
ਫਾਜ਼ਿਲਕਾ (ਦ ਸਟੈਲਰ ਨਿਊਜ਼)। ਸੜਕੀ ਦੁਰਘਟਨਾਵਾਂ ਨੂੰ ਰੋਕਣ ਲਈ ਸਰਕਾਰ ਵੱਲੋਂ ਸਮੇਂ ਸਮੇਂ ਤੇ ਵੱਖ–ਵੱਖ ਅਭਿਆਨ ਤੇ ਮੁਹਿੰਮ ਚਲਾਈਆਂ ਜਾਂਦੀਆਂ ਹਨ। ਲੋਕਾਂ ਦੇ ਸਹਿਯੋਗ ਨਾਲ ਹੀ ਸੜਕੀ ਹਾਦਸਿਆਂ ਤੇ ਠਲ ਪਾਈ ਜਾ ਸਕਦੀ ਹੈ ਤੇ ਇਨ੍ਹਾਂ ਅਭਿਆਨ ਨੂੰ ਸਫਲ ਬਣਾਇਆ ਜਾ ਸਕਦਾ ਹੈ। ਹਾਦਸਿਆਂ ਦੀ ਰੋਕਥਾਮ ਲਈ ਸੜਕੀ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਕੀਤਾ। ਉਨ੍ਹਾਂ ਕਿਹਾ ਕਿ ਸੜਕੀ ਹਾਦਸਿਆਂ ਦੀ ਦਰ ਨੂੰ ਜੀਰੋ ਕਰਨ ਲਈ ਸਮੂਹ ਸਬੰਧਤ ਵਿਭਾਗਾਂ ਨੂੰ ਆਪਸੀ ਤਾਲਮੇਲ ਬਣਾਉਂਦਿਆਂ ਲੋਕਾਂ ਨੂੰ ਸੜਕੀ ਨਿਯਮਾਂ ਪ੍ਰਤੀ ਹੋਰ ਪ੍ਰੇਰਿਤ ਕਰਨ ਦੀ ਲੋੜ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨਾ ਸਾਡੇ ਸਭ ਲਈ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਦੀ ਪਾਲਣਾ ਨਾਲ ਅਸੀਂ ਆਪਣੀ ਕੀਮਤੀ ਜਾਨ ਤਾਂ ਬਚਾਂਵਾਗੇ ਹੀ ਸਗੋਂ ਸਾਹਮਣੇ ਵਾਲੇ ਦੀ ਸੁਰੱਖਿਆ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਛੋਟੀਆਂ-ਛੋਟੀਆਂ ਸਾਵਧਾਨੀਆਂ ਦੀ ਪਾਲਣਾ ਕਰਕੇ ਅਸੀਂ ਕਈ ਘਾਤਕ ਦੁਰਘਟਨਾਵਾਂ ਤੋਂ ਬਚ ਸਕਦੇ ਹਾਂ ਤੇ ਜਿੰਮੇਵਾਰ ਨਾਗਰਿਕ ਵਜੋਂ ਸਾਬਿਤ ਹੋ ਸਕਾਂਗੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਹੀਕਲ ਚਲਾਉਣ ਸਮੇਂ ਹੈਲਮੈਟ ਅਤੇ ਸੀਟ ਬੈਲਟ ਸਾਨੂੰ ਸੁਰੱਖਿਆ ਪ੍ਰਦਾਨ ਕਰਦੇ ਹਨ ਤੇ ਅਣਸੁਖਾਵੀਂ ਘਟਨਾਵਾਂ ਤੋਂ ਵੀ ਬਚਾਉਂਦੇ ਹਨ। ਉਨ੍ਹਾਂ ਕਿਹਾ ਕਿ ਵਹੀਕਲ ਚਲਾਉਣ ਸਮੇਂ ਕਦੇ ਵੀ ਮੋਬਾਈਲ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਇਸ ਨਾਲ ਸਾਡਾ ਧਿਆਨ ਭਟਕ ਜਾਂਦਾ ਹੈ ਜਿਸ ਕਰਕੇ ਅਸੀਂ ਖੁਦ ਆਪਣੀ ਜਾਨ ਗਵਾਉਣ ਦਾ ਖਤਰਾ ਮੋਲ ਲੈਣੇ ਹਾਂ। ਉਨ੍ਹਾਂ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਛੋਟੀ ਉਮਰੇ ਬਚਿਆਂ ਨੂੰ ਵਹੀਕਲ ਨਾ ਦਿੱਤਾ ਜਾਵੇ, ਜਦੋਂ ਬੱਚਾ ਬਾਲਗ ਹੋ ਜਾਵੇ ਅਤੇ ਲਾਇਸੰਸ ਬਣ ਜਾਵੇ ਉਦੋਂ ਹੀ ਵਹੀਕਲ ਚਲਾਉਣਾ ਚਾਹੀਦਾ ਹੈ। ਡਿਪਟੀ ਕਮਿਸਨਰ ਨੇ ਸੜਕਾਂ ਤੇ ਜਾਂਦੇ ਰਾਹਗੀਰਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਆਪਣੇ ਵਹੀਕਲ ਦੀ ਸਪੀਡ ਹੌਲੀ ਰੱਖਣ ਖਾਸ ਕਰਕੇ ਰਿਹਾਇਸ਼ੀ ਇਲਾਕਿਆਂ ਵਿਚ ਤਾਂ ਵਹੀਕਲ ਦੀ ਗਤੀ ਬਹੁਤ ਹੀ ਹੌਲੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੜਕ ਪਾਰ ਕਰਦੇ ਸਮੇਂ ਇਧਰ-ਉਧਰ ਦੇਖ ਜਰੂਰ ਦੇਖਿਆ ਜਾਵੇ ਅਤੇ ਲਾਲ ਬਤੀ ਨੂੰ ਕਰਾਸ ਨਾ ਕੀਤਾ ਜਾਵੇ। ਇਸ ਤੋਂ ਇਲਾਵਾ ਟਰੈਫਿਕ ਪੁਲਿਸ ਕਰਮੀ ਜ਼ੋ ਕਿ ਸਾਡੀ ਸੁਰੱਖਿਆ ਲਈ ਹਨ ਇਨ੍ਹਾਂ ਵੱਲੋਂ ਦੱਸੀਆਂ ਗੱਲਾਂ ਨੂੰ ਵੀ ਲਾਜਮੀ ਮੰਨਿਆ ਜਾਵੇ।












