ਡਿਪਟੀ ਕਮਿਸ਼ਨਰ ਨੇ ਚਿਰਾਗ਼ ਮੈਗਜ਼ੀਨ ਦਾ 123ਵਾਂ ਅੰਕ ਲੋਕ ਅਰਪਣ ਕੀਤਾ

ਹੁਸ਼ਿਆਰਪੁਰ (ਦ ਸ੍ਟੈਲਰ ਨਿਊਜ਼): ਪਿਛਲੇ ਸਾਢੇ ਤਿੰਨ ਦਹਾਕਿਆਂ ਤੋਂ ਪੰਜਾਬੀ ਸਾਹਿਤ ਜਗਤ ਵਿਚ ਆਪਣੀਆਂ ਮਿਆਰੀ ਰਚਨਾਵਾਂ ਨਾਲ ਸਨਮਾਨਯੋਗ ਥਾਂ ਬਣਾ ਚੁੱਕੇ ਚਿਰਾਗ਼ ਮੈਗਜ਼ੀਨ ਦਾ 123ਵਾਂ ਅੰਕ ਡਿਪਟੀ ਕਮਿਸ਼ਨਰ ਕੋਮਲ ਮਿਤਲ ਵੱਲੋਂ ਲੋਕ ਅਰਪਣ ਕੀਤਾ ਗਿਆ। ਮੈਗਜ਼ੀਨ ਦੀ ਸੰਪਾਦਕੀ ਟੀਮ ਨੂੰ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨਸਾਨ ਨੂੰ ਸੰਵੇਦਨਸ਼ੀਲ ਬਣਾਉਣ ਲਈ ਸਾਹਿਤ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਦੁਨੀਆ ਭਰ ਦੇ ਸਾਹਿਤ ਨੇ ਬੰਦੇ ਵਿਚ ਬੰਦਿਆਈ ਪੈਦਾ ਕਰਨ ਲਈ ਮਾਰਮਿਕ ਭੂਮਿਕਾ ਨਿਭਾਈ ਹੈ ਅਤੇ ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ। ਸਮਕਾਲੀ ਸਾਹਿਤ ਰਾਹੀਂ ਸਮਾਜ ਦੀ ਚੰਗਿਆਈ ਜਾਂ ਬੁਰਿਆਈ ਨੂੰ ਰੂਪਮਾਨ ਹੁੰਦਿਆਂ ਦੇਖਿਆ ਜਾ ਸਕਦਾ ਹੈ।

Advertisements

ਮੈਗਜ਼ੀਨ ਰਾਹੀਂ ਪਾਠਕਾਂ ਨੂੰ ਅੱਖਰਾਂ ਨਾਲ ਜੋੜਨ ਲਈ ਉਨ੍ਹਾਂ ਨੇ ਸਮੁੱਚੀ ਸੰਪਾਦਕੀ ਟੀਮ ਨੂੰ ਵਧਾਈ ਦਿੱਤੀ। ਮੈਗਜ਼ੀਨ ਬਾਰੇ ਗੱਲ ਕਰਦਿਆਂ ਜ਼ਿਲ੍ਹਾ ਖੋਜ ਅਫ਼ਸਰ ਡਾ. ਜਸਵੰਤ ਰਾਏ ਨੇ ਕਿਹਾ ਕਿ ਚਿਰਾਗ਼ ਦਾ ਇਸ ਵਾਰ ਦਾ ਅੰਕ ਪੰਜਾਬੀ ਭਾਸ਼ਾ ਦੇ ਪ੍ਰਸਿੱਧ ਕਹਾਣੀਕਾਰਾਂ ਬਲਵੰਤ ਫਰਵਾਲੀ, ਤ੍ਰਿਪਤਾ ਕੇ. ਸਿੰਘ ਅਤੇ ਪ੍ਰਵੇਜ਼ ਸੰਧੂ ਦੀਆਂ ਕਹਾਣੀਆਂ ਨਾਲ ਸ਼ਿੰਗਾਰਿਆਂ ਹੋਇਆ ਹੈ। ਇਸ ਤੋਂ ਇਲਾਵਾ ਕਵਿਤਾ ਭਾਗ , ਅਲੋਚਨਾਤਮਕ ਲੇਖ, ਪੁਸਤਕ ਰਿਵਿਊ, ਅਨੁਵਾਦ ਅਤੇ ਹੋਰ ਵੀ ਬਹੁਤ ਸਾਰੀ ਉਮਦਾ ਸਾਹਿਤਕ ਸਮੱਗਰੀ ਇਸ ਅੰਕ ਦਾ ਹਾਸਿਲ ਹੈ। ਇਸ ਮੈਗਜ਼ੀਨ ਦੇ ਸੰਪਾਦਕ ਪ੍ਰਸਿੱਧ ਲੋਕਧਾਰਾ ਵਿਗਿਆਨੀ ਡਾ. ਕਰਮਜੀਤ ਸਿੰਘ ਨੇ ਚਿਰਾਗ਼ ਮੈਗਜ਼ੀਨ ਦੀਆਂ ਰਚਨਾਵਾਂ ਰਾਹੀਂ ਪਾਠਕਾਂ ਨਾਲ ਵਧੀਆ ਰਿਸ਼ਤਾ ਸਥਾਪਿਤ ਕੀਤਾ ਹੈ। ਮੈਗਜ਼ੀਨ ਨੂੰ ਲੋਕ ਅਰਪਣ ਕਰਨ ਸਮੇਂ ਤ੍ਰਿਪਤਾ ਕੇ. ਸਿੰਘ ਅਤੇ ਡਾ. ਰਿਤੂ ਕੁਮਰਾ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here