
ਹਰਿਆਣਾ (ਦ ਸਟੈਲਰ ਨਿਊਜ਼)। ਹਰਿਆਣਾ ਦੇ ਕਰਨਾਲ ਵਿੱਚ ਸੜਕ ਹਾਦਸੇ ਦੌਰਾਨ ਇੱਕ 34 ਸਾਲਾ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਸੁਰੇਸ਼ ਉਮਰ 34 ਸਾਲਾਂ ਵਾਸੀ ਪਿੰਡ ਗਗਸੀਨਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸੁਰੇਸ਼ ਖੇਤੀ ਦਾ ਕੰਮ ਕਰਦਾ ਸੀ ਤੇ ਬੀਤੀ ਰਾਤ ਉਹ ਆਪਣੇ ਪਿੰਡ ਦੇ ਰਵਿੰਦਰ ਸਿੰਘ ਨਾਲ ਟਰੈਕਟਰ ਤੇ ਪਿੰਡ ਗੁਲਾਰਪੁਰ ਗਿਆ ਹੋਇਆ ਸੀ ਤੇ ਰਵਿੰਦਰ ਟਰੈਕਟਰ ਚਲਾ ਰਿਹਾ ਸੀ ਤੇ ਸੁਰੇਸ਼ ਉਸਦੇ ਨਾਲ ਬੈਠਾ ਸੀ। ਰਸਤੇ ਵਿੱਚ ਪਿੰਡ ਪੱਕਾ ਖੇੜਾ ਨੇੜੇ ਸੁਰੇਸ਼ ਕਿਸੇ ਕੰਮ ਲਈ ਟਰੈਕਟਰ ਤੋਂ ਹੇਠਾਂ ਉਤਰ ਗਿਆ ਤੇ ਜਦੋਂ ਉਹ ਵਾਪਸ ਪਰਤ ਕੇ ਟਰੈਕਟਰ ਨਜ਼ਦੀਕ ਪਹੁੰਚਿਆ ਤਾਂ ਰਵਿੰਦਰ ਦਾ ਬ੍ਰੇਕ ਤੋਂ ਅਚਾਨਕ ਪੈਰ ਹੱਟ ਗਿਆ ਤੇ ਟਰੈਕਟਰ ਨੇ ਸੁਰੇਸ਼ ਨੂੰ ਟੱਕਰ ਮਾਰ ਦਿੱਤੀ।

ਟੱਕਰ ਇੰਨੀ ਜ਼ਬਰਦਸਤ ਸੀ ਕਿ ਸੁਰੇਸ਼ ਦਾ ਸਿਰ ਸਿੱਧਾ ਸੜਕ ਤੇ ਜਾ ਵੱਜਿਆ ਅਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਰਵਿੰਦਰ ਟਰੈਕਟਰ ਲੈ ਕੇ ਉਥੋਂ ਫ਼ਰਾਰ ਹੋ ਗਿਆ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੁਰੇਸ਼ ਦੇ ਪਰਿਵਾਰਕ ਮੈਬਰਾਂ ਨੇ ਟਰੈਕਟਰ ਚਾਲਕ ਰਵਿੰਦਰ ਤੇ ਲਾਪਰਵਾਹੀ ਨਾਲ ਵਾਹਨ ਚਲਾਉਣ ਦੇ ਆਰੋਪ ਵਿੱਚ ਉਸਤੇ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।












