ਮਸ਼ਾਲ ਮਾਰਚ ਸੂਬੇ ਭਰ ਵਿੱਚ ਨੌਜਵਾਨਾਂ ਨੂੰ ਖੇਡ ਸੱਭਿਆਚਾਰ ਨਾਲ ਜੁੜਨ ਦਾ ਦੇਵੇਗੀ ਸੁਨੇਹਾ: ਚੇਅਰਮੈਨ ਸੇਖਵਾਂ

ਗੁਰਦਾਸਪੁਰ, (ਦ ਸਟੈਲਰ ਨਿਊਜ਼ ): ਪੰਜਾਬ ਨੂੰ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਅਤੇ ਖੇਡ ਸੱਭਿਆਚਾਰ ਪੈਦਾ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਉਤੇ ਸ਼ੁਰੂ ਕੀਤੀਆਂ ਗਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਪਹਿਲੇ ਸਾਲ ਦੀ ਸਫਲਤਾ ਤੋਂ ਬਾਅਦ ਇਸ ਸਾਲ ਸੀਜ਼ਨ-2 ਤੋਂ ਸ਼ੁਰੂਆਤ ਤੋਂ ਪਹਿਲਾਂ ਖੇਡਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪਹਿਲੀ ਵਾਰ ਮਸ਼ਾਲ ਮਾਰਚ ਸ਼ੁਰੂ ਕੀਤਾ ਗਿਆ ਹੈ।

Advertisements

ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਦੱਸਿਆ ਕਿ ਖੇਡਾਂ ਦੀ ਰਵਾਇਤ ਮੁਤਾਬਕ ਇਸ ਵਾਰ ਖੇਡਾਂ ਵਤਨ ਪੰਜਾਬ ਦੀਆਂ ਦੇ ਸੀਜ਼ਨ-2 ਦੇ ਉਦਘਾਟਨੀ ਸਮਾਰੋਹ ਮੌਕੇ ਜਲਾਈ ਜਾਣ ਵਾਲੀ ਮਸ਼ਾਲ ਨੂੰ ਇਕ ਹਫਤਾ ਪੂਰੇ ਪੰਜਾਬ ਵਿੱਚ ਹਰ ਜ਼ਿਲ੍ਹਾ ਹੈਡਕੁਆਟਰ ਵਿੱਚ ਲਿਜਾਇਆ ਜਾਵੇਗਾ ਜਿਸ ਦੀ ਸ਼ੁਰੂਆਤ 22 ਅਗਸਤ ਤੋਂ ਲੁਧਿਆਣਾ ਤੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਮਸ਼ਾਲ ਪੂਰੇ ਪੰਜਾਬ ਵਿੱਚ ਮਾਰਚ ਕਰਨ ਤੋਂ ਬਾਅਦ ਬਠਿੰਡਾ ਵਿਖੇ 29 ਅਗਸਤ ਨੂੰ ਪਹੁੰਚੇਗੀ ਜਿੱਥੇ ਖੇਡਾਂ ਦੇ ਦੂਜੇ ਸੀਜ਼ਨ ਦਾ ਉਦਘਾਟਨ ਹੋਵੇਗਾ। ਉਨ੍ਹਾਂ ਦੱਸਿਆ ਕਿ ਹਰ ਜ਼ਿਲ੍ਹਾ ਹੈਡਕੁਆਟਰ ਉਤੇ ਮਸ਼ਾਲ ਮਾਰਚ ਵਿੱਚ ਸਥਾਨਕ ਉੱਘੇ ਖਿਡਾਰੀ, ਖੇਡ ਵਿਭਾਗ ਦੇ ਕਰਮਚਾਰੀ, ਸਥਾਨਕ ਨੁਮਾਇੰਦੇ ਅਤੇ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀ ਸ਼ਾਮਲ ਹੋਣਗੇ।

ਮਸ਼ਾਲ ਮਾਰਚ ਦੇ ਵੇਰਵੇ ਜਾਰੀ ਕਰਦਿਆਂ ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਅੱਗੇ ਦੱਸਿਆ ਕਿ ਇਹ ਮਸ਼ਾਲ ਯਾਤਰਾ  ਲੁਧਿਆਣਾ, ਮੋਗਾ, ਫਿਰੋਜ਼ਪੁਰ, ਤਰਨਤਾਰਨ, ਅੰਮ੍ਰਿਤਸਰ ਤੋਂ ਹੁੰਦੀ ਹੋਈ 24 ਅਗਸਤ ਨੂੰ ਗੁਰਦਾਸਪੁਰ ਵਿਖੇ ਪਹੁੰਚੇਗੀ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਵਿਚੋਂ ਲੰਗਣ ਤੋਂ ਬਾਅਦ ਇਹ ਮਸ਼ਾਲ ਯਾਤਰਾ 24 ਅਗਸਤ ਨੂੰ ਹੀ ਪਠਾਨਕੋਟ ਤੇ ਹੁਸ਼ਿਆਰਪੁਰ, 25 ਅਗਸਤ ਨੂੰ ਜਲੰਧਰ, ਸ਼ਹੀਦ ਭਗਤ ਸਿੰਘ ਨਗਰ ਤੇ ਰੂਪਨਗਰ, 26 ਅਗਸਤ ਨੂੰ ਐਸ.ਏ.ਐਸ.ਨਗਰ, ਫਤਹਿਗੜ੍ਹ ਸਾਹਿਬ ਤੇ ਮਾਲੇਰਕੋਟਲਾ, 27 ਅਗਸਤ ਨੂੰ ਪਟਿਆਲਾ, ਸੰਗਰੂਰ ਤੇ ਮਾਨਸਾ, 28 ਅਗਸਤ ਨੂੰ ਬਰਨਾਲਾ, ਫਰੀਦਕੋਟ ਤੇ ਫਾਜ਼ਿਲਕਾ ਅਤੇ 29 ਅਗਸਤ ਨੂੰ ਸ੍ਰੀ ਮੁਕਤਸਰ ਸਾਹਿਬ ਤੇ ਬਠਿੰਡਾ ਵਿਖੇ ਪਹੁੰਚੇਗੀ।  ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਤਾਂ ਜੋ ਪੰਜਾਬ ਨੂੰ ਹੱਸਦਾ ਖੇਡਦਾ ਅਤੇ ਰੰਗਲਾ ਪੰਜਾਬ ਬਣਾਇਆ ਜਾ ਸਕੇ।   

LEAVE A REPLY

Please enter your comment!
Please enter your name here