ਭਗਵਾਨ ਸਿੰਘ ਚੌਹਾਨ ਤੋਂ ਬਾਅਦ ਗੁਰਲਾਲ ਸੈਲਾ ਨੇ ਵੀ ਕੀਤਾ ਬਸਪਾ ਤੋਂ ਕਿਨਾਰਾ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ- ਭੁਪੇਸ਼ ਪ੍ਰਜਾਪਤਿ। ਬਹੁਜਨ ਸਮਾਜ ਪਾਰਟੀ ਦੀਆਂ ਮੁਸ਼ਕਲਾਂ ਹੋਰ ਵਧੀਆਂ ਜਦੋਂ ਕਿ ਅੱਜ ਪੰਜਾਬ ਬਸਪਾ ਦੇ ਸਾਬਕਾ ਸੂਬਾ ਪ੍ਰਧਾਨ ਸ਼੍ਰੀ ਗੁਰਲਾਲ ਸੈਲਾ ਨੇ ਵੀ ਪਾਰਟੀ ਹਾਈ ਕਮਾਨ ਦੀਆਂ ਬਹੁਜਨ ਸਮਾਜ ਵਿਰੋਧੀ ਨੀਤੀਆਂ ਕਰਕੇ ਪਾਰਟੀ ਨੂੰ  ਅਲਵਿਦਾ ਕਹਿ ਦਿੱਤਾ। ਜਦੋਂ ਸ਼੍ਰੀ ਸੈਲਾ ਤੋਂ ਇਸ ਦਾ ਕਾਰਨ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹ ਪਾਰਟੀ ਵਿਚ ਆਈ ਖੜੋਤ ਨੂੰ ਹਾਈ ਕਮਾਨ ਦੇ ਫੈਸਲਿਆਂ ਨੂੰ ਹੀ ਮੰਨਦੇ ਹਨ। ਸ਼੍ਰੀ ਸੈਲਾ ਨੇ ਕਿਹਾ ਕਿ ਬਸਪਾ ਦੇਸ਼ ਦੀ ਇੱਕ ਨੰਬਰ ਪਾਰਟੀ ਬਣਨੀ ਚਾਹੀਦੀ ਸੀ ਪਰ ਇਤਹਾਸ ਨੇ ਇੱਕ ਬਾਰ ਫਿਰ ਆਪਣੇ ਆਪ ਨੂੰ ਦੌਹਰਾ ਦਿੱਤਾ  ਹੈ।

Advertisements

ਰੀਪਬਲਿਕਨ ਪਾਰਟੀ ਆਫ ਇੰਡੀਆ ਬਾਬਾ ਸਾਹਿਬ ਦੇ ਦੇਹਾਂਤ ਤੋਂ 8 ਸਾਲ ਬਾਅਦ ਖੇਰੂੰ-ਖੇਰੂੰ ਹੋ ਕੇ ਅਲੋਪ ਹੋ ਗਈ ਸੀ। ਹੁਣ ਬਸਪਾ ਵੀ ਸਾਹਿਬ ਕਾਂਸੀ ਰਾਮ ਜੀ ਦੇ ਦਿਹਾਂਤ(2006) ਤੋਂ 8 ਸਾਲ ਬਾਅਦ 2014 ਵਿਚ 0 ਵੱਲ ਨੂੰ ਤੁਰ ਪਈ ਹੈ। ਰਾਸ਼ਟਰੀ ਮਾਨਤਾ ਵੀ ਹੁਕਮਰਾਨਾ ਦੇ ਰਹਮੋ ਕਰਮ ਤੇ ਹੀ ਹੈ। ਚਾਰ ਬਾਰੀ ਸਰਕਾਰ ਬਣਾਉਣ ਵਾਲੇ ਉੱਤਰ ਪ੍ਰਦੇਸ਼ ਵਿੱਚ ਵੀ ਆਪਣੇ ਆਖਰੀ ਸਾਹ ਗਿਣ ਰਹੀ ਹੈ। ਪੰਜਾਬ ਵਿਚ 19 ਤੋਂ 1 ਤੇ ਡਿਗ ਪਈ ਹੈ। ਗੁਰਲਾਲ ਸੈਲਾ ਨੇ ਕਿਹਾ ਕਿ ਸਾਹਿਬ ਕਾਂਸੀ ਰਾਮ ਜੀ ਕਿਹਾ ਕਰਦੇ ਸਨ ਕਿ ਬਾਬਾ ਸਾਹਿਬ ਦੇ  ਦੇਹਾਂਤ ਤੋਂ ਬਾਅਦ ਰਿਪਬਲਿਕਨ ਪਾਰਟੀ ਆਫ ਇੰਡੀਆ ਇਸ ਕਰਕੇ ਖਤਮ ਹੋਈ ਕਿ ਉਸ ਨੂੰ ਸੰਭਾਲਣ ਵਾਲਾ ਕੋਈ ਜ਼ਿੰਮੇਵਾਰ ਆਦਮੀ ਨਹੀਂ ਸੀ ਜੋ ਪਾਰਟੀ ਨੂੰ ਸੰਭਾਲ ਸਕਦਾ ਪਰ ਬਸਪਾ ਨੂੰ “ਮੈਂ ਇੱਕ ਐਸਾ ਆਗੂ ਦੇ ਚੱਲਿਆਂ ਹਾਂ ਜੋ ਭਾਜਪਾ ਦਾ ਮੁਕਾਬਲਾ ਕਰਨ ਦੀ ਸਮਰੱਥਾ ਰੱਖਦਾ ਹੈ।” ਸੈਲਾ ਨੇ ਕਿਹਾ ਕਿ ਪਰ ਬਸਪਾ ਦੀ ਕਮਾਨ ਕਰਨ ਵਾਲਾ ਆਗੂ ਪਿਛਲੇ ਕਈ ਸਾਲਾਂ ਤੋਂ ਪਾਰਟੀ ਵੱਲ ਕੋਈ ਧਿਆਨ ਨਹੀਂ ਦੇ ਰਿਹਾ।

ਉਹਨਾਂ ਵੀ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿਚ ਸਰਕਾਰ ਬਣਾਉਣ ਲਈ ਭਾਜਪਾ ਦੇ ਪ੍ਰਧਾਨ ਸ਼੍ਰੀ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ 60 ਰੈਲੀਆਂ ਕੀਤੀਆਂ ਪਰ ਬਸਪਾ ਦੀ ਆਗੂ ਨੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਦੌਰਾਨ ਇੱਕੋ-ਇੱਕ ਰੈਲੀ ਕਾਂਗੜਾ ਵਿਖੇ ਰੱਖੀ ਪਰ ਉਸ ਵਿਚ ਵੀ ਨਹੀਂ ਆਈ। ਇੱਥੋਂ ਹੀ ਆਗੂ ਦੀ ਭਾਜਪਾ ਨਾਲ ਮੁਕਾਬਲਾ ਕਰਨ ਦੀ ਨਾ ਗੰਭੀਰਤਾ ਨੂੰ ਸਮਝਿਆ ਜਾ ਸਕਦਾ ਹੈ। ਸੈਲਾ ਨੇ ਇਹ ਵੀ ਕਿਹਾ ਕਿ ਕਰਨਾਟਕ ਵਿਚ ਸ਼੍ਰੀ ਦੇਵਗੌੜਾ ਦੀ ਪਾਰਟੀ ਨਾਲ ਪਾਰਟੀ ਦਾ ਸਮਝੋਤਾ ਕਰਕੇ ਤੀਜਾ ਫਰੰਟ ਬਣਾਉਣਾ ਵੀ ਅੰਦਰ ਖਾਤੇ ਭਾਜਪਾ ਦੀ ਮਦਦ ਕਰਨਾ ਹੀ ਸਮਝਿਆ ਜਾਂਦਾ ਹੈ।

ਉਹਨਾਂ ਇਹ ਵੀ ਕਿਹਾ ਕਿ ਉਤਰ ਪ੍ਰਦੇਸ਼ ਦੀ ਜ਼ਿਮਨੀ ਚੋਣ ਵਿਚ ਵੀ ਜੇਕਰ ਬਸਪਾ ਆਗੂ ਸਮਾਜਵਾਦੀ ਪਾਰਟੀ ਨੂੰ ਸਮਰਥਨ ਦਿੰਦੀ ਹੈ ਤਾਂ ਇਸ ਦਾ ਮਤਲਬ ਵੀ ਤੀਜਾ ਫਰੰਟ ਬਣਾ ਕੇ ਭਾਜਪਾ ਨੂੰ ਅੰਦਰ ਖਾਤੇ ਮਦਦ ਕਰਨਾ ਹੀ ਹੋਵੇਗਾ। ਜੇਕਰ ਭਾਜਪਾ ਨੂੰ ਰੋਕਣਾ ਹੈ ਤਾਂ ਸਾਰੀਆਂ ਪਾਰਟੀਆਂ ਨਾਲ ਰਲ ਕੇ ਇੱਕ ਫਰੰਟ ਬਣਾਉਣਾ ਚਾਹੀਦਾ ਸੀ। ਅਖੀਰ ਵਿਚ ਸ਼੍ਰੀ ਸੈਲਾ ਨੇ ਕਿਹਾ ਕਿ ਉਹ ਵੀ ਅਗਲੀ ਰਣਨੀਤੀ ਬਹੁਜਨ ਸਮਾਜ ਨੂੰ ਦੇਸ਼ ਦਾ ਹੁਕਮਰਾਨ ਸਮਾਜ ਬਣਾਉਣ ਲਈ ਸਾਹਿਬ ਸ਼੍ਰੀ ਕਾਂਸੀ ਰਾਮ ਜੀ ਦੇ “ਬਹੁਜਨ ਅੰਦੋਲਨ” ਨੂੰ ਸਮਰਪਤ ਸਾਥੀਆਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਹੀ ਬਣਾਉਣਗੇ।

LEAVE A REPLY

Please enter your comment!
Please enter your name here