
ਸੰਗਰੂਰ (ਦ ਸਟੈਲਰ ਨਿਊਜ਼)। ਸੰਗਰੂਰ ਦੇ ਪਿੰਡ ਧਾਂਦਰਾ ਵਿੱਚ ਚਰਚ ਦੀ ਸਥਾਪਨਾ ਨੂੰ ਲੈ ਕੇ ਦੋ ਗੁੱਟਾਂ ਵਿੱਚ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਕਈ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਪਿੰਡ ਦੇ ਈਸਾਈ ਭਾਈਚਾਰੇ ਦੇ ਲੋਕਾਂ ਨੇ ਆਰੋਪ ਲਗਾਇਆ ਹੈ ਕਿ ਕੁੱਝ ਲੋਕ ਉਨ੍ਹਾਂ ਨੂੰ ਚਰਚ ਜਾਣ ਤੋਂ ਜ਼ਬਰਦਸਤੀ ਰੋਕ ਰਹੇ ਹਨ, ਜਦਕਿ ਦੂਜੇ ਧਿਰ ਨੇ ਆਰੋਪ ਲਗਾਇਆ ਹੈ ਕਿ ਪਿੰਡ ਵਿੱਚ ਪ੍ਰਸ਼ਾਸਨ ਨੇ ਚਰਚ ਤੇ ਪਾਬੰਦੀ ਲਗਾਈ ਹੋਈ ਹੈ, ਜਿਸਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ 25 ਦਸੰਬਰ ਨੂੰ ਵੀ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਸਮੇਂ ਪਿੰਡ ਵਿੱਚ ਇਨ੍ਹਾਂ ਨੇ ਚਰਚ ਲਗਾਈ ਸੀ। ਉਸ ਸਮੇਂ ਮਾਹੌਲ ਖ਼ਰਾਬ ਹੋਇਆ ਸੀ।

ਉਸ ਸਮੇਂ ਪਿੰਡ ਦੇ ਲੋਕਾਂ ਤੇ ਪ੍ਰਸ਼ਾਸਨ ਦੇ ਵਿੱਚ ਸਹਿਮਤੀ ਬਣੀ ਸੀ ਕਿ ਜਦੋਂ ਤੱਕ ਪਿੰਡ ਦੇ ਲੋਕ ਸਹਿਮਤ ਨਹੀਂ ਹੋਣਗੇ, ਉਦੋਂ ਤੱਕ ਚਰਚ ਨਹੀਂ ਲਾਗਾਈ ਜਾਵੇਗੀ ਪਰ ਐਤਵਾਰ ਨੂੰ ਜਾਣ ਬੁਝ ਕੇ ਫਿਰ ਮਾਹੌਲ ਖ਼ਰਾਬ ਕਰਨ ਲਈ ਉਹਨਾਂ ਨੇ ਬੱਕਰੀਆਂ ਵਾਲੇ ਬਾੜੇ ਵਿੱਚ ਚਰਚ ਲਗਾਈ ਸੀ। ਜਿਸ ਦਾ ਉਹਨਾਂ ਵੱਲੋਂ ਵਿਰੋਧ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਸਿਰਫ਼ ਜਾ ਕੇ ਬੇਨਤੀ ਕੀਤੀ ਕਿ ਉਹ ਇਸ ਤਰ੍ਹਾਂ ਨਾ ਕਰਨ। ਜਿਸ ਤੋਂ ਬਾਅਦ ਉਹ ਉਹਨਾਂ ਨਾਲ ਹੱਥੋਪਾਈ ਹੋ ਗਏ। ਉਨ੍ਹਾਂ ਨੇ ਕਿਹਾ ਕੋਈ ਇਸ ਤਰ੍ਹਾਂ ਦਾ ਮਾਹੌਲ ਨਹੀਂ ਸੀ ਜਿਸ ਤਰ੍ਹਾਂ ਦਾ ਬਣਾਇਆ ਜਾ ਰਿਹਾ। ਇਸ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਧਿਰਾਂ ਸ਼ਾਂਤ ਹੋ ਗਈਆਂ ਅਜੇ ਤੱਕ ਕਿਸੇ ਨੇ ਵੀ ਉਨ੍ਹਾਂ ਦੇ ਬਿਆਨ ਦਰਜ ਨਹੀਂ ਕਰਵਾਏ ਹਨ ਉਹਨਾਂ ਨੇ ਕਿਹਾ ਕਿ ਬਿਆਨਾਂ ਤੋਂ ਬਾਅਦ ਹੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।












