ਮਾਤ ਭਾਸ਼ਾ ਸਬੰਧੀ ਐਕਟ ਦੀ ਉਲੰਘਣਾ ’ਤੇ ਹੋਵੇਗਾ ਜ਼ੁੁਰਮਾਨਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਸੂਬਾ ਸਰਕਾਰ ਵਲੋਂ ਮਾਤ ਭਾਸ਼ਾ ਨੂੰ ਬਣਦਾ ਸਤਿਕਾਰ ਦੇਣ ਹਿੱਤ ਕਿਰਤ ਵਿਭਾਗ ਦੇ ਐਕਟ ਪੰਜਾਬ ਰਾਜ ਦੁਕਾਨਾਂ ਅਤੇ ਵਪਾਰਕ ਸਥਾਪਨਾ (ਪਹਿਲੀ ਤਰਮੀਮ) ਨਿਯਮ-2023 ਹੋਂਦ ਵਿਚ ਲਿਆਂਦਾ ਗਿਆ ਹੈ। ਇਹ ਐਕਟ ਪੰਜਾਬ ਰਾਜ ਵਿਚ ਸਥਿਤ ਸਮੂਹ ਦੁਕਾਨਾਂ ਅਤੇ ਅਦਾਰਿਆਂ ’ਤੇ ਲਾਗੂ ਹੁੰਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਸਵੰਤ ਰਾਏ ਨੇ ਦੱਸਿਆ ਕਿ ਇਸ ਐਕਟ ਅਨੁਸਾਰ ਸਬੰਧਤ ਦੁਕਾਨ ਜਾਂ ਅਦਾਰੇ ਦਾ ਨਾਮ ਉਪਰਲੇ ਪਾਸੇ ਪੰਜਾਬੀ ਭਾਸ਼ਾ (ਗੁਰਮੁਖੀ ਲਿੱਪੀ) ਵਿਚ ਲਿਖਿਆ ਜਾਣਾ ਯਕੀਨੀ ਬਣਾਉਣਾ ਹੈ ਅਤੇ ਜੇਕਰ ਕਿਸੇ ਹੋਰ ਭਾਸ਼ਾ ਵਿਚ ਲਿਖਣਾ ਹੋਵੇ ਤਾਂ ਪੰਜਾਬੀ ਭਾਸ਼ਾ ਤੋਂ ਹੇਠਾਂ ਦੂਸਰੀ ਭਾਸ਼ਾ ਵਿਚ ਲਿਖਿਆ ਜਾਵੇ।

Advertisements

ਇਸ ਐਕਟ ਦੀ ਪਹਿਲੀ ਵਾਰ ਉਲੰਘਣਾ ਕਰਨ ’ਤੇ ਇਕ ਹਜ਼ਾਰ ਰੁਪਏ ਦਾ ਜ਼ੁਰਮਾਨਾ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ ਹਰੇਕ ਉਲੰਘਣਾ ਲਈ ਦੋ ਹਜ਼ਾਰ ਰੁਪਏ ਦਾ ਜ਼ੁੁਰਮਾਨਾ ਕੀਤਾ ਜਾਵੇਗਾ। ਉਨ੍ਹਾਂ ਸਮੂਹ ਕਾਰਜ ਸਾਧਕ ਅਫ਼ਸਰ ਸਮੂਹ ਨਗਰ ਕੌਂਸਲਾਂ,  ਵਪਾਰ ਮੰਡਲ ਪ੍ਰਧਾਨਾਂ, ਬੈਂਕ ਮੈਨੇਜਰਾਂ, ਸਕੱਤਰ ਸਮੂਹ ਮਾਰਕੀਟ ਕਮੇਟੀਆਂ, ਪ੍ਰਾਈਵੇਟ ਸਕੂਲਾਂ ਅਤੇ ਨਗਰ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਅਤੇ ਮਾਤ ਭਾਸ਼ਾ ਦਾ ਬਣਦਾ ਸਤਿਕਾਰ ਕਾਇਮ ਰੱਖਣ ਵਿਚ ਮੋਹਰੀ ਭੂਮਿਕਾ ਨਿਭਾਉਣ। ਇਸ ਦੇ ਨਾਲ ਹੀ ਇਹ ਸਾਡਾ ਸਾਰਿਆਂ ਦਾ ਨੈਤਿਕ ਫ਼ਰਜ਼ ਵੀ ਬਣਦਾ ਹੈ ਕਿ ਅਸੀਂ ਮਾਤ ਭਾਸ਼ਾ ਦਾ ਮਾਣ ਅਤੇ ਜਲੌਅ ਕਾਇਮ ਰੱਖੀਏ। ਉਨ੍ਹਾਂ ਕਿਹਾ ਕਿ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਬੰਧਤਾਂ ਨੂੰ ਪੱਤਰ ਜਾਰੀ ਕਰਕੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਸਬੰਧੀ ਵਿਸਥਾਰ ਸਹਿਤ ਜਾਣੂ ਕਰਵਾ ਦਿੱਤਾ ਹੈ।
 

LEAVE A REPLY

Please enter your comment!
Please enter your name here