ਸਰਕਾਰੀ ਹਸਪਤਾਲਾਂ ਵਿੱਚ ਵਧੀਆ ਸਿਹਤ ਸੁਵਿਧਾਵਾਂ ਦੇਣ ਦਾ ਵਾਅਦਾ ਪੂਰਾ ਕਰਨ ਲਈ ਸਰਕਾਰ ਨੂੰ ਜ਼ਮੀਨੀ ਪੱਧਰ ਤੇ ਕਰਨਾ ਹੋਵੇਗਾ ਕੰਮ!

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਜੋਤੀ। ਪੰਜਾਬ ਦੀ ਆਮ ਆਦਮੀ ਪਾਰਟੀ ਵੱਲੋ ਸੱਤਾ ਵਿੱਚ ਆਉਣ ਤੋ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕਈ ਸਾਰੇ ਵਾਅਦੇ ਕੀਤੇ ਗਏ ਸਨ। ਸੱਤਾਂ ਵਿੱਚ ਆਉਣ ਲਈ ਆਪ ਪਾਰਟੀ ਵੱਲੋ ਲੋਕਾਂ ਨੂੰ ਵਧੀਆ ਸਿਹਤ ਸਹੂਲਤਾ ਅਤੇ ਵਧੀਆ ਸਿੱਖਿਆ ਅਤੇ ਮਹਿਲਾਵਾਂ ਨੂੰ ਹਰ ਮਹੀਨੇ 1000 ਹਜ਼ਾਰ ਰੁਪਏ ਦੇਣ ਦਾ ਵੀ ਵਾਅਦਾ ਕੀਤਾ ਗਿਆ ਸੀ। ਪਰ ਹੁਣ ਆਪ ਦੀ ਸਰਕਾਰ ਬਣੀ ਨੂੰ ਕਰੀਬ 2 ਸਾਲ ਪੂਰੇ ਹੋਣ ਵਾਲੇ ਹਨ ਪਰ ਕਿਤੇ ਵੀ ਲੋਕਾਂ ਨੂੰ ਵਧੀਆ ਸਹੂਲਤਾਂ ਮਿਲਦੀਆ ਨਜ਼ਰ ਨਹੀ ਆ ਰਹੀਆਂ, ਚਾਹੇ ਉਹ ਸਰਕਾਰੀ ਸਕੂਲ, ਕਾਲਜ ਜਾਂ ਫਿਰ ਹਸਪਤਾਲ ਹੋਣ। ਖਾਸ ਕਰਕੇ ਸਿਹਤ ਸੁਵਿਧਾਵਾਂ ਨੂੰ ਲੈ ਕੇ ਸਰਕਾਰ ਵੱਲੋਂ ਕੀਤੇ ਜਾ ਰਹੇ ਦਾਅਵੇ ਪੂਰੀ ਤਰਾਂ ਨਾਲ ਫੇਲ ਸਾਬਿਤ ਹੋ ਰਹੇ ਹਨ। ਇਸਦੀ ਤਾਜ਼ਾ ਮਿਸਾਲ ਸਰਕਾਰੀ ਹਸਪਤਾਲਾਂ ਵਿੱਚ ਮਰੀਜਾਂ ਦੀਆਂ ਲੰਬੀਆ ਲੰਬੀਆ ਲਾਇਨਾਂ ਨੂੰ ਦੇਖ ਕੇ ਆਮ ਹੀ ਮਿਲ ਜਾਂਦੀ ਹੈ।

Advertisements

ਇਕ ਸਾਧਾਰਣ ਮਰੀਜ਼ ਨੂੰ ਦਵਾਈ ਲੈਣ ਲਈ ਪੂਰਾ ਦਿਨ ਖੱਜਲ-ਖੁਆਰ ਹੋਣਾ ਪੈਂਦਾ ਹੈ। ਸਿਵਿਲ ਹਸਪਤਾਲ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਪਹਿਲਾਂ ਤਾਂ ਚੈਕਅਪ ਕਰਵਾਉਣ ਲਈ ਪਰਚੀ ਵਾਲੀ ਲਾਇਨ ਵਿੱਚ ਲੱਗਣਾ ਪੈਂਦਾ ਹੈ, ਜਿਸਦੇ ਲਈ ਲੋਕਾਂ ਨੂੰ ਸਵੇਰੇ 7-ਸਾਢੇ 7 ਵਜੇ ਹੀ ਖਿੜਕੀ ਦੇ ਅੱਗੇ ਲਾਇਨ ਵਿੱਚ ਲੱਗਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਪਰਚੀ ਬਣਵਾਉਣ ਤੋਂ ਬਾਅਦ ਡਾਕਟਰ ਕੋਲ ਚੈਕਅੱਪ ਲਈ ਲਾਇਨ ਲੱਗਣਾ ਪੈਂਦਾ ਹੈ ਅਤੇ ਜੇ ਡਾਕਟਰ ਵੱਲੋਂ ਟੈਸਟ ਲਿਖ ਦਿੱਤੇ ਜਾਣ ਤਾਂ ਟੈਸਟ ਕਰਵਾਉਣ ਲਈ ਵੀ ਲਾਇਨ। ਇੰਨਾਂ ਹੀ ਨਹੀਂ ਡਾਕਟਰ ਵੱਲੋਂ ਲਿਖੇ ਸਾਰੇ ਟੈਸਟ ਹਸਪਤਾਲ ਵਿੱਚ ਹੋ ਜਾਣਗੇ ਕਿ ਨਹੀਂ ਇਸਦੀ ਵੀ ਕੋਈ ਗਾਰੰਟੀ ਨਹੀਂ। ਕਿਊਕਿ ਸਿਵਿਲ ਹਸਪਤਾਲ ਵਿੱਚ ਮਸ਼ੀਨਾਂ ਅਕਸਰ ਹੀ ਖਰਾਬ ਹੀ ਰਹਿੰਦੀਆ ਹਨ। ਇਹ ਗੱਲ ਕਿਸੇ ਦੂਸਰੇ ਵੱਲੋਂ ਦੱਸੇ ਜਾਣ ਤੇ ਅਸੀ ਤੁਹਾਡੇ ਨਾਲ ਸਾਂਝੀਆ ਨਹੀਂ ਕਰ ਰਹੇ ਸਗੋਂ, ਇਸਦੀ ਸੱਚਾਈ ਜਾਨਣ ਲਈ ਸਾਡੇ ਪੱਤਰਕਾਰ ਖੁਦ ਮਰੀਜ਼ ਬਣ ਕੇ ਹਸਪਤਾਲ ਗਏ ਅਤੇ ਇਕ ਮਰੀਜ਼ ਨੂੰ ਵੀ ਨਾਲ ਲੈ ਕੇ ਗਏ ਤਾਂ ਜੋ ਪਤਾ ਲੱਗ ਸਕੇ ਕਿ ਲੋਕ ਰੋਜ਼ਾਨਾ ਕਿੰਨੀ ਪਰੇਸ਼ਾਨੀ ਵਿੱਚੋਂ ਗੁਜ਼ਰ ਕੇ ਸਿਵਿਲ ਹਸਪਤਾਲ ਵਿੱਚ ਚੈਕਅਪ ਕਰਵਾਓਦੇ ਹਨ।

ਉਹਨਾਂ ਵੱਲੋਂ ਪਰਚੀ ਬਨਵਾਉਣ ਤੋਂ ਲੈ ਕੇ ਚੈਕਅਪ ਕਰਵਾਉਣ ਅਤੇ ਦਵਾਈ ਲੈਣਾ ਕੋਈ ਜੰਗ ਜਿੱਤਣ ਤੋਂ ਘੱਟ ਨਹੀਂ ਹੁੰਦਾ। ਸਾਡੇ ਪੱਤਰਕਾਰ ਨੇ ਸਾਰੀ ਪ੍ਰਕਿਰੀਆ ਵਿੱਚੋਂ ਲੰਘਦੇ ਹੋਏ ਆਖਿਰਕਾਰ ਡਾਕਟਰ ਕੋਲ ਚੈਕਅਪ ਲਈ ਪਹੁੰਚ ਕੇ ਜਦੋਂ ਪਰਚੀ ਦਿੱਤੀ ਤਾਂ ਡਾਕਟਰ ਨੇ ਉਹਨਾਂ ਨੂੰ ਟੈਸਟ ਲਿਖ ਦਿੱਤੇ, ਇਸਤੋਂ ਬਾਅਤ ਟੈਸਟ ਲਈ ਗਏ ਤਾਂ ਉੱਥੇ ਵੀ ਲੰਬੀ ਲਾਇਨ ਵਿੱਚ ਲੱਗਣਾ ਪਿਆ। ਜਦੋਂ ਟੈਸਟਾਂ ਦੀ ਬਾਰੀ ਆਈ ਤਾਂ ਅੱਗੇ ਖੜੇ ਕਰਮਚਾਰੀ ਨੇ ਦੱਸਿਆ ਕਿ ਮਸ਼ੀਨਾਂ ਖਰਾਬ ਹਨ ਅਤੇ ਕੁੱਝ ਟੈਸਟ ਬਾਹਰੋਂ ਕਰਵਾਉਣੇ ਪੈਣਗੇ ਅਤੇ ਜੋ ਟੈਸਟ ਹੋ ਗਏ ਹਨ ਉਹਨਾਂ ਦੀ ਰਿਪੋਰਟ ਡੇਢ ਵਜੋਂ ਤੋਂ ਬਾਅਦ ਮਿਲੇਗੀ। ਇਸ ਤਰਾਂ ਨਾਲ ਪੂਰਾ ਦਿਨ ਖੱਜਲ ਖੁਆਰ ਹੁੰਦੇ ਹੋਏ ਕੁੱਝ ਟੈਸਟ ਅੰਦਰੋਂ ਅਤੇ ਕੁੱਝ ਟੈਸਟ ਬਾਹਰੋਂ ਕਰਵਾਏ ਅਤੇ ਜਦੋਂ ਰਿਪੋਰਟਾਂ ਲੈ ਕੇ ਡਾਕਟਰ ਕੋਲ ਗਏ ਤਾਂ ਡਾਕਟਰ ਉੱਠ ਚੁੱਕੇ ਸੀ। ਅਗਲੇ ਦਿਨ ਸਾਰੇ ਕੰਮ ਛੱਡ ਕੇ ਫਿਰ ਹਸਪਤਾਲ ਜਾਣਾ ਪਿਆ ਅਤੇ ਡਾਕਟਰ ਨੇ ਦਵਾਈ ਲਿਖ ਕੇ ਦਿੱਤੀ। ਪਰ ਭੀੜ ਵੱਧ ਹੋਣ ਕਾਰਣ ਦਵਾਈ ਮਿਲਣਾ ਵੀ ਮੁਸ਼ਕਲ ਹੁੰਦਾ ਵੇਖ ਇਕ ਜਾਣਕਾਰ ਨੂੰ ਮਿੰਨਤ ਕਰਨ ਤੇ ਉਸ ਨੇ ਮਦਦ ਕੀਤੀ ਤੇ ਕੁੱਝ ਹੀ ਦੇਰ ਵਿੱਚ ਦਵਾਈ ਆਦਿ ਲੈ ਕੇ ਫ੍ਰੀ ਹੋਏ।

ਯਾਨਿ ਕਿ ਕੁੱਲ ਮਿਲਾ ਕੇ ਕਹਿਏ ਕਿ ਸਰਕਾਰੀ ਹਸਪਤਾਲ ਵਿੱਚ ਸਰਕਾਰ ਦੇ ਦਾਅਵਿਆਂ ਤੋਂ ਦੂਰ ਬਹੁਤ ਸੁਧਾਰਾਂ ਦੀ ਲੋੜ ਹੈ। ਇੰਨਾ ਹੀ ਨਹੀਂ ਕਰਮਚਾਰੀ ਕੰਮ ਕਰਨ ਲਈ ਤਿਆਰ ਹੈ ਪਰ ਜੇ ਉਸ ਕੋਲ ਮਸ਼ੀਨਰੀ ਜਾਂ ਮੈਨਪਾਵਰ ਦੀ ਕਮੀ ਹੈ ਤਾਂ ਕੰਮ ਕਿਸ ਤਰਾਂ ਨਾਲ ਚੱਲ ਸਕਦਾ ਹੈ। ਪ੍ਰਾਇਵੇਟ ਹਸਪਤਾਲਾਂ ਵਿੱਚ ਇਲਾਜ ਮਹਿੰਗਾ ਹੋਣ ਕਾਰਣ ਆਮ ਤੇ ਗਰੀਬ ਲੋਕਾਂ ਲਈ ਸਰਕਾਰੀ ਹਸਪਤਾਲ ਕਿਸੇ ਵਰਦਾਨ ਤੋਂ ਘੱਟ ਨਹੀਂ, ਪਰ ਇਸ ਤਰ੍ਹਾਂ ਦੀ ਪਰੇਸ਼ਾਨੀ ਤੋਂ ਬੱਚਣ ਲਈ ਲੋਕ ਨਾ ਚਾਹੁੰਦੇ ਹੋਏ ਵੀ ਕਰਜ਼ੇ ਆਦਿ ਚੁੱਕ ਕੇ ਪ੍ਰਾਇਵੇਟ ਹਸਪਤਾਲ ਵਿੱਚ ਜਾਣ ਲਈ ਤਿਆਰ ਹੋ ਜਾਂਦੇ ਹਨ। ਸਾਡੇ ਪੱਤਰਕਾਰ ਵੱਲੋਂ ਲਿਖਿਆ ਨਿੱਜੀ ਤਜੂਰਬਾ ਸ਼ਾਇਦ ਕਈ ਲੋਕਾਂ ਨਾਲ ਬੀਤਦਾ ਹੋਵੇ। ਪਰ ਮਾਨ ਸਰਕਾਰ ਕਹਿ ਰਹੀ ਹੈ ਕਿ ਉਹਨਾਂ ਦੀ ਸਰਕਾਰ ਵੱਲੋ ਸਰਕਾਰੀ ਹਸਪਤਲਾਂ ਨੂੰ ਸਾਰੀਆ ਸੁਵਿਧਾਵਾਂ ਪ੍ਰਦਾਨ ਕੀਤੀਆ ਜਾ ਰਹੀਆ ਹਨ ਪਰ ਹੁਣ ਇਹ ਸਾਰੀਆ ਸੁਵਿਧਾਵਾਂ ਕਿੱਥੇ ਗਈਆ? ਇਹ ਸਵਾਲ ਸਿਵਿਲ ਹਸਪਤਾਲ ਵਿੱਚ ਆਉਣ ਵਾਲੇ ਹਰੇਕ ਮਰੀਜ਼ ਦੀ ਜ਼ੁਬਾਨ ਤੋਂ ਸੁਣਿਆ ਜਾ ਸਕਦਾ ਹੈ। ਜੇਕਰ ਮਰੀਜ਼ ਨੂੰ ਪੈਸੇ ਖਰਚ ਕੇ ਬਾਹਰੋ ਹੀ ਟੈਸਟ ਕਰਵਾਉਣੇ ਪੈਣ ਤਾਂ ਫਿਰ ਸਰਕਾਰੀ ਹਸਪਤਾਲਾਂ ਦਾ ਕੀ ਫਾਇਦਾ ਅਤੇ ਕੀ ਲੋਕ ਇਸੇ ਤਰਾਂ ਪਰੇਸ਼ਾਨ ਹੁੰਦੇ ਰਹਿਣਗੇ?

ਅਸੀ ਸਰਕਾਰ ਨੂੰ ਰੋਜਾਨਾ ਪਰੇਸ਼ਾਨ ਹੁੰਦੇ ਲੋਕਾਂ ਵੱਲੋਂ ਬੇਨਤੀ ਕਰਦੇ ਹਾਂ ਕਿ ਸਰਕਾਰੀ ਹਸਪਤਾਲਾਂ ਵਿੱਚ ਆਮ ਜਨਤਾ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਹਤ ਸੁਵਿਧਾਵਾਂ ਵਿੱਚ ਸੁਧਾਰ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਅਤੇ ਕਰਮਚਾਰੀਆਂ ਤੇ ਵੱਧ ਰਿਹਾ ਕੰਮ ਦਾ ਬੋਝ ਘੱਟ ਹੋ ਸਕੇ ਅਤੇ ਲੋਕ ਖੁਦ ਨੂੰ ਵਧੀਆ ਮਹਿਸੂਸ ਕਰ ਸਕਣ।

LEAVE A REPLY

Please enter your comment!
Please enter your name here