ਪ੍ਰੇਮ ਕੁਮਾਰ ਸਾਹਿਲ ‘ਉੱਤਰਾਖੰਡ ਸਾਹਿਤ ਗੌਰਵ ਸਨਮਾਨ’ ਨਾਲ ਸਨਮਾਨਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਉੱਤਰਾਖੰਡ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਵਿਚ ਸਾਹਿਤ ਸਿਰਜਣ ਬਦਲੇ ਹਰ ਸਾਲ ਪ੍ਰੋ. ਪੂਰਨ ਸਿੰਘ ਦੇ ਨਾਂ ’ਤੇ ‘ਉੱਤਰਾਖੰਡ ਸਾਹਿਤ ਗੌਰਵ ਸਨਮਾਨ’ ਦਿੱਤਾ ਜਾਂਦਾ ਹੈ। ਇਸ ਸਨਮਾਨ ਵਿਚ ਇਕ ਲੱਖ ਰੁਪਏ ਦੀ ਰਾਸ਼ੀ, ਸਨਮਾਨ ਪੱਤਰ, ਸ਼ਾਲ ਅਤੇ ਮੋਮੈਂਟੋ ਸ਼ਾਮਿਲ ਹੁੰਦਾ ਹੈ।ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਦੱਸਿਆ ਕਿ ਸਾਡੇ ਹੁਸ਼ਿਆਰਪੁਰ ਵਾਸੀਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਸ ਵਾਰ ਦਾ ਉੱਤਰਾਖੰਡ ਸਾਹਿਤ ਗੌਰਵ ਸਨਮਾਨ ਹੁਸ਼ਿਆਰਪੁਰ ਦੇ ਪਿੰਡ ਸਕਰੂਲੀ ਦੇ ਵਾਸੀ ਪ੍ਰੇਮ ਕੁਮਾਰ ਸਾਹਿਲ ਦੇ ਹਿੱਸੇ ਆਇਆ ਹੈ।ਜ਼ਿਲ੍ਹਾ ਪ੍ਰਸ਼ਾਸਨ ਇਸ ਸਨਮਾਨ ਲਈ ਪ੍ਰੇਮ ਕੁਮਾਰ ਸਾਹਿਲ ਦੀਆਂ ਲਿਖਤਾਂ ਨੂੰ ਨਤਮਸਤਕ ਹੁੰਦਾ ਹੋਇਆ ਵਧਾਈ ਦਿੰਦਾ ਹੈ।

Advertisements

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਸਵੰਤ ਰਾਏ ਨੇ ਦੱਸਿਆ ਕਿ ਪ੍ਰੇਮ ਕੁਮਾਰ ਸਾਹਿਲ ਦੇਹਰਾਦੂਨ ਵਿਖੇ ਅਧਿਆਪਨ ਦੇ ਖਿੱਤੇ ਨਾਲ ਜੁੜੇ ਹੋਏ ਬਤੌਰ ਪ੍ਰਿੰਸੀਪਲ ਤਾਂ ਸੇਵਾਮੁਕਤ ਹੋ ਗਏ ਹਨ, ਪਰ ਬਤੌਰ ਕਾਵਿ ਸਿਰਜਕ ਕਾਰਜਸ਼ੀਲ ਹੈ।ਸਾਹਿਲ ਦੀ ਕਲਮ ਨੇ ਹੁਣ ਤੱਕ ਸੱਤ ਕਾਵਿ ਸੰਗ੍ਰਹਿ ਪੰਜਾਬੀ ਵਿਚ, ਚਾਰ ਹਿੰਦੀ ਵਿਚ ਅਤੇ ਇਕ ਨਾਮਵਰ ਹਿੰਦੀ ਕਵੀ ਲੀਲਾਧਰ ਜਗੂੜੀ ਦੀ ਸਾਹਿਤ ਅਕਾਦਮੀ ਜੇਤੂ ਕਾਵਿ ਪੁਸਤਕ ਦਾ ਪੰਜਾਬੀ ਵਿਚ ਅਨੁਵਾਦ ਕੀਤਾ ਹੈ।ਇਨ੍ਹਾਂ ਪੁਸਤਕਾਂ ਤੋਂ ਇਲਾਵਾ ਸਾਹਿਲ ਦੀਆਂ ਕਵਿਤਾਵਾਂ ਪੰਜਾਬੀ ਅਤੇ ਹਿੰਦੀ ਦੇ ਮੈਗਜ਼ੀਨਾਂ ਤੋਂ ਇਲਾਵਾ ਅਖ਼ਬਾਰਾਂ ਵਿਚ ਵੀ ਛਪਦੀਆਂ ਰਹਿੰਦੀਆਂ ਹਨ।ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਸਾਹਿਤ ਦੇ ਖੇਤਰ ਵਿਚ ਜ਼ਿਲ੍ਹੇ ਦਾ ਨਾਂ ਰੌਸ਼ਨ ਕਰਨ ਬਦਲੇ ਪ੍ਰੇਮ ਕੁਮਾਰ ਸਾਹਿਲ ਨੂੰ ਭਾਸ਼ਾ ਵਿਭਾਗ ਦੇ ਪ੍ਰਮਾਣ ਪੱਤਰ ਅਤੇ ਅੱਠ ਸਦੀਆਂ ਪਹਿਲਾਂ ਲਿਖੀ ਤੇ ਦੁਨੀਆ ਭਰ ਦੀਆਂ ਭਾਸ਼ਾਵਾਂ ਵਿਚ ਅਨੁਵਾਦ ਹੋਈ ਸ਼ੇਖ ਸਾਅਦੀ ਦੀ ਪੁਸਤਕ ‘ਗੁਲਿਸਤਾਂ ਬੋਸਤਾਂ ਨਾਲ ਸਨਮਾਨਤ ਕੀਤਾ।ਇਸ ਮੌਕੇ ਸਾਹਿਲ ਦੇ ਛੋਟੇ ਭਰਾ ਪਰਮਜੀਤ ਸਿੰਘ, ਲਵਪ੍ਰੀਤ, ਲਾਲ ਸਿੰਘ ਅਤੇ ਪੁਸ਼ਪਾ ਰਾਣੀ ਵੀ ਮੌਜੂਦ ਸਨ।

LEAVE A REPLY

Please enter your comment!
Please enter your name here