
ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਕਪੂਰਥਲਾ ਸ਼ਹਿਰ ਵਾਸੀਆਂ ਨੂੰ ਬੀਤੇ ਲੰਮੇ ਸਮੇਂ ਤੋਂ ਆ ਰਹੀਆਂ ਬੁਨਿਆਦੀ ਸਹੂਲਤਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਉੱਘੇ ਸਮਾਜ ਸੇਵਕ ਸੁਖਵੰਤ ਸਿੰਘ ਪੱਡਾ ਵੱਲੋਂ ਪਾਰਟੀ ਵਲੰਟੀਅਰਾਂ ਨਾਲ ਇਕ ਮੀਟਿੰਗ ਆਪਣੇ ਦਫ਼ਤਰ ਗੋਲ ਮਾਰਕੀਟ ਮੁਹੱਲਾ ਜੱਟਪੁਰਾ ਵਿਖੇ ਕੀਤੀ ਗਈ। ਜਿਸ ਵਿਚ ਪਾਰਟੀ ਦੇ ਵਲੰਟੀਅਰਾਂ ਦੇ ਸੁਝਾਅ ਲਏ ਗਏ। ਇਸ ਮੌਕੇ ’ਤੇ ਹਲਕਾ ਕਪੂਰਥਲਾ ਨਾਲ ਸਬੰਧਿਤ ਪਾਰਟੀ ਦੇ ਵਲੰਟੀਅਰਾਂ ਵੱਲੋਂ ਦੱਸਿਆ ਗਿਆ ਕਿ ਬੀਤੇ ਕੁਝ ਦਿਨਾਂ ਤੋਂ ਨਗਰ ਪਾਲਿਕਾ ਸੰਗਠਨ ਦੇ ਕਰਮਚਾਰੀਆਂ ਵੱਲੋਂ ਕੀਤੀ ਗਈ ਹੜਤਾਲ ਦੇ ਚੱਲਦੇ ਸ਼ਹਿਰ ਵਿਚ ਕੂੜੇ ਦੇ ਢੇਰਾਂ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰ ਰਹੀ ਹੈ, ਜੇਕਰ ਇਸ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਆਉਂਣ ਵਾਲੇ ਦਿਨਾਂ ਵਿਚ ਸ਼ਹਿਰ ਵਾਸੀਆਂ ਨੂੰ ਗੰਭੀਰ ਬਿਮਾਰੀਆਂ ਨਾਲ ਜੂਝਣਾ ਪੈ ਸਕਦਾ ਹੈ। ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਵੰਤ ਸਿੰਘ ਪੱਡਾ ਵੱਲੋਂ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਦੇ ਹੱਲ ਲਈ ਉਨ੍ਹਾਂ ਵੱਲੋਂ ਕਮਿਸ਼ਨਰ ਨਗਰ ਨਿਗਮ ਅਨੁਪਮ ਕਲੇਰ ਅਤੇ ਐਸ.ਡੀ.ਐਮ. ਕਪੂਰਥਲਾ ਮੇਜਰ ਡਾ: ਅਰਵਿਨ ਕੌਰ ਨੂੰ ਹੱਲ ਕਰਨ ਲਈ ਕਿਹਾ ਗਿਆ ਹੈ। ਡਿਪਟੀ ਕਮਿਸ਼ਨਰ ਕਪੂਰਥਲਾ ਨਾਲ ਗੱਲਬਾਤ ਕਰਨ ਤੋਂ ਬਾਅਦ ਸੁਖਵੰਤ ਸਿੰਘ ਪੱਡਾ ਆਪਣੇ ਸਾਥੀਆਂ ਸਮੇਤ ਨਗਰ ਨਿਗਮ ਦਫ਼ਤਰ ਕਪੂਰਥਲਾ ਵਿਚ ਪੈਂਦੇ ਸ਼ਾਲੀਮਾਰ ਬਾਗ ਵਿਚ ਧਰਨੇ ’ਤੇ ਬੈਠੇ ਨਗਰ ਪਾਲਿਕਾ ਸੰਗਠਨ ਦੇ ਪ੍ਰਧਾਨ ਗੋਪਾਲ ਥਾਪਰ ਅਤੇ ਕਰਮਚਾਰੀਆਂ ਦੀਆਂ ਸਮੱਸਿਆਵਾਂ ਸੁਨਣ ਲਈ ਧਰਨਾ ਸਥਾਨ ’ਤੇ ਪੁੱਜੇ, ਜਿੱਥੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਬੀਤੇ ਸਮੇਂ ਦੌਰਾਨ ਕਰਮਚਾਰੀਆਂ ਵੱਲੋਂ ਆਪਣੀਆਂ ਸਮੱਸਿਆਵਾਂ ਬਾਰੇ ਹਲਕਾ ਕਪੂਰਥਲਾ ਨਾਲ ਸਬੰਧਿਤ ਆਗੂਆਂ ਨੂੰ ਜਾਣੂੰ ਕਰਵਾਇਆ ਗਿਆ ਸੀ ਪਰ ਇਸਦੇ ਬਾਵਜੂਦ ਵੀ ਸਥਾਨਕ ਆਪ ਆਗੂਆਂ ਵੱਲੋਂ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ।

ਇਸ ਮੌਕੇ ’ਤੇ ਧਰਨਾਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਸੁਖਵੰਤ ਸਿੰਘ ਪੱਡਾ ਨੇ ਕਿਹਾ ਕਿ ਉਹ ਪਾਰਟੀ ਤੋਂ ਪਹਿਲਾਂ ਸ਼ਹਿਰ ਦੇ ਇਕ ਆਮ ਨਾਗਰਿਕ ਹਨ ਅਤੇ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਉਨ੍ਹਾਂ ਦਾ ਮੁੱਢਲਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਬਹੁਤ ਹੀ ਮਾੜੀ ਗੱਲ ਹੈ ਕਿ ਜੋ ਵੀ ਆਗੂ ਇਥੇ ਪਹਿਲਾਂ ਆ ਕੇ ਵਾਅਦੇ ਕਰਕੇ ਗਏ ਹਨ ਉਹ ਆਪਣੇ ਵਾਅਦੇ ਪੂਰੇ ਨਹੀਂ ਕਰ ਸਕੇ ਪਰ ਉਹ ਅੱਜ ਪਹਿਲੀ ਵਾਰ ਤੁਹਾਡੀਆਂ ਸਮੱਸਿਆਵਾਂ ਸੁਨਣ ਲਈ ਆਏ ਹਨ ਅਤੇ ਉਹ ਵਾਅਦਾ ਕਰਦੇ ਹਨ ਕਿ ਉਹ ਨਗਰ ਪਾਲਿਕਾ ਕਰਮਚਾਰੀ ਸੰਗਠਨ ਦੀਆਂ ਸਮੱਸਿਆਵਾਂ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਪਾਸ ਉਨ੍ਹਾਂ ਨੂੰ ਮਿਲ ਕੇ ਚੁੱਕਣਗੇ ਤਾਂ ਜੋ ਵਿਰਾਸਤੀ ਸ਼ਹਿਰ ਕਪੂਰਥਲਾ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਸੁਖਵੰਤ ਸਿੰਘ ਪੱਡਾ ਨੇ ਕਿਹਾ ਕਿ ਉਹ ਹਲਕੇ ਦੇ ਲੋਕਾਂ ਦੀ ਸੇਵਾ ਲਈ 24 ਘੰਟੇ ਹਾਜ਼ਰ ਹਨ ਜੇਕਰ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਉਨ੍ਹਾਂ ਦੇ ਘਰ ਜਾਂ ਦਫ਼ਤਰ ਵਿਖੇ ਸੰਪਰਕ ਕਰ ਸਕਦਾ ਹੈ। ਇਸ ਮੌਕੇ ’ਤੇ ਸੀਨੀਅਰ ਆਗੂ ਵਰਿੰਦਰ ਕੁਮਾਰ ਗੁਲਿਆਨੀ, ਆਮ ਆਦਮੀ ਪਾਰਟੀ ਹਲਕਾ ਕਪੂਰਥਲਾ ਦੇ ਫਾਊਂਡਰ ਮੈਂਬਰ ਯਸ਼ਪਾਲ ਆਜ਼ਾਦ, ਡੀਐਸਪੀ ਕਰਨੈਲ ਸਿੰਘ ਭੰਡਾਲ, ਸੀਨੀਅਰ ਆਗੂ ਅਵਤਾਰ ਸਿੰਘ ਥਿੰਦ, ਸੀਨੀਅਰ ਆਗੂ ਰਵੀ ਪ੍ਰਕਾਸ਼ ਸ਼ਰਮਾ, ਮੀਤ ਪ੍ਰਧਾਨ ਯੂਥ ਸੰਦੀਪ ਕੁਮਾਰ, ਮੀਤ ਪ੍ਰਧਾਨ ਯੂਥ ਵਿਕਾਸ ਮੋਮੀ, ਸੀਨੀਅਰ ਆਗੂ ਨਰਿੰਦਰ ਸਿੰਘ ਬੂਹ, ਕੁਲਬੀਰ ਸਿੰਘ ਥਿੰਦ, ਉਪਕਾਰ ਸਿੰਘ ਜਠੌਲ, ਸੀਨੀਅਰ ਆਗੂ ਜਸਵੀਰ ਸਿੰਘ ਕਾਂਜਲੀ, ਜਸਵੰਤ ਸਿੰਘ ਨੱਡਾ ਕਾਂਜਲੀ, ਚਰਨਜੀਤ ਸਿੰਘ, ਬਲਜਿੰਦਰ ਸਿੰਘ, ਮਨਜੀਤ ਸਿੰਘ, ਸਤਨਾਮ ਸਿੰਘ, ਤਜਿੰਦਰ ਸਿੰਘ, ਸਰਬਜੀਤ ਸਿੰਘ, ਪ੍ਰਿੰਸ, ਜੋਗਿੰਦਰ ਸਿੰਘ, ਗੁਰਪ੍ਰੀਤ ਸਿੰਘ, ਹਰਪਾਲ ਸਿੰਘ ਆਦਿ ਹਾਜ਼ਰ ਸਨ।












