ਚੰਡੀਗੜ੍ਹ (ਦ ਸਟੈਲਰ ਨਿਊਜ਼)। ਪੰਜਾਬ ਦੇ ਦੋ ਅਧਿਆਪਕਾਂ ਨੂੰ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਤੇ ਭਾਰਤ ਸਰਕਾਰ ਵੱਲੋਂ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਪੰਕਜ ਗੋਇਲ ਨੂੰ ਗਰੀਬ ਬੱਚਿਆਂ ਦੀ ਸਿੱਖਿਆ ਤੇ ਫੋਕਸ ਕਰਨ ਅਤੇ ਰਾਜਿੰਦਰ ਸਿੰਘ ਨੂੰ 4 ਸਕੂਲਾਂ ਦੀ ਨੁਹਾਰ ਬਦਲਣ ਲਈ ਸਨਮਾਨਿਤ ਕੀਤਾ ਜਾਵੇਗਾ। ਨੈਸ਼ਨਲ ਟੀਚਰ ਐਵਾਰਡ ਲਈ ਪਿੰਡ ਕੋਠੇ ਇੰਦਰ ਸਿੰਘ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਈ.ਟੀ.ਟੀ ਅਧਿਆਪਕ ਰਾਜਿੰਦਰ ਸਿੰਘ ਨੂੰ ਸਕੂਲ ਵਿੱਚ ਕੀਤੇ ਸੁਧਾਰ ਦੇ ਕੰਮਾਂ ਲਈ ਇਨਾਮ ਦਿੱਤਾ ਜਾਵੇਗਾ।
ਇਸ ਦੇ ਨਾਲ ਹੀ ਬਰਨਾਲਾ ਦੇ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਸਮਾਜਿਕ ਵਿਗਿਆਨ ਦੇ ਅਧਿਆਪਕ ਪੰਕਜ ਗੋਇਲ ਨੂੰ ਸਕੂਲੀ ਲੜਕੀਆਂ ਲਈ ਨੈਸ਼ਨਲ ਮੀਮ ਕਮ ਮੈਰਿਟ ਸਕਾਲਰਸ਼ਿਪ ਵਿੱਚ 100 ਨਤੀਜਿਆਂ ਲਈ ਰਾਸ਼ਟਰੀ ਅਧਿਆਪਕ ਪੁਰਸਕਾਰ ਦੇ ਸਨਮਾਨ ਲਈ ਚੁਣਿਆ ਗਿਆ ਹੈ। ਪੰਕਜ ਪਿਛਲੇ ਦੋ ਸਾਲਾਂ ਤੋਂ ਅੱਠਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਐਨ.ਐਮ.ਐਮ.ਐਸ. ਪ੍ਰੀਖਿਆਵਾਂ ਲਈ ਤਿਆਰ ਕਰ ਰਿਹਾ ਹੈ। ਸਿਰਫ਼ 8ਵੀਂ ਜਮਾਤ ਦੇ ਵਿਦਿਆਰਥੀ ਹੀ ਇਹ ਪ੍ਰੀਖਿਆ ਦੇ ਸਕਦੇ ਹਨ। ਪਿਛਲੇ ਸਾਲ ਸਕੂਲ ਦੀਆਂ 18 ਵਿਦਿਆਰਥਣਾਂ ਨੇ ਐੱਨਐੱਮਐੱਮਐੱਸ ਦੀ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿੱਚੋਂ 14 ਨੇ ਪਾਸ ਕੀਤੀ ਸੀ ਅਤੇ ਇੱਕ ਵਿਦਿਆਰਥਣ ਨੇ ਪੰਜਾਬ ਵਿੱਚ ਟਾਪ ਕੀਤਾ ਸੀ। ਦੱਸ ਦਈਏ ਕਿ ਸਨਮਾਨਿਤ ਵਜੋਂ ਅਧਿਆਪਕਾਂ ਨੂੰ ਸਰਟੀਫਿਕੇਟ, ਚਾਂਦੀ ਦੇ ਮੈਡਲ ਤੋਂ ਇਲਾਵਾ 50 ਹਜ਼ਾਰ ਰੁਪਏ ਦਾ ਨਕਦੀ ਇਨਾਮ ਦਿੱਤਾ ਜਾਵੇਗਾ।