
ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਧਰਤੀ ਨੂੰ ਹਰਿਆ ਭਰਿਆ ਕਰਨ ਦੇ ਮਨੋਰਥ ਨਾਲ ਸਮਾਜ ਸੇਵੀ ਸੰਸਥਾ ਬੀਸੀਐਸ ਵਲੋਂ ਵਾਤਾਵਰਨ ਸੁਰੱਖਿਆ ਮੁਹਿੰਮ ਦੀ ਸ਼ੁਰੂਆਤ ਸੰਸਥਾ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਦੀ ਅਗਵਾਈ ਹੇਠ ਕਪੂਰਥਲਾ ਦੇ ਪਿੰਡ ਸ਼ਾਲਾਪੁਰ ਬੇਟ ਦੇ ਸ਼ਮਸ਼ਾਨਘਾਟ ਵਿੱਚ 100 ਤੋਂ ਵੱਧ ਛਾਂਦਾਰ ਅਤੇ ਫਲਦਾਰ ਬੂਟੇ ਲਗਾ ਕੇ ਕੀਤੀ ਗਈ। ਸੰਸਥਾ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਨਿੰਮ, ਟਾਹਲੀ, ਸੁਖਚੈਨ, ਜਾਮਨ,ਪਿੱਪਲ, ਗਲਾਬੀ ਤੁਣ ਅਤੇ ਅਮਰੂਦ ਦੇ 100 ਤੋਂ ਵੱਧ ਬੂਟੇ ਲਗਾਏ। ਸਥਾਨਿਕ ਚੋਣਵੇਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਵਾਤਾਵਰਨ ਪ੍ਰੇਮੀ ਜੋਗਾ ਸਿੰਘ ਅਟਵਾਲ ਨੇ ਕਿਹਾ ਕੇ ਧਰਤੀ ਨੂੰ ਹਰਿਆ ਭਰਿਆ ਕਰਨ ਲਈ ਸੰਸਥਾ ਵਲੋਂ ਸਿਰਤੋੜ ਯਤਨ ਕੀਤੇ ਜਾ ਰਹੇ ਹਨ।ਮੌਨਸੂਨ ਮੌਸਮ ਦੌਰਾਨ ਸੰਸਥਾ ਬੀਸੀਐਸ ਵਲੋਂ ਪਿੰਡਾਂ/ਸ਼ਹਿਰਾਂ ਦੀਆਂ ਜਨਤਕ ਥਾਵਾਂ ਉੱਤੇ 2000 ਤੋਂ ਵੱਧ ਪੌਦੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ। ਉਨਾਂ ਕਿਹਾ ਕਿ ਰੁੱਖ ਧਰਤੀ ਲਈ ਫੇਫੜਿਆਂ ਦਾ ਕੰਮ ਕਰਦੇ ਹਨ ਅਤੇ ਧਰਤੀ ਹੇਠਲੇ ਪਾਣੀ ਦੇ ਸਤਰ ਨੂੰ ਬਰਾਬਰ ਰੱਖਣ ਵਿੱਚ ਸਹਾਈ ਹੁੰਦੇ ਹਨ।

ਇੱਥੇ ਹੀ ਬਸ ਨਹੀਂ ਵਾਤਾਵਰਨ ਦੀ ਸ਼ੁੱਧਤਾ ਤੇ ਗਰਮੀ ਦੇ ਮੌਸਮ ਦੇ ਬੁਰੇ ਪ੍ਰਭਾਵ ਨੂੰ ਘਟਾਉਣ ਲਈ ਰੁੱਖਾਂ ਦਾ ਅਹਿਮ ਰੋਲ ਹੁੰਦਾ ਹੈ। ਇਸ ਲਈ ਹਰ ਮਨੁੱਖ ਨੂੰ ਅਪਣੇ ਹਿੱਸੇ ਦੇ ਰੁੱਖ ਜ਼ਰੂਰ ਲਗਾਉਣੇ ਚਾਹੀਦੇ ਹਨ, ਤਾਂ ਕਿ ਸਾਡੀ ਆਉਣ ਵਾਲੀਆਂ ਪੀੜ੍ਹੀਆਂ,ਸਾਡੇ ਬੱਚਿਆਂ ਨੂੰ ਸੁਰੱਖਿਅਤ ਵਾਤਾਵਰਣ ਮਿਲ ਸਕੇ। ਸਮਾਜ ਸੇਵੀ ਜਸਵੀਰ ਸ਼ਾਲਾਪੁਰੀ ਨੇ ਬੀਸੀਐਸ ਦੀ ਟੀਮ ਦਾ ਲਗਾਏ ਗਏ ਪੌਦਿਆਂ ਲਈ ਸ਼ੁਕਰੀਆ ਅਦਾ ਕੀਤਾ।ਇਸ ਮੌਕੇ ਤੇ ਉਨਾਂ ਪੌਦਿਆਂ ਦੀ ਸਾਂਭ ਸੰਭਾਲ ਦਾ ਵੀ ਜਿੰਮਾ ਲਿਆ। ਇਸ ਕਾਰਜ ਵਿੱਚ ਸਰਪੰਚ ਤਜਿੰਦਰ ਸਿੰਘ ਬਧੰਜੂ, ਐਡਵੋਕੇਟ ਜਸਪਾਲ ਸਿੰਘ ਧੰਜੂ,ਜਸਵਿੰਦਰ ਸਿੰਘ, ਜਤਿੰਦਰ ਸਿੰਘ ਬਜਾਜ, ਭਾਨੂੰ ਪ੍ਰਤਾਪ ਸਿੰਘ ਚੌਹਾਨ,ਅਰੁਨ ਵੀਰ ਅਟਵਾਲ, ਭੁਪਿੰਦਰ ਸਿੰਘ ਭੂਪੀ, ਗੁਰਦੇਵ ਸਿੰਘ, ਕੁਲਦੀਪ ਸਿੰਘ, ਵਿਵੇਕ ਕਿਸ਼ੋਰ, ਰੋਮਿਤ ਸ਼ਰਮਾ, ਦਾਨਿਸ਼ ਸਦਿਕੀ, ਸੁਰਜੀਤ ਸਿੰਘ ਸੈਣੀ ਅਤੇ ਨਰਿੰਦਰ ਸਿੰਘ ਆਦਿ ਭਰਪੂਰ ਸਹਿਯੋਗ ਦਿੱਤਾ।












