45ਵੀਂ ਏਆਈਈਐਸਸੀਬੀ ਅਥਲੈਟਿਕਸ ਮੀਟ ਵਿਖੇ ਸ਼ਾਨਦਾਰ ਸ਼ੁਰੁਆਤ

ਪਟਿਆਲਾ (ਦ ਸਟੈਲਰ ਨਿਊਜ਼)। 45ਵੀਂ ਆਲ ਇੰਡੀਆ ਇਲੈਕਟ੍ਰੀਸਿਟੀ ਸਪੋਰਟਸ ਕੰਟਰੋਲ ਬੋਰਡ (ਏਆਈਈਐਸਸੀਬੀ) ਐਥਲੈਟਿਕਸ ਮੀਟ ਸ਼ੁੱਕਰਵਾਰ ਨੂੰ ਪਟਿਆਲਾ ਦੇ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਵਿਖੇ ਬਹੁਤ ਉਤਸ਼ਾਹ ਅਤੇ ਧੂਮ-ਧਾਮ ਨਾਲ ਸ਼ੁਰੂ ਹੋਈ।ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਦੁਆਰਾ ਇਸ ਸਮਾਗਮ ਦੀ ਮੇਜ਼ਬਾਨੀ ਕੀਤੀ ਗਈ। ਇਸ ਸਮਾਗਮ ਦੌਰਾਨ ਮਹਾਰਾਸ਼ਟਰ, ਤੇਲੰਗਾਨਾ, ਮੱਧ ਪ੍ਰਦੇਸ਼, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਉਤਰਾਖੰਡ, ਰਾਜਸਥਾਨ, ਦਿੱਲੀ, ਅਤੇ ਬੀਬੀਐਮਬੀ ਸਮੇਤ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਐਥਲੀਟਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਇਸ ਮੌਕੇ ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਖੇਡ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਦਾ ਨਿੱਘਾ ਸਵਾਗਤ ਕੀਤਾ ਗਿਆ, ਜਿਨ੍ਹਾਂ ਨੇ ਝੰਡਾ ਲਹਿਰਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ।

Advertisements

ਇਸ ਮੌਕੇ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਨੇ ਮੁਕਾਬਲਿਆਂ ਦੀ ਧੁਨ ਤੇ ਸ਼ਾਨਦਾਰ ਮਾਰਚ ਪਾਸਟ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ, ਖੇਡ ਮੰਤਰੀ ਮੀਤ ਹੇਅਰ ਨੇ ਸੂਬੇ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਵੱਲੋਂ ਖੇਡਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨਵੀਂ ਖੇਡ ਨੀਤੀ ਬਣਾ ਰਹੀ ਹੈ, ਜਿਸ ਵਿੱਚ ਅਥਲੀਟਾਂ ਨੂੰ ਨਗਦ ਇਨਾਮਾਂ ਨਾਲ ਨਿਵਾਜਣ ਸਣੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਅਤੇ ਨੌਜਵਾਨ ਖੇਡ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ‘ਤੇ ਜ਼ੋਰ ਦਿੱਤਾ ਜਾਵੇਗਾ।

ਉਨ੍ਹਾਂ ਮਾਣ ਨਾਲ ਐਲਾਨ ਕੀਤਾ ਕਿ ਹਾਲ ਹੀ ਵਿੱਚ ਹੋਈਆਂ ਏਸ਼ੀਅਨ ਖੇਡਾਂ ਦੌਰਾਨ ਪੰਜਾਬ ਦੇ 32 ਖਿਡਾਰੀਆਂ ਨੇ ਕੁੱਲ 20 ਤਗਮੇ ਜਿੱਤੇ, ਜਿਨ੍ਹਾਂ ਵਿੱਚ 8 ਸੋਨੇ, 6 ਚਾਂਦੀ ਅਤੇ 6 ਤਾਂਬੇ ਦੇ ਤਗਮੇ ਸ਼ਾਮਲ ਹਨ। ਇਹ ਖੇਡਾਂ ਦੇ 72 ਸਾਲਾਂ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਇਸ ਦੌਰਾਨ ਖੇਡ ਮੰਤਰੀ ਮੀਤ ਹੇਅਰ ਨੇ ਪੀਐਸਪੀਸੀਐਲ ਨੂੰ ਸ਼ਾਨਦਾਰ ਸਮਾਗਮ ਦੀ ਮੇਜ਼ਬਾਨੀ ਕਰਨ ਲਈ ਵਧਾਈ ਦਿੱਤੀ ਅਤੇ ਸਾਰੇ ਭਾਗੀਦਾਰਾਂ ਤੇ ਹੋਰ ਮਹਿਮਾਨਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਉਨ੍ਹਾਂ ਵਲੋਂ ਭਾਗੀਦਾਰਾਂ ਨੂੰ ਆਪਣੀ ਕਾਬਲੀਅਤ ਦੇ ਅਨੁਸਾਰ ਵਧੀਆ ਪ੍ਰਦਰਸ਼ਨ ਕਰਨ ਦੀ ਕਾਮਨਾ ਵੀ ਕੀਤੀ। ਪੀਐਸਪੀਸੀਐਲ ਦੇ ਸੀਐਮਡੀ ਇੰਜ. ਬਲਦੇਵ ਸਿੰਘ ਸਰਾਂ ਨੇ ਅਥਲੀਟਾਂ ਅਤੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਨਿੱਘਾ ਸੁਆਗਤੀ ਭਾਸ਼ਣ ਦਿੱਤਾ ਅਤੇ ਇਸ ਵੱਕਾਰੀ ਸਮਾਗਮ ਦੀ ਮੇਜ਼ਬਾਨੀ ਕਰਨ ‘ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਐਥਲੀਟਾਂ ਦੀ ਉਨ੍ਹਾਂ ਦੀਆਂ ਖੇਡਾਂ ਪ੍ਰਤੀ ਸਮਰਪਿਤ ਭਾਵਨਾ ਦੀ ਤਾਰੀਫ਼ ਵੀ ਕੀਤੀ। ਉਨ੍ਹਾਂ ਕਿਹਾ ਕਿ 45ਵੀਂ ਏਆਈਈਐਸਸੀਬੀ ਅਥਲੈਟਿਕਸ ਮੀਟ ਭਾਰਤ ਦੇ ਵੱਖ-ਵੱਖ ਕੋਨਿਆਂ ਤੋਂ ਪ੍ਰਤਿਭਾਸ਼ਾਲੀ ਅਥਲੀਟਾਂ ਨੂੰ ਇੱਕ ਛੱਤ ਹੇਠ ਇਕੱਠਾ ਕਰਦੇ ਹੋਏ, ਖੇਡ ਭਾਵਨਾ ਦਾ ਪ੍ਰਮਾਣ ਬਣਨ ਲਈ ਤਿਆਰ ਹੈ।

ਸਮਾਗਮ ਦੌਰਾਨ ਸਭ ਦੀਆਂ ਨਜ਼ਰਾਂ ਇਨ੍ਹਾਂ ਐਥਲੀਟਾਂ ‘ਤੇ ਹੋਣਗੀਆਂ, ਜਿਹੜੇ ਆਪਣਾ ਨਿੱਜੀ ਸਰਵੋਤਮ ਪ੍ਰਦਰਸ਼ਨ ਕਰਨ ਅਤੇ ਐਥਲੈਟਿਕਸ ਦੀ ਦੁਨੀਆ ਵਿਚ ਆਪਣੀ ਪਛਾਣ ਬਣਾਉਣ ਦੀ ਕੋਸ਼ਿਸ਼ ਕਰਦੇ ਹਨ।ਪੀਐਸਪੀਸੀਐਲ ਦੇ ਡਾਇਰੈਕਟਰ (ਐਡਮਿਨ) ਸ. ਜਸਬੀਰ ਸਿੰਘ ਸੁਰ ਸਿੰਘ, ਨੇ ਸਾਰੇ ਭਾਗੀਦਾਰਾਂ ਅਤੇ ਮਹਿਮਾਨਾਂ ਦਾ ਨਿੱਘਾ ਸੁਆਗਤ ਕੀਤਾ ਅਤੇ ਇਸ ਦੋ ਰੋਜ਼ਾ ਸਮਾਗਮ ਦੌਰਾਨ ਵਧੀਆ ਮਹਿਮਾਨ ਨਿਵਾਜ਼ੀ ਨੂੰ ਯਕੀਨੀ ਬਣਾਉਂਦੇ ਹੋਏ, ਉਨ੍ਹਾਂ ਨੂੰ ਸ਼ੁਭ ਕਾਮਨਾਵਾਂ ਵੀ ਦਿੱਤੀਆਂ। ਇਸ ਲੜੀ ਹੇਠ, ਦਿਨ ਦੇ ਸ਼ਡਿਊਲ ਵਿੱਚ ਅਥਲੈਟਿਕ ਮੁਕਾਬਲਿਆਂ ਦੀ ਇੱਕ ਵਿਸ਼ਾਲ ਸ਼੍ਰੇਣੀ ਸ਼ਾਮਲ ਸੀ, ਜਿਸ ਵਿੱਚ 800 ਮੀਟਰ ਦੌੜ, 110 ਮੀਟਰ ਹਰਡਲਸ, ਟ੍ਰਿਪਲ ਜੰਪ, ਡਿਸਕਸ ਥਰੋਅ, 200 ਮੀਟਰ ਦੌੜ, 400 ਮੀਟਰ ਹਰਡਲਸ, ਹਾਈ ਜੰਪ, 4×100 ਮੀਟਰ ਰਿਲੇਅ, ਹੈਮਰ ਥਰੋਅ ਅਤੇ 5000 ਮੀਟਰ ਦੌੜ ਵਰਗੇ ਮੁਕਾਬਲੇ ਸ਼ਾਮਲ ਸਨ। ਇਹ ਮੁਕਾਬਲਾ ਭਵਿੱਖ ਵਿੱਚ ਹੋਰ ਵੀ ਉਚਾਈਆਂ ਨੂੰ ਛੂਹਣ ਲਈ ਵਚਨਬੱਧ ਹੈ, ਜਿਸ ਵਿੱਚ ਦੇਸ਼ ਭਰ ਦੇ ਐਥਲੀਟਾਂ ਨੇ ਜਿੱਤ ਦਾ ਪਿੱਛਾ ਕਰਨ ਵਿੱਚ ਆਪਣੇ ਹੁਨਰ ਅਤੇ ਦ੍ਰਿੜਤਾ ਦਾ ਪ੍ਰਦਰਸ਼ਨ ਕੀਤਾ।

LEAVE A REPLY

Please enter your comment!
Please enter your name here