
ਗੁਰਦਾਸਪੁਰ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ, ਉਮਾ ਸ਼ੰਕਰ ਗੁਪਤਾ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਦਿਵਿਆਂਗਜਨ ਵਿਅਕਤੀਆਂ, ਕਰਮਚਾਰੀਆਂ, ਖਿਡਾਰੀਆਂ ਤੇ ਸੰਸਥਾਵਾਂ ਜਿਨ੍ਹਾਂ ਵੱਲੋਂ ਦਿਵਿਆਂਗ ਵਿਅਕਤੀਆਂ ਦੀ ਭਲਾਈ ਦੇ ਖੇਤਰ ਵਿੱਚ ਸ਼ਲਾਘਾਯੋਗ ਕੰਮ ਕੀਤੇ ਗਏ ਹਨ, ਨੂੰ ਸਟੇਟ ਐਵਾਰਡ ਟੂ ਦਿ ਫਿਜ਼ੀਕਲੀ ਹੈਂਡੀਕੈਪਡ ਨਾਲ ਸਨਮਾਨਿਤ ਕੀਤਾ ਜਾਣਾ ਹੈ। ਇਸ ਸਬੰਧੀ ਨਿਰਧਾਰਿਤ ਪ੍ਰਫਾਰਮੇ ਦਫ਼ਤਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਗੁਰਦਾਸਪੁਰ (ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ) ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਹਰ ਪੱਖੋਂ ਮੁਕੰਮਲ ਪ੍ਰਫਾਰਮੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਦੇ ਦਫ਼ਤਰ ਵਿਖੇ 30 ਅਕਤੂਬਰ ਤੱਕ 2024 ਤੱਕ ਦਿੱਤੇ ਜਾ ਸਕਦੇ ਹਨ। ਅਧੂਰੇ ਅਤੇ ਮਿੱਥੀ ਤਰੀਕ ਤੋਂ ਬਾਅਦ ਜਮ੍ਹਾਂ ਕਰਾਏ ਪ੍ਰਫਾਰਮੇ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਡਾ. ਕਿਰਤਪ੍ਰੀਤ ਕੋਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ‘ਤੇ ਅਰਜ਼ੀਆਂ ‘ਤੇ ਵਿਚਾਰ ਕਰਨ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਕਮੇਟੀ ਦਾ ਗਠਨ ਕੀਤਾ ਜਾਵੇਗਾ। ਇਸ ਸਕੀਮ ਅਧੀਨ ਚਾਰ ਸ਼੍ਰੇਣੀਆਂ ਦੇ ਐਵਾਰਡ ਦਿੱਤੇ ਜਾਣੇ ਹਨ, ਜਿਨ੍ਹਾਂ ਵਿੱਚ ਕਰਮਚਾਰੀ ਅਤੇ ਸਵੈ ਰੋਜ਼ਗਾਰ (ਬੈਸਟ ਐਂਪਲਾਇ ਜਾਂ ਸੈਲਫ ਐਂਪਲਾਇਡ ਵਿਦ ਡਿਸੇਬਿਲਿਟੀ), ਵਧੀਆ ਨਿਯੁਕਤੀ ਕਰਤਾ (ਐਵਾਰਡ ਫਾਰ ਬੈਸਟ ਐਂਪਲਾਇਰ), ਵਧੀਆ ਸਵੈ ਰੋਜ਼ਗਾਰ/ਐਨਜੀਓ ਤੇ ਵਿਅਕਤੀਗਤ/ਸੰਸਥਾਵਾਂ, ਚੌਥੀ ਸ਼੍ਰੇਣੀ ਹੈਂਡੀਕੈਪਡ ਸਪੋਰਟਸ ਪਰਸਨ ਦੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮੁਕੰਮਲ ਅਰਜ਼ੀਆਂ ਦਫ਼ਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਵਿਖੇ 30 ਅਕਤੂਬਰ ਤੱਕ ਜਮ੍ਹਾਂ ਕਰਵਾਈਆਂ ਜਾਣ।












