
ਫਾਜਿਲਕਾ (ਦ ਸਟੈਲਰ ਨਿਊਜ਼): ਪੰਜਾਬ ਸਰਕਾਰ ਯੁਵਕ ਸੇਵਾਵਾਂ, ਵਿਭਾਗ ਪੰਜਾਬ ਵੱਲੋਂ ਵਿਭਾਗ ਨਾਲ ਐਫੀਲੀਏਟਿਡ ਯੁਵਕ ਕਲੱਬਾਂ ਨੂੰ ਉਨ੍ਹਾਂ ਵੱਲੋਂ ਪਿਛਲੇ 2 ਸਾਲ ਤੋਂ ਆਪਣੇ ਪਿੰਡਾਂ ਵਿੱਚ ਪਿੰਡ ਦੀ ਭਲਾਈ, ਯੁਵਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਸਬੰਧੀ ਕੀਤੀਆਂ ਗਈਆਂ ਗਤੀਵਿਧੀਆਂ ਦੇ ਅਧਾਰ ‘ਤੇ ਵਿੱਤੀ ਸਹਾਇਤਾ ਦੇਣ ਲਈ ਜ਼ਿਲ੍ਹੇ ਭਰ ‘ਚੋਂ ਅਰਜ਼ੀਆਂ ਦੀ ਮੰਗ 5 ਦਸੰਬਰ 2023 ਤੱਕ ਕੀਤੀ ਗਈ ਹੈ। ਇਹ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਦੱਸਿਆ ਕਿ ਜਿਲ੍ਹੇ ਦੇ ਯੁਵਕ ਕਲੱਬਾਂ ਵੱਲੋਂ ਆਪਣੀਆਂ ਅਰਜ਼ੀਆਂ ਦੇ ਨਾਲ ਕਲੱਬ ਵੱਲੋਂ ਕੀਤੀਆਂ ਗਈਆਂ ਗਤੀਵਿਧੀਆਂ ਦੀਆਂ ਫੋਟੋਆਂ ਅਤੇ ਅਖਬਾਰਾਂ ਦੀਆਂ ਕਾਤਰਾਂ ਨੱਥੀ ਕੀਤੀਆਂ ਜਾਣ ਤਾਂ ਜੋ ਵਧੀਆ ਕੰਮ ਕਰਨ ਵਾਲੀਆਂ ਜ਼ਿਲ੍ਹੇ ਭਰ ‘ਚੋਂ ਯੁਵਕ ਕਲੱਬਾਂ ਦੀ ਚੋਣ ਕਰਕੇ ਉਨ੍ਹਾਂ ਨੂੰ ਖੇਡਾਂ ਦੇ ਸਮਾਨ, ਯੁਵਕ ਗਤੀਵਿਧੀਆਂ ਲਈ ਵਿੱਤੀ ਸਹਾਇਤਾ ਗ੍ਰਾਂਟ ਜਾਰੀ ਕੀਤੀ ਜਾ ਸਕੇ।

ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਚੋਂ ਯੋਗ ਯੁਵਕ ਕਲੱਬਾਂ ਦੀ ਚੋਣ ਜ਼ਿਲ੍ਹਾ ਪੱਧਰ ਤੇ ਬਣਾਈ ਗਈ ਕਮੇਟੀ ਵੱਲੋਂ ਕੀਤੀ ਜਾਵੇਗੀ। ਯੁਵਕ ਕਲੱਬਾਂ ਵੱਲੋਂ ਇਹ ਅਰਜ਼ੀਆਂ ਡੀ.ਸੀ ਕੰਪਲੈਕਸ ਕਮਰਾ ਨੰ 505 ਏ ਬਲਾਕ ਚੌਥੀ ਮੰਜਿਲ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾ ਦੇ ਦਫਤਰ ਵਿਖੇ ਜਮ੍ਹਾ ਕਰਵਾਈਆਂ ਜਾ ਸਕਦੀਆਂ ਹਨ। ਇਸ ਦੀ ਹੋਰ ਜਾਣਕਾਰੀ ਲਈ ਰਘਬੀਰ ਸਿੰਘ ਮਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਨਾਲ ਮੋਬਾਇਲ ਨੰਬਰ 9463842362, 8837534434 ਤੇ ਸੰਪਰਕ ਕੀਤਾ ਜਾ ਸਕਦਾ ਹੈ











