
ਮਾਲੇਰਕੋਟਲਾ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਡਾ. ਪੱਲਵੀ ਦੀ ਪ੍ਰਧਾਨਗੀ ਹੇਠ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨਾਲ 15 ਅਗਸਤ, 2024 ਨੂੰ ਜ਼ਿਲ੍ਹਾ ਪੱਧਰੀ ਤੇ ਸੁਤੰਤਰਤਾ ਦਿਵਸ ਸਮਾਰੋਹ ਦੇ ਅਗੇਤੇ ਪ੍ਰਬੰਧਾ ਸਬੰਧੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸੁਤੰਤਰਤਾ ਦਿਵਸ ਸਮਾਰੋਹ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮ ਡਾਕਟਰ ਜ਼ਾਕਿਰ ਹੁਸੈਨ ਸਟੇਡੀਅਮ ਵਿਖੇ ਬੜੇ ਹੀ ਉਤਸ਼ਾਹ ਪੂਰਵਕ ਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਜਾਵੇਗਾ। ਉਨ੍ਹਾਂ ਹਦਾਇਤ ਕੀਤੀ ਕਿ ਸਮਾਗਮ ਦੇ ਸਮੁੱਚੇ ਪ੍ਰਬੰਧ ਸੁਚਾਰੂ ਅਤੇ ਖੂਬਸੂਰਤ ਢੰਗ ਨਾਲ ਨੇਪਰੇ ਚਾੜੇ ਜਾਣ। ਉਨ੍ਹਾਂ ਕਿਹਾ ਕਿ ਸੁਤੰਤਰਤਾ ਦਿਵਸ ਸਮਾਰੋਹਦੀਆਂ ਸਮੁੱਚੀਆਂ ਤਿਆਰੀ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਜਪਾਲ ਦੀ ਦੇਖ ਰੇਖ ਕਰਵਾਈ ਜਾਵੇਗੀ।

ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਹਦਾਇਤ ਕੀਤੀ ਕਿ 15 ਅਗਸਤ ਮੌਕੇ ਆਯੋਜ਼ਿਤ ਹੋਣ ਵਾਲਾ ਸੱਭਿਆਚਾਰਕ ਪ੍ਰੋਗਰਾਮ ਦੇਸ਼ ਭਗਤੀ ਦੇ ਜਜ਼ਬੇ ‘ਤੇ ਆਧਾਰਿਤ ਜਾਂ ਦੇਸ਼ ਅਤੇ ਸੂਬੇ ਦੀ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਣ ਵਾਲਾ ਹੋਣਾ ਚਾਹੀਦਾ ਹੈ। ਉਨ੍ਹਾਂ ਹੋਰ ਹਦਾਇਤ ਕੀਤੀ ਕਿ ਆਜਾਦੀ ਦਿਹਾੜੇ ਸਬੰਧੀ ਕਰਵਾਏ ਜਾਣ ਵਾਲੇ ਸਮਾਗਮ ਦੀ ਰਿਹਰਸਲਾਂ ਡਾਕਟਰ ਜ਼ਾਕਿਰ ਹੁਸੈਨ ਸਟੇਡੀਅਮ ਵਿਖੇ ਕਰਵਾਈਆ ਜਾਣ। ਉਨ੍ਹਾਂ 15 ਅਗਸਤ ਮੌਕੇ ਸਦਰ ਮੁਕਾਮ ਦੇ ਨਾਲ ਨਾਲ ਸਬ ਡਵੀਜਨ ਪੱਧਰ ਤੇ ਸਮਾਗਮ ਦਾ ਆਯੋਜਨ ਕਰਨ ਲਈ ਵੀ ਕਿਹਾ। ਉਹਨਾਂ ਦੱਸਿਆ ਕਿ ਇਸ ਦੇ ਮੌਕੇ ‘ਤੇ ਸੁਤੰਤਰਤਾ ਸੰਗਰਾਮੀਆਂ (ਆਜ਼ਾਦੀ ਘੁਲਾਟੀਏ), ਖੇਡਾਂ, ਸਿੱਖਿਆ ਤੇ ਹੋਰ ਖੇਤਰਾਂ ਵਿਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲਿਆਂ ਤੋਂ ਇਲਾਵਾ ਮਿਹਨਤ, ਲਗਨ ਨਾਲ ਤੇ ਉੱਚ ਪ੍ਰਾਪਤੀਆਂ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।
ਉਨ੍ਹਾਂ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਮਾਰੋਹ ਵਾਲੇ ਸਥਾਨ ਤੇ ਲੋਕਾਂ ਦੀ ਸਹੂਲਤ ਦਾ ਵਿਸ਼ੇਸ ਧਿਆਨ ਰੱਖਕੇ ਟਰੈਫ਼ਿਕ ਰੂਟ, ਪਾਰਕਿੰਗ ਆਦਿ ਦੀ ਵਿਵਸਥਾ ਕੀਤੀ ਜਾਵੇ ਤਾਂ ਜੋ ਕਿਸੇ ਤਰ੍ਹਾਂ ਦੀ ਟਰੈਫ਼ਿਕ ਸਮੱਸਿਆ ਪੇਸ਼ ਨਾ ਆਵੇ।ਉਨ੍ਹਾਂ ਕਾਰਜ ਸਾਧਕ ਅਫ਼ਸਰ ਨੂੰ ਸਟੇਡੀਅਮ ਵਿਖੇ ਸਫਾਈ ਦੇ ਪੁਖਤਾ ਪ੍ਰਬੰਧ, ਡੀ-ਫੋਗਿੰਗ ਆਦਿ ਕਰਵਾਉਣ ਦੇ ਆਦੇਸ਼ ਵੀ ਦਿੱਤੇ। ਉਨ੍ਹਾਂ ਸਿਵਲ ਸਰਜਨ ਨੂੰ ਸਮਾਗਮ ਵਾਲੇ ਸਥਾਨ ਤੇ ਡਾਕਟਰਾਂ ਦੀ ਟੀਮ ਲਗਾਉਂਣ ਅਤੇ ਬਾਹਰ ਖਾਣ-ਪੀਣ ਵਾਲੀ ਵਸਤਾਂ ਦੀਆਂ ਦੁਕਾਨਾਂ ਦੀ ਸੈਪਲਿੰਗ ਕਰਨ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਾਜ ਪਾਲ ਸਿੰਘ, ਉਪ ਮੰਡਲ ਮੈਜਿਸਟ੍ਰੇਟ ਮਾਲੇਰਕੋਟਲਾ ਅਮਰਨਾ ਐਮ.ਬੀ, ਸਹਾਇਕ ਕਮਿਸ਼ਨਰ ਹਰਬੰਸ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਮਨਦੀਪ ਕੌਰ, ਡੀ.ਐਸ.ਪੀ. ਰਣਜੀਤ ਸਿੰਘ, ਡੀ.ਡੀ.ਪੀ.ਓ ਰਿੰਪੀ ਗਰਗ, ਐਕਸ਼ੀਅਨ ਪੀ.ਐਸ.ਪੀ.ਸੀ.ਐਲ ਇੰਜ ਹਰਵਿੰਦਰ ਸਿੰਘ ਧੀਮਾਨ, ਨਾਇਬ ਤਹਿਸ਼ੀਲਦਾਰ ਜਗਦੀਪ ਇੰਦਰ ਸਿੰਘ ਸੋਢੀ, ਸਿਵਲ ਸਰਜ਼ਨ ਡਾ. ਪ੍ਰਦੀਪ ਕੁਮਾਰ, ਕਾਰਜ ਸਾਧਕ ਅਫ਼ਸਰ ਅਪਰ ਅਪਾਰ ਸਿੰਘ ਚਾਹਿਲ, ਇੰਸਪੈਕਟਰ ਆਬਕਾਰੀ ਵਿਭਾਗ ਜਸਵਿੰਦਰ ਕੌਰ, ਜੀ.ਐਸ.ਟੀ ਸਟੇਟ ਟੈਕਸ ਅਫ਼ਸਰ ਰੋਹਿਤ ਅਗਰਵਾਲ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।











