ਕਿਸਾਨਾਂ ਦੀ ਆਮਦਨ ਵਧਾਉਣ ਅਤੇ ਮਿੱਟੀ, ਪਾਣੀ ਤੇ ਹਵਾ ਨੂੰ ਦੂਸ਼ਿਤ ਹੋਣ ਤੋਂ ਵੀ ਬਚਾਉਂਦੀਆਂ ਨੇ ਜੈਵਿਕ ਖਾਦਾਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਬਾਗਬਾਨੀ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਪੰਜਾਬ ਚੇਤਨ ਸਿੰਘ ਜੌੜਾਮਾਜਰਾ ਅਤੇ ਡਾਇਰੈਕਟਰ ਬਾਗਬਾਨੀ ਪੰਜਾਬ ਸ਼ੈਲੰਦਰ ਕੌਰ, ਆਈ. ਐਫ. ਐਸ ਦੇ ਆਦੇਸ਼ਾਂ ਅਨੁਸਾਰ ਬਾਇਓਫਰਟੀਲਾਈਜ਼ਰ ਪ੍ਰੋਡਕਸ਼ਨ ਲੈਬਾਰਟਰੀ, ਬਾਗਬਾਨੀ ਅਸਟੇਟ ਛਾਉਣੀ ਕਲਾਂ ਵਿਖੇ ਕਿਸਾਨਾਂ ਲਈ ਜੈਵਿਕ ਖਾਦਾਂ ਦੇ ਲਾਭਾਂ ਅਤੇ ਸੁਚੱਜੀ ਵਰਤੋਂ ਸਬੰਧੀ ਸੂਬਾ ਪੱਧਰੀ ਟ੍ਰੇਨਿੰਗ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਸੂਬੇ ਦੇ ਸਮੂਹ ਜ਼ਿਲਿ੍ਹਆਂ ਤੋਂ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ, ਸਹਾਇਕ ਡਾਇਰੈਕਟਰ, ਬਾਗਬਾਨੀ ਵਿਕਾਸ ਅਫ਼ਸਰ ਅਤੇ ਤਕਨੀਕੀ ਸਟਾਫ ਸਮੇਤ ਕੁੱਲ 105 ਵਿਅਕਤੀਆਂ ਨੇ ਭਾਗ ਲਿਆ।

Advertisements

ਇਸ ਮੌਕੇ ਭਾਰਤ ਦੀ ਸਿਰਮੌਰ ਖੋਜ ਸੰਸਥਾ ਅਖਿਲ ਭਾਰਤੀ ਖੋਜ ਪ੍ਰੀਸ਼ਦ ਨਵੀਂ ਦਿੱਲੀ ਤੋਂ ਪ੍ਰਿੰਸੀਪਲ ਸਾਇੰਟਿਸਟ ਡਾ. ਲਵਲੀਨ ਸ਼ੁਕਲਾ ਅਤੇ ਪ੍ਰਿੰਸੀਪਲ ਸਾਇੰਟਿਸਟ ਡਾ. ਅਰਚਨਾ ਸੁਮਨ ਨੇ ਵਰਚੂਅਲ ਜੈਵਿਕ ਖਾਦਾਂ ਸਬੰਧੀ ਜਾਣਕਾਰੀ ਦਿੱਤੀ। ਡਾ. ਲਵਲੀਨ ਸ਼ੁਕਲਾ ਨੇ ਪੂਸਾ ਡੀ ਕੰਪੋਜ਼ਰ, ਮਾਈਕੋਰਾਇਜ਼ਾ ਸਬੰਧੀ ਚਾਨਣਾ ਪਾਇਆ। ਇਸੇ ਤਰ੍ਹਾਂ ਡਾ. ਅਰਚਨਾ ਸੁਮਨ ਨੇ ਅਜੋਟੋਬੈਕਟਰ, ਫਾਸਫੋਰਸ ਸੋਲੋਬਲਾਇਜ਼ਿੰਗ ਬੈਕਟੀਰੀਆ, ਜਿੰਕ ਸੋਲੋਬਲਾਇਜ਼ਿੰਗ ਬੈਕਟੀਰੀਆ ਅਤੇ ਪੋਟਾਸ਼ ਸੋਲੋਬਲਾਇਜ਼ਿੰਗ ਬੈਕਟੀਰੀਆ ਆਦਿ ਦੀ ਵਰਤੋਂ ਅਤੇ ਇਸ ਨਾਲ ਜ਼ਿਮੀਂਦਾਰਾਂ ਨੂੰ ਹੋਣ ਵਾਲੇ ਲਾਭਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਬਾਗਬਾਨੀ ਵਿਕਾਸ ਅਫ਼ਸਰ-ਕਮ-ਇੰਚਾਰਜ ਬਾਇਓਫਰਟੀਲਾਈਜ਼ਰ ਲੈਬਾਰਟਰੀ ਵਿਕਰਮ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਲੈਬ ਸੂਬੇ ਵਿਚ ਜੈਵਿਕ ਖਾਦਾਂ ਤਿਆਰ ਕਰਨ ਵਾਲੀ ਰਾਜ ਦੀ ਪਹਿਲੀ ਸਰਕਾਰੀ ਖੇਤਰ ਦੀ ਬਾਇਓਫਰਟੀਲਾਈਜ਼ਰ ਪ੍ਰੋਡਕਸ਼ਨ ਲੈਬਾਰਟਰੀ ਹੈ, ਜਿਸ ਦਾ ਉਦਘਾਟਨ ਬਾਗਬਾਨੀ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ 3 ਫਰਵਰੀ 2023 ਨੂੰ ਕੀਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਆਮਦਨ ਵਿਚ ਵਾਧਾ ਕਰਨ ਲਈ ਇਹ ਲੈਬ ਆਰ. ਕੇ. ਵੀ. ਵਾਈ ਸਕੀਮ ਤਹਿਤ ਪ੍ਰਾਪਤ ਫੰਡਾਂ ਨਾਲ 2.50 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਲੈਬ ਵਿਚ ਤਿਆਰ ਜੈਵਿਕ ਖਾਦਾਂ ਦਾ ਪ੍ਰਾਈਵੇਟ ਖੇਤਰ ਵਿਚ ਕਈ ਕੰਪਨੀਆਂ ਵੱਲੋਂ ਤਿਆਰ ਕੀਤੀਆਂ ਜੈਵਿਕ ਖਾਦਾਂ ਨਾਲੋਂ ਜੀਵਾਣੂਆਂ ਦੀ ਗਿਣਤੀ ਅਤੇ ਕੁਆਲਿਟੀ ਪੱਖੋਂ ਫੀਲਡ ਵਿਚ ਨਤੀਜਾ ਬੇਹੱਦ ਵਧੀਆ ਹੈ। ਉਨ੍ਹਾਂ ਕਿਹਾ ਕਿ ਜੈਵਿਕ ਖਾਦਾਂ ਨਾਲ ਰਸਾਇਣਿਕ ਖਾਦਾਂ ਦੀ ਵਰਤੋਂ 15 ਤੋਂ 20 ਫੀਸਦੀ ਤੱਕ ਘਟਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਮਿੱਟੀ, ਪਾਣੀ ਅਤੇ ਹਵਾ ਨੂੰ ਦੂਸ਼ਿਤ ਹੋਣ ਤੋਂ ਵੀ ਬਚਾਇਆ ਜਾ ਸਕਦਾ ਅਤੇ ਮਿੱਟੀ ਦੀ ਉਪਜ ਅਤੇ ਸਿਹਤ ਵਿਚ ਸੁਧਾਰ ਹੁੰਦਾ ਹੈ।

ਸਹਾਇਕ ਡਾਇਰੈਕਟਰ ਬਾਗਬਾਨੀ, ਸਿਟਰਸ ਅਸਟੇਟ ਭੂੰਗਾ (ਹਰਿਆਣਾ) ਜਸਪਾਲ ਸਿੰਘ ਨੇ ਅਸਟੇਟਾਂ ਪਾਸੋਂ ਕਿਸਾਨਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਵੱਧ ਤੋਂ ਵੱਧ ਕਿਸਾਨਾਂ ਤੱਕ ਪਹੁੰਚਾਉਣ ਦੀ ਅਪੀਲ ਕੀਤੀ। ਸਹਾਇਕ ਡਾਇਰੈਕਟਰ ਬਾਗਬਾਨੀ ਹਰਪ੍ਰੀਤ ਸਿੰਘ, ਜੋ ਕਿ ਉਚੇਚੇ ਤੌਰ ’ਤੇ ਮੁੱਖ ਦਫ਼ਤਰ ਮੁਹਾਲੀ ਤੋਂ ਹਾਜ਼ਰ ਹੋਏ ਨੇ ਹਾਊਸ ਨੂੰ ਸੰਦੇਸ ਦਿੱਤਾ ਕਿ ਬਾਇਓਫਰਟੀਲਾਈਜ਼ਰ ਖਾਦਾਂ ਦੀ ਵਰਤੋਂ ਕਰਕੇ ਅਸੀਂ ਕੁਦਰਤ ਦੇ ਹੋਰ ਨੇੜੇ ਹੋ ਸਕਦੇ ਹਾਂ। ਉਨ੍ਹਾਂ ਕਿਹਾ ਕਿ ਆਰਗੈਨਿਕ ਖੇਤੀ ਲਈ ਜੈਵਿਕ ਖਾਦਾਂ ਇਕ ਬਹੁਤ ਵਧੀਆ ਉਪਰਾਲਾ ਹੈ ਅਤੇ ਕਿਸਾਨਾਂ ਨੂੰ ਇਨ੍ਹਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਡਿਪਟੀ ਡਾਇਰੈਕਟਰ ਬਾਗਬਾਨੀ ਹੁਸ਼ਿਆਰਪੁਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਖੇਤੀ ਵਿਚ ਖਰਚੇ ਘਟਾਉਣ ਦੀ ਲੋੜ ਹੈ ਅਤੇ ਇਸ ਲਈ ਮਿੱਟੀ/ਪੱਤਾ ਪਰਖ ਲੈਬਾਰਟਰੀ ਵੱਲੋਂ ਰਿਪੋਰਟ ਅਨੁਸਾਰ ਕਿਸਾਨਾਂ ਵੱਲੋਂ ਜੈਵਿਕ ਖਾਦਾਂ ਦੀ ਵਰਤੋਂ ਕਰਨ ਨਾਲ ਮਿੱਟੀ ਦੀ ਉਪਜ ਅਤੇ ਕੁਆਲਿਟੀ ਵਿਚ ਵਾਧਾ ਹੋਣ ਦੇ ਨਾਲ-ਨਾਲ ਕਿਸਾਨਾਂ ਦੀ ਬੱਚਤ ਵਿਚ ਸਿੱਧੇ ਤੌਰ ’ਤੇ ਵਾਧਾ ਹੋਵੇਗਾ।

ਉਨ੍ਹਾਂ ਕਿਹਾ ਕਿ ਬਾਗਬਾਨੀ ਵਿਭਾਗ ਵੱਲੋਂ ਇਹ ਦੋਵੇਂ ਸਹੂਲਤਾਂ ਸਿਟਰਸ ਅਸਟੇਟ ਹੁਸ਼ਿਆਰਪੁਰ ਵਿਖੇ ਸਥਾਪਿਤ ਲੈਬਾਰਟਰੀਆਂ ਰਾਹੀਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਅੰਤ ਵਿਚ ਸਹਾਇਕ ਡਾਇਰੈਕਟਰ ਬਾਗਬਾਨੀ, ਸਿਟਰਸ ਅਸਟੇਟ, ਛਾਉਣੀ ਕਲਾਂ, ਹੁਸ਼ਿਆਰਪੁਰ ਬਲਵਿੰਦਰ ਸਿੰਘ ਨੇ ਇਸ ਕੈਂਪ ਵਿਚ ਸ਼ਾਮਿਲ ਹੋਏ ਵਿਗਿਆਨੀਆਂ, ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਧੰਨਵਾਦ ਕੀਤਾ ਅਤੇ ਜਾਣਕਾਰੀ ਦਿੱਤੀ ਕਿ ਇ ਸਮੇਂ ਲੈਬਾਰਟਰੀ ਵਿਚ 15 ਹਜ਼ਾਰ ਬੋਤਲ ਤਿਆਰ ਹੈ ਅਤੇ ਡਾਇਰੈਕਟਰ ਬਾਗਬਾਨੀ ਪੰਜਾਬ ਦੇ ਆਦੇਸ਼ਾਂ ਅਨੁਸਾਰ ਵੱਖ-ਵੱਖ ਜ਼ਿਲਿ੍ਹਆਂ ਅਤੇ ਬਾਗਬਾਨੀ ਅਸਟੇਟਾਂ ਨੂੰ ਬੋਤਲਾਂ ਦੀ ਵੰਡ ਕੀਤੀ ਜਾਵੇਗੀ। ਇਸ ਮੌਕੇ ਸਹਾਇਕ ਡਾਇਰੈਕਟਰ ਬਾਗਬਾਨੀ, ਹੁਸ਼ਿਆਰਪੁਰ ਸ਼ੰਮੀ ਕੁਮਾਰ, ਬਾਗਬਾਨੀ ਵਿਕਾਸ ਅਫ਼ਸਰ ਪ੍ਰੇਮ ਸਿੰਘ, ਹਰਜੀਤ ਸਿੰਘ, ਪਰਮਿੰਦਰ ਸਿੰਘ, ਲਖਬੀਰ ਸਿੰਘ ਅਤੇ ਦਫ਼ਤਰੀ ਕਰਮਚਾਰੀ ਹਾਜ਼ਰ ਸਨ।

LEAVE A REPLY

Please enter your comment!
Please enter your name here