
ਫਾਜਿਲਕਾ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਫਾਜਿਲਕਾ ਡਾ ਸੇਨੂੰ ਦੁੱਗਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਿਹੜੇ ਕੇਸਧਾਰੀ ਵੋਟਰ ਐਸ.ਜੀ.ਪੀ.ਸੀ ਵੋਟਾਂ ਬਣਾਉਣ ਤੋਂ ਕਿਸੇ ਕਾਰਨ ਰਹਿ ਗਏ ਹਨ ਉਹ 31 ਜੁਲਾਈ 2024 ਤੱਕ ਵੋਟ ਬਣਾਉਣ ਲਈ ਰਜਿਸਟ੍ਰੇਸ਼ਨ ਕਰ ਸਕਦੇ ਹਨ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐਸ.ਜੀ.ਪੀ.ਸੀ. ਚੋਣਾਂ ਲਈ ਵੋਟਰ ਰਜਿਸਟਰੇਸ਼ਨ ਲਈ ਵਿਅਕਤੀ ਦਾ ਕੇਸਧਾਰੀ ਸਿੱਖ ਹੋਣਾ ਜ਼ਰੂਰੀ ਹੈ। ਜੋ ਵਿਅਕਤੀ ਆਪਣੀ ਦਾੜੀ ਅਤੇ ਕੇਸ ਕਟਵਾਉਂਦਾ ਹੈ ਜਾਂ ਤੰਬਾਕੂ ਜਾਂ ਸ਼ਰਾਬ ਦਾ ਸੇਵਨ ਕਰਦਾ ਹੈ ਵੋਟਰ ਵਜੋਂ ਰਜਿਸਟਰ ਨਹੀਂ ਹੋ ਸਕਦਾ।

ਉਨ੍ਹਾਂ ਕਿਹਾ ਕਿ ਫਾਰਮ-। ਸਬੰਧਤ ਚੋਣ ਹਲਕੇ ਦੇ ਉਪਮੰਡਲ ਮੈਜਿਸਟਰੇਟ ਕਮ ਰਿਵਾਈਜਿੰਗ ਅਥਾਰਟੀ ਦੇ ਦਫਤਰ ਵਿਖੇ ਉੱਪਲਬਧ ਹਨ ਤੇ ਜ਼ਿਲ੍ਹੇ ਦੇ 21 ਸਾਲ ਜਾਂ ਇਸ ਤੋਂ ਵੱਧ ਦੇ ਸਮੂਹ ਕੇਸਧਾਰੀ ਸਿੱਖ ਵੋਟਰ ਆਪਣੀ ਵੋਟ ਬਣਾਉਣ ਲਈ ਫਾਰਮ-1 ਭਰਨ ਤੋਂ ਬਾਅਦ ਰਿਵਾਈਜਿੰਗ ਅਫਸਰ, ਸਹਾਇਕ ਰਿਵਾਈਜਿੰਗ ਅਫਸਰ ਦੇ ਦਫਤਰ ਜਾਂ ਆਪਣੇ ਹਲਕੇ ਦੇ ਪਟਵਾਰੀ ਜਾਂ ਤਹਿਸੀਲਦਾਰਾਂ ਪਾਸ ਜਮਾਂ ਕਰਵਾ ਸਕਦੇ ਹਨ। ਵੋਟਰਾਂ ਦੀ ਸਹੂਲਤ ਲਈ ਫਾਰਮ-1 ਜ਼ਿਲ੍ਹੇ ਦੀ ਵੈਬ ਸਾਈਟ fazilka.nic.in ਤੇ ਵੀ ਉਪਲੱਬਧ ਹੈ। ਉਨ੍ਹਾਂ ਜ਼ਿਲ੍ਹੇ ਦੇ ਰਹਿ ਗਏ ਵੱਧ ਤੋਂ ਵੱਧ ਕੇਸਧਾਰੀ ਸਿੱਖਾਂ ਨੂੰ ਫਾਰਮਾਂ ਰਾਹੀਂ ਆਪਣੀ ਵੋਟ ਬਣਾਉਣ ਅਤੇ ਆਗਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ।ਇਸ ਮੌਕੇ ਐਸ.ਡੀ.ਐਮ ਕਮ ਰਿਵਾਈਜਿੰਗ ਅਥਾਰਟੀ ਅਬੋਹਰ ਸ੍ਰੀ ਪੰਕਜ ਬਾਂਸਲ, ਇਲੈਕਸ਼ਨ ਦਫਤਰ ਤੋਂ ਕਾਨੂੰਗੋ ਸ੍ਰੀ ਨਵਜੋਤ ਸਿੰਘ ਤੋਂ ਇਲਾਵਾਂ ਸਬੰਧਤ ਵਿਭਾਗ ਦੇ ਅਧਿਕਾਰੀ ਮੌਜੂਦ ਸਨ।












