਈ ਸੀ (ਸੂਚਨਾ ਸਿੱਖਿਆ ਅਤੇ ਸੰਚਾਰ) ਮੁਹਿੰਮ ਦਸੰਬਰ ਤੱਕ ਜਾਰੀ ਰਹੇਗੀ ਜਦੋਂ ਤੱਕ ਮੱਛਰ ਦੇ ਲਾਰਵੇ ਦਾ ਪ੍ਰਜਣਨ ਸੀਜ਼ਨ ਨਹੀਂ ਜਾਂਦਾ।

ਆਪਣੇ ਦੌਰੇ ਦੌਰਾਨ ਉਨ੍ਹਾ ਨੇ ਖਾਲੀ ਪਲਾਟਾਂ ਵਿੱਚ ਪਾਏ ਗਏ ਲਾਰਵੇ ਦਾ ਵੀ ਸਖ਼ਤ ਨੋਟਿਸ ਲਿਆ ਅਤੇ ਟੀਮਾ ਨੂੰ ਬਣਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਸਿਵਲ ਸਰਜਨ ਨੇ ਅਬੋਹਰ  ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਹਰ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸਵੇਰੇ 10 ਵਜੇ ਤੱਕ ਇੱਕ ਘੰਟਾ ਆਪਣੇ ਘਰਾਂ ਅਤੇ ਆਲੇ ਦੁਆਲੇ ਡੇਂਗੂ ਵਿਰੋਧੀ ਗਤੀਵਿਧੀਆਂ ਕਰਨ ਲਈ ਲਾਉਣ।  ਇਸ ਦੌਰਾਨ ਸਾਰੇ ਫੁੱਲਾਂ ਦੇ ਗਮਲੇ, ਕੂਲਰ ਚ ਖੜ੍ਹਾ ਪਾਣੀ, ਫਰਿੱਜ ਦੀਆਂ ਟਰੇਆਂ ਅਤੇ ਖੁੱਲ੍ਹੇ ਵਿੱਚ ਪਏ ਪਾਣੀ ਨਾਲ ਭਰੇ ਹੋਰ ਕਿਸੇ ਵੀ ਭਾਂਡੇ ਚੋਂ ਪਾਣੀ ਦੀ ਨਿਕਾਸੀ ਕਰਨ ਤੋਂ ਇਲਾਵਾ ਸੁਕਾ ਦੇਣਾ ਚਾਹੀਦਾ ਹੈ ਤਾਂ ਜੋ ਮੱਛਰ ਦੇ ਲਾਰਵੇ ਦਾ ਪ੍ਰਜਣਨ ਚੱਕਰ ਟੁੱਟ ਜਾਵੇ, ਜਿਸ ਨੂੰ ਬਾਲਗ਼ ਮੱਛਰ ਵਜੋਂ ਵਿਕਸਿਤ  ਹੋਣ ਵਿੱਚ ਇੱਕ ਹਫ਼ਤਾ ਲੱਗ ਜਾਂਦਾ ਹੈ। ਉਨ੍ਹਾਂ ਕਿਹਾ ਕਿ ਖਾਣਾ ਬਣਾਉਣ/ਤਲਣ ਲਈ ਵਰਤਿਆ ਜਾਂਦਾ ਤੇਲ ਜਦੋਂ ਵਰਤੋਂ ਯੋਗ ਨਾ ਰਹੇ ਤਾਂ ਅਸੀਂ ਉਸ ਨੂੰ ਵੀ ਖੜ੍ਹੇ ਪਾਣੀ ਵਿੱਚ ਮਿਲਾ ਕੇ ਡੇਂਗੂ ਮੱਛਰ ਦੇ ਲਾਰਵੇ ਨੂੰ ਖਤਮ ਕਰ ਸਕਦੇ ਹਾਂ।

ਡਾਕਟਰ ਸੁਨੀਤਾ  ਨੇ ਦੱਸਿਆ ਕਿ ਡੇਂਗੂ ਦਾ ਟੈਸਟ ਅਤੇ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਬਿਲਕੁਲ ਮੁਫ਼ਤ ਹੈ ਪਰ ਅਸੀਂ ਕੁਝ ਸਾਧਾਰਨ ਸਾਵਧਾਨੀਆਂ ਅਪਣਾ ਕੇ ਡੇਂਗੂ ਤੋਂ ਆਪਣੇ ਆਪ ਨੂੰ ਬਚਾ ਸਕਦੇ ਹਾਂ।  ਵਸਨੀਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਅੱਗੇ ਆਉਣ ਅਤੇ ਆਪਣੀਆਂ ਸੁਸਾਇਟੀਆਂ ਜਾਂ ਮੁਹੱਲਿਆਂ ਵਿੱਚ ਲੋਕਾਂ ਨੂੰ ਅਜਿਹੀਆਂ ਸਾਵਧਾਨੀਆਂ ਬਾਰੇ ਜਾਗਰੂਕ ਕਰਕੇ ਇਸ ਮੁਹਿੰਮ ਦੀ ਅਗਵਾਈ ਕਰਨ। ਇਸ ਦੌਰਾਨ ਸਿਹਤ ਕਰਮਚਾਰੀ ਅਤੇ  ਹੋਰ ਮੌਜੂਦ ਸੀ।

LEAVE A REPLY

Please enter your comment!
Please enter your name here