
ਚੰਡੀਗੜ੍ਹ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਲੋਕ ਸਭਾ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਲਗਾਤਾਰ ਜਾਰੀ ਹੈ। ਸ਼ੁਰੂਆਤੀ ਰੁਝਾਨਾਂ ਵਿਚ ਐਨਡੀਏ ਅੱਗੇ ਚੱਲ ਰਿਹਾ ਹੈ। ਇਸਤੋਂ ਇਲਾਵਾ ਇੰਡੀਆ ਗੱਠਜੋੜ ਵੀ ਤਕੜੀ ਟੱਕਰ ਦੇ ਰਿਹਾ ਹੈ। ਪੰਜਾਬ ਦੀ ਗੱਲ ਕਰੀਏ ਤਾਂ ਇਥੇ ਕਾਂਗਰਸ ਨੂੰ ਸ਼ੁਰੂਆਤੀ ਰੁਝਾਨਾਂ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਆਪ ਪਿੱਛੇ ਚੱਲ ਰਹੀ ਹੈ। ਇਸ ਸਮੇਂ ਸਭ ਤੋਂ ਵੱਧ ਚਰਚਾ ਮੁੱਖ ਮੰਤਰੀ ਭਗਵੰਤ ਮਾਨ ਦੇ 13-0 ਵਾਲੇ ਦਾਅਵੇ ਦੀ ਹੋ ਰਹੀ ਹੈ।

ਦੱਸ ਦਈਏ ਕਿ ਮਾਨ ਨੇ ਦਾਅਵਾ ਕੀਤਾ ਸੀ ਕਿ ਆਪ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਉਤੇ ਜਿੱਤ ਹਾਸਲ ਕਰੇਗੀ, ਪਰ ਹੁਣ ਤੱਕ ਦੇ ਆਏ ਰੁਝਾਨ ਕੁਝ ਹੋਰ ਹੀ ਇਸ਼ਾਰਾ ਕਰ ਰਹੇ ਹਨ। ਰੁਝਾਨਾਂ ਵਿਚ ਹੁਸ਼ਿਆਰਪੁਰ, ਅਨੰਦਪੁਰ ਸਾਹਿਬ ਅਤੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਅੱਗੇ ਹੈ। ਗੁਰਦਾਸਪੁਰ, ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ ਅਤੇ ਪਟਿਆਲਾ ਤੋਂ ਕਾਂਗਰਸ ਅੱਗੇ ਹੈ।












