ਭਾਸ਼ਾ ਵਿਭਾਗ ਵਲੋਂ ਪੰਜਾਬੀ ਮਾਹ ਤਹਿਤ ਡੱਲੇਵਾਲ ਕਾਲਜ ਵਿਖੇ ਗ਼ਦਰ ਲਹਿਰ ਤੇ 9 ਨੂੰ ਸ਼ੁਰੂ ਸੈਮੀਨਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਵਲੋਂ ਪੰਜਾਬੀ ਮਾਹ ’ਤੇ ਕੀਤੇ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਵਲੋਂ ਪੰਜਾਬੀ ਵਿਕਾਸ ਮੰਚ ਹਰਿਆਣਾ ਦੇ ਸਹਿਯੋਗ ਨਾਲ ਗੁਰੂ ਨਾਨਕ ਐਜੂਕੇਸ਼ਨ ਕੰਪਲੈਕਸ ਡੱਲੇਵਾਲ ਦੇ ਵਿਹੜੇ ਮਿਤੀ 9 ਨਵੰਬਰ ਨੂੰ ‘ਗ਼ਦਰ ਲਹਿਰ ਦੀ ਵਿਚਾਰਧਾਰਾ : ਸਮਕਾਲੀ ਪ੍ਰਸੰਗਿਕਤਾ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਸਮਾਗਮ ਦੀ ਰੂਪ-ਰੇਖਾ ਸਾਂਝੀ ਕਰਦਿਆਂ ਡਾ. ਜਸਵੰਤ ਰਾਏ ਖੋਜ ਅਫ਼ਸਰ ਭਾਸ਼ਾ ਵਿਭਾਗ ਨੇ ਦੱਸਿਆ ਕਿ ਦੋ ਰੋਜ਼ਾ ਇਸ ਸਮਾਗਮ ਵਿਚ ਪਹਿਲਾ ਦਿਨ ਗ਼ਦਰ ਲਹਿਰ ’ਤੇ ਵਿਚਾਰ ਚਰਚਾ ਨੂੰ ਸਮਰਪਿਤ ਹੋਵੇਗਾ। ਦੂਜੇ ਦਿਨ ਦੋ ਪੁਸਤਕਾਂ ਦਾ ਲੋਕ ਅਰਪਣ ਅਤੇ ਵਿਦਿਆਰਥੀਆਂ ਦਾ ਪੁਸਤਕਾਂ ਅਤੇ ਈ-ਪੁਸਤਕਾਂ ਦੀ ਉਪਯੋਗਤਾ ’ਤੇ ਡੀਬੇਟ ਮੁਕਾਬਲਾ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਦੋਵੇਂ ਦਿਨ ਵਿਦਿਆਰਥੀਆਂ ਅਤੇ ਆਮ ਲੋਕਾਂ ਵਿਚ ਪੁਸਤਕ ਸਭਿਆਚਾਰ ਪੈਦਾ ਕਰਨ ਲਈ ਪੁਸਤਕ ਪ੍ਰਦਰਸ਼ਨੀ ਅਤੇ ਦੇਸ਼ ਭਗਤੀ ਸਬੰਧੀ ਕੋਰੀਓਗ੍ਰਾਫੀਆਂ, ਗਿੱਧਾ, ਭੰਗੜਾ, ਲੁੱਡੀ, ਗੀਤ-ਲੋਕ-ਗੀਤ, ਸਕਿੱਟਾਂ ਰਾਹੀਂ ਵਿਦਿਆਰਥੀ ਆਪਣੀ ਕਲਾ ਦਾ ਮੁਜ਼ਾਹਰਾ ਕਰਨਗੇ।

Advertisements

ਉਨ੍ਹਾਂ ਦੱਸਿਆ ਕਿ ਸਟੇਜ ’ਤੇ ਕਲਾਤਮਕ ਵੰਨਗੀਆਂ ਪੇਸ਼ ਕਰਨ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪ੍ਰਮਾਣ ਪੱਤਰਾਂ ਅਤੇ ਕਿਤਾਬਾਂ ਦੇ ਸੈੱਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਕਾਲਜ ਪ੍ਰਿੰਸੀਪਲ ਧੀਰਜ ਸ਼ਰਮਾ ਅਤੇ ਵਿਕਾਸ ਮੰਚ ਵਲੋਂ ਵਰਿੰਦਰ ਨਿਮਾਣਾ ਨੇ ਕਿਹਾ ਕਿ ਵਿਦਿਆਰਥੀਆਂ, ਅਧਿਆਪਕਾਂ ਅਤੇ ਆਮ ਲੋਕਾਂ ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤਤਾ ਦੇ ਨਾਲ-ਨਾਲ ਪੁਸਤਕ ਸਭਿਆਚਾਰ ਪੈਦਾ ਕਰਨ ਲਈ ਇਹੋ ਜਿਹੇ ਪ੍ਰੋਗਰਾਮ ਬਹੁਤ ਲੋੜੀਂਦੇ ਹਨ। ਇਸ ਨਾਲ ਅਜੋਕੀ ਪੀੜੀ ਵਿਚ ਆਪਣੇ ਵਿਰਸੇ ਪ੍ਰਤੀ ਮੋਹ ਪੈਦਾ ਹੋਵੇਗਾ। ਇਸ ਮੌਕੇ ਪੁਸਤਕ ਪ੍ਰਦਰਸ਼ਨੀਆਂ ਲਈ ਦਿੱਲੀ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਪ੍ਰਕਾਸ਼ਕ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੀਆਂ ਮਿਆਰੀ ਪੁਸਤਕਾਂ ਲੈ ਕੇ ਪਹੁੰਚ ਰਹੇ ਹਨ। ਸਕੂਲਾਂ-ਕਾਲਜਾਂ ਦੇ ਭਾਸ਼ਾ ਮੰਚਾਂ ਦੇ ਵਿਦਿਆਰਥੀ ਅਤੇ ਅਧਿਆਪਕ ਇਸ ਸਭਿਆਚਾਰਕ ਸਮਾਗਮ ਦਾ ਲਾਭ ਉਠਾ ਸਕਦੇ ਹਨ। ਇਸ ਸਮੇਂ ਪ੍ਰੋ. ਨੀਲਮ ਰਾਜੂ, ਪ੍ਰੋ. ਪ੍ਰਿਆ, ਪ੍ਰੋ. ਅਮਨਦੀਪ ਕੌਰ, ਪ੍ਰੋ. ਅਰੁਣ, ਪ੍ਰੋ. ਮੰਜੂ ਅਤੇ ਕਾਲਜ ਸਟਾਫ ਹਾਜ਼ਰ ਸੀ।

LEAVE A REPLY

Please enter your comment!
Please enter your name here