ਕ੍ਰਿਸ਼ੀ ਵਿਗਿਆਨ ਕੇਂਦਰ ਨੇ ਪਰਾਲੀ ਪ੍ਰਬੰਧਨ ਸਬੰਧੀ ਪਿੰਡ ਟੋਡਰਪੁਰ ਵਿਖੇ ਲਗਾਇਆ ਬਲਾਕ ਪੱਧਰੀ ਜਾਗਰੂਕਤਾ ਕੈਂਪ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਜ਼ਿਲ੍ਹਾ ਪੱਧਰੀ ਪਸਾਰ ਅਦਾਰੇ, ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਵੱਲੋਂ ਪਰਾਲੀ ਪ੍ਰਬੰਧਨ ਚੇਤਨਾ ਯਾਤਰਾ ਮੁਹਿੰਮ ਤਹਿਤ ਅੱਜ ਬਲਾਕ ਪੱਧਰੀ ਜਾਗਰੂਕਤਾ ਕੈਂਪ ਦਾ ਆਯੋਜਨ ਪਿੰਡ ਟੋਡਰਪੁਰ ਵਿਖੇ ਕੀਤਾ ਗਿਆ। ਇਸ ਕੈਂਪ ਵਿਚ ਟੋਡਰਪੁਰ ਅਤੇ ਨੇੜਲੇ ਪਿੰਡ ਪੰਜੌੜ, ਪੰਡੋਰੀ ਗੰਗਾ ਸਿੰਘ, ਪਚਨੰਗਲ ਤੇ ਨਡਾਲੋਂ ਤੋਂ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਸ਼ਿਰਕਤ ਕੀਤੀ। ਇਲਾਕੇ ਦੇ ਅਗਾਂਹਵਧੂ ਕਿਸਾਨਾਂ ਨਾਲ ਰੂਬਰੂ ਹੁੰੰਦਿਆਂ ਸਹਿਯੋਗੀ ਨਿਰਦੇਸ਼ਕ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਡਾ. ਮਨਿੰਦਰ ਸਿੰਘ ਬੌਂਸ ਨੇ ਕੇਂਦਰ ਦੀਆਂ ਪਸਾਰ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਸਮੂਹ ਕਿਸਾਨਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਪਿਛਲੇ ਸਾਲਾਂ ਦੌਰਾਨ ਪਰਾਲੀ ਪ੍ਰਬੰਧਨ ਨੂੰ ਬਾਖੂਬੀ ਅਪਣਾਇਆ ਸੀ ਅਤੇ ਉਨ੍ਹਾਂ ਹਾਜ਼ਰ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਦੇ ਇਸ ਪਵਿੱਤਰ ਕਾਰਜ ਨੂੰ ਹੋਰ ਮਜ਼ਬੂਤੀ ਨਾਲ ਮੁਹਿੰਮ ਰੂਪ ਵਿਚ ਅੱਗੇ ਤੋਰਣ ਲਈ ਵੀ ਪ੍ਰੇਰਿਤ ਕੀਤਾ। ਡਾ. ਬੌਂਸ ਨੇ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਅਤੇ ਫਸਲੀ ਰਹਿੰਦ-ਖੂੰਹਦ ਦੀ ਸੁਚੱਜੀ ਵਰਤੋਂ ਕਰਕੇ ਵਾਤਾਵਰਣ ਪੱਖੀ ਤਕਨੀਕਾਂ ਅਪਨਾਉਣ ਲਈ ਵੀ ਕਿਸਾਨਾਂ ਨੂੰ ਪ੍ਰੇਰਿਤ ਕੀਤਾ।

Advertisements

ਡਾ. ਬੌਂਸ ਨੇ ਦੱਸਿਆ ਕਿ ਪਿੰਡ ਟੋਡਰਪੁਰ ਨੂੰ ਇਸ ਕੇਂਦਰ ਵੱਲੋਂ ਸਾਲ 2018-19 ਦੌਰਾਨ ਪਰਾਲੀ ਪ੍ਰਬੰਧਨ ਪ੍ਰੋਜੈਕਟ ਅਧੀਨ ਅਪਣਾਇਆ ਗਿਆ ਸੀ ਅਤੇ ਉਸ ਤੋਂ ਬਾਅਦ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਵੱਖ-ਵੱਖ ਗਤੀਵਿਧੀਆਂ ਉਲੀਕੀਆਂ ਗਈਆਂ ਸਨ, ਖਾਸਕਰ ਪਰਾਲੀ ਪ੍ਰਬੰੰਧਨ ਬਾਬਤ।ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਮਿਲੀ ਸੇਧ ਨੂੰ ਮੁੱਖ ਰੱਖਦੇ ਹੋਏ ਇਸ ਪਿੰਡ ਦੇ ਕਿਸਾਨਾਂ ਨੇ ਝੋਨੇ ਦੀ ਪਰਾਲੀ ਦੇ ਪ੍ਰਬੰਧ ਲਈ ਵੱਖ-ਵੱਖ ਢੰਗਾਂ ਦੀ ਵਰਤੋਂ ਕੀਤੀ, ਜਿਵੇਂਕਿ ਹੈਪੀ ਸੀਡਰ ਤੇ ਸੁਪਰ ਸੀਡਰ ਰਾਂਹੀ ਝੋਨੇ ਦੀ ਪਰਾਲੀ ਨੂੰ ਖੇਤ ਵਿਚ ਹੀ ਮਿਲਾਉਣਾ। ਇਸੇ ਤਰਾਂ ਇਲਾਕੇ ਵਿਚ ਮੌਜੂਦ 6 ਬੇਲਰਾਂ ਦੀ ਵਰਤੋਂ ਵੱਡੇ ਪੱਧਰ ਤੇ ਕਰਕੇ ਅਤੇ ਗੁੱਜਰਾਂ ਦੁਆਰਾ ਪਰਾਲੀ ਨੂੰ ਪਸ਼ੂਆਂ ਦੇ ਚਾਰੇ ਲਈ ਵਰਤੋਂ ਰਾਹੀਂ ਵੀ ਇਸ ਮੁਹਿੰਮ ਵਿਚ ਅਹਿੰਮ ਯੋਗਦਾਨ ਪਾਇਆ ਗਿਆ।ਇਸ ਪਿੰਡ ਦੇ ਕਿਸਾਨਾਂ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਤੋਂ ਸਬਸਿਡੀ ਪ੍ਰਾਪਤ ਕਰਕੇ ਪੰਜ ਫਾਰਮ ਮਸ਼ੀਨਰੀ ਬੈਂਕ ਵੀ ਬਣਾਏ, ਜਿਸਦੇ ਤਹਿਤ ਵੱਖ-ਵੱਖ ਪਰਾਲੀ ਪ੍ਰਬੰਧਨ ਮਸ਼ੀਨਾਂ ਦੀ ਖਰੀਦ ਕੀਤੀ ਗਈ, ਜਿਸ ਨਾਲ ਪਰਾਲੀ ਨੂੰ ਅੱਗ ਲਗਾਉਣ ਦੇ ਰੁਝਾਨ ਵਿਚ ਕਮੀ ਆਈ। ਉਨ੍ਹਾਂ ਦੱਸਿਆ ਕਿ ਪਿੰਡ ਟੋਡਰਪੁਰ ਨੂੰ ਸਰਬੋਤਮ ਪਿੰਡ ਪੁਰਸਕਾਰ ਨਾਲ ਵੀ ਨਿਵਾਜਿਆ ਜਾ ਚੁੱਕਾ ਹੈ।

ਇਸ ਮੌਕੇ ਡਾ. ਅਜੈਬ ਸਿੰਘ, ਸਹਾਇਕ ਪ੍ਰੋਫੈਸਰ (ਐਗਰੀਕਲਚਰਲ ਇੰਜੀਨੀਅਰਿੰਗ) ਨੇ ਦੱਸਿਆ ਕਿ ਪਰਾਲੀ ਸੰਭਾਲਣਾ ਅਜੋਕੇ ਸਮੇਂ ਦੀ ਸਭ ਤੋਂ ਜਰੂਰੀ ਲੋੜ ਹੈ। ਉਨ੍ਹਾਂ ਵਿਸਥਾਰ ਨਾਲ ਪਰਾਲੀ ਪ੍ਰਬੰਧਨ ਸਬੰਧੀ ਮਸ਼ੀਨਰੀ ਅਤੇ ਤਕਨੀਕਾਂ ਬਾਬਤ ਜਾਣਕਾਰੀ ਸਾਂਝੀ ਕੀਤੀ ਅਤੇ ਪਰਾਲੀ ਦੀ ਊਰਜਾ ਵਜੋਂ, ਪਸ਼ੂਆਂ ਲਈ ਚਾਰੇ ਬਾਬਤ, ਬਾਇਉ ਗੈਸ ਪਲਾਂਟ ਵਿੱਚ, ਖੁੰਬ ਉਤਪਾਦਨ ਲਈ ਅਤੇ ਗੱਤਾ ਉਦਯੋਗ ਵਿੱਚ ਵਰਤੋਂ ਬਾਰੇ ਵੀ ਚਾਨਣਾ ਪਾਇਆ। ਡਾ. ਅਜੈਬ ਨੇ ਦੱਸਿਆ ਕਿ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਮਸ਼ੀਨਰੀ ਸਬਸਿਡੀ ’ਤੇ ਵੀ ਉਪਲਬੱਧ ਕਰਵਾਈ ਜਾ ਰਹੀ ਹੈ ਅਤੇ ਕਿਹਾ ਕਿ ਇਸ ਮਸ਼ੀਨਰੀ ਦੀ ਸੁਚੱਜੀ ਅਤੇ ਮੁਕੰਮਲ ਵਰਤੋਂ ਯਕੀਨੀ ਹੋਣੀ ਚਾਹੀਦੀ ਹੈ। ਸਬਜ਼ੀ ਵਿਗਿਆਨੀ, ਸਬਜ਼ੀ ਖੋਜ ਫਾਰਮ, ਖਨੌੜਾ ਡਾ. ਨਵਜੋਤ ਸਿੰਘ ਬਰਾੜ ਨੇ ਸਬਜ਼ੀਆਂ ਦੀ ਸਫਲ ਕਾਸ਼ਤ ਬਾਰੇ ਨੁਕਤੇ ਸਾਂਝੇ ਕੀਤੇ। ਉਨ੍ਹਾਂ ਨੇ ਕਿਸਾਨਾਂ ਨੂੰ ਆਲੂ ਦੇ ਬੀਜ ਉਤਪਾਦਨ ਲਈ ਪ੍ਰੇਰਿਤ ਕੀਤਾ ਅਤੇ ਦੱਸਿਆ ਕਿ ਇਸ ਤੋਂ ਕਿਸ ਤਰਾਂ ਮੁਨਾਫ਼ਾ ਲਿਆ ਜਾ ਸਕਦਾ ਹੈ। ਡਾ. ਬਰਾੜ ਨੇ ਫਸਲਾਂ, ਖਾਸਕਰ ਸਬਜ਼ੀਆਂ ਦੇ ਮੰਡੀਕਰਣ ਵਿਚ ਕਿਸਾਨ ਉਤਪਾਦਕ ਸੰਸਥਾਵਾਂ ਦੀ ਭੂਮਿਕਾ ਬਾਬਤ ਵੀ ਚਾਨਣਾ ਪਾਇਆ।

ਕਿਸਾਨਾਂ ਦੀ ਸਹੂਲਤ ਲਈ ਹਾੜ੍ਹੀ ਦੇ ਫਸਲਾਂ ਦਾ ਬੀਜ (ਗੋਭੀ ਸਰ੍ਹੋਂ, ਬਰਸੀਮ, ਪਿਆਜ ਤੇ ਤਾਰਾਮੀਰਾ), ਚਾਰੇ ਦੀਆਂ ਕਿੱਟਾਂ, ਕਣਕ ਲਈ ਜੀਵਾਣੂ ਖਾਦ ਦਾ ਟੀਕਾ, ਪਸ਼ੂਆਂ ਲਈ ਧਾਤਾਂ ਦਾ ਚੂਰਾ ਅਤੇ ਖੇਤੀ ਸਾਹਿਤ ਵੀ ਉਪਲੱਬਧ ਕਰਵਾਇਆ ਗਿਆ। ਅੰਤ ਵਿਚ ਪਿੰਡ ਪੰਜੌੜ ਤੋਂ ਬਹਾਦਰ ਸਿੰਘ ਵੱਲੋਂ ਆਏ ਮਹਿਮਾਨਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਮੂਹ ਕਿਸਾਨਾਂ ਵੱਲੋਂ ਪਰਾਲੀ ਪ੍ਰਬੰਧਨ ਦੇ ਮਨੋਰਥ ਵਿੱਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਵਾਇਆ ਗਿਆ। ਕੈਂਪ ਵਿਚ ਵੱਖ-ਵੱਖ ਪਿੰਡਾਂ ਦੇ ਅਗਾਂਹਵਧੂ ਕਿਸਾਨਾਂ ਪਿੰਡ ਟੋਡਰਪੁਰ ਤੋਂ ਸੰਦੀਪ ਸਿੰਘ, ਸੁਖਵਿੰਦਰ ਸਿੰਘ, ਪ੍ਰਦੀਪ ਸਿੰਘ, ਜਗਤਾਰ ਸਿੰਘ, ਅੰਮ੍ਰਿਤ ਸਿੰਘ, ਅਜੈਬ ਸਿੰਘ, ਪਿੰਡ ਪੰਜੌੋੜ ਤੋਂ ਬਹਾਦਰ ਸਿੰਘ, ਸਤਨਾਮ ਸਿੰਘ, ਗੁਰਪ੍ਰੀਤ ਸਿੰਘ, ਪਿੰਡ ਪੰਡੋਰੀ ਗੰਗਾ ਸਿੰਘ ਤੋਂ ਸੰਦੀਪ ਸਿੰਘ, ਕੁਲਵਰਨ ਸਿੰਘ, ਗੁਰਪ੍ਰੀਤ ਸਿੰਘ ਅਤੇ ਪਿੰਡ ਪਚਨੰਗਲ ਤੋਂ ਸੰਜੀਵ ਕੁਮਾਰ ਵੀ ਮੌਜੂਦ ਸਨ।

LEAVE A REPLY

Please enter your comment!
Please enter your name here