
ਅੰਮ੍ਰਿਤਸਰ (ਦ ਸਟੈਲਰ ਨਿਊਜ਼)। ਅੰਮ੍ਰਿਤਸਰ ਪੁਲਿਸ ਨੇ ਆਮ ਆਦਮੀ ਪਾਰਟੀ ਦੀ ਵਿਧਾਇਕਾ ਜੀਵਨਜੋਤ ਕੌਰ ਦੇ ਪੀਏ ਨੂੰ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਪੀਏ ਮਨਿੰਦਰ ਸਿੰਘ ਖਿਲਾਫ਼ ਧਾਰਾ 307 ਦਾ ਪਰਚਾ ਦਰਜ ਕੀਤਾ ਹੈ। ਪੀਏ ਤੇ ਆਪਣੇ ਰਿਸ਼ਤੇਦਾਰ ਨਾਲ ਮਿਲ ਕੇ ਇੱਕ ਵਿਅਕਤੀ ਤੇ ਜਾਨਲੇਵਾ ਹਮਲਾ ਕਰਨ ਦੇ ਆਰੋਪ ਹਨ। ਜਾਣਕਾਰੀ ਅਨੁਸਾਰ, ਘਟਨਾ 17 ਅਕਤੂਬਰ ਦੀ ਦੱਸੀ ਜਾ ਰਹੀ ਹੈ। ਜਦੋਂ ਕੱਥੂ ਨੰਗਲ ਲੇੜਲੇ ਪਿੰਡ ਪਾਖਰਪੁਰਾ ਵਾਸੀ ਅਸ਼ਵਨੀ ਕੁਮਾਰ ਰਾਮਬਾਗ ਵਿਖੇ ਸਥਿਤ ਚਰਚ ਦੇ ਨੇੜਲੀ ਮਾਰਕੀਟ ਵਿੱਚ ਖਰੀਦਦਾਰੀ ਕਰ ਰਿਹਾ ਸੀ। ਇਸ ਦੌਰਾਨ ਮਨਿੰਦਰ ਸਿੰਘ ਦੇ ਰਿਸ਼ਤੇਦਾਰ ਸੁੱਚਾ ਸਿੰਘ ਨਾਮਕ ਵਿਅਕਤੀ ਨੇ ਆਪਣੇ ਜਵਾਈ ਮਨਿੰਦਰ ਸਿੰਘ ਅਤੇ ਹੋਰਨਾਂ ਸਾਥੀਆਂ ਨਾਲ ਅਸ਼ਵਨੀ ਕੁਮਾਰ ‘ਤੇ ਜਾਨਲੇਵਾ ਹਮਲਾ ਕਰ ਦਿੱਤਾ। ਜਿਸ ਦੌਰਾਨ ਉਹ ਗੰਭੀਰ ਜ਼ਖ਼ਮੀ ਹੋ ਗਿਆ।

ਜਾਣਕਾਰੀ ਸਾਹਮਣੇ ਆਈ ਹੈ ਕਿ ਇਹ ਝਗੜਾ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਚੱਲ ਰਿਹਾ ਸੀ। ਅਸ਼ਵਨੀ ਕੁਮਾਰ ਅਨੁਸਾਰ ਸੁੱਚਾ ਸਿੰਘ ਵੱਲੋਂ ਕਾਫੀ ਸਮਾਂ ਪਹਿਲਾਂ ਉਧਾਰ ਲਏ ਗਏ ਸਾਢੇ ਚਾਰ ਲੱਖ ਰੁਪਏ ਲਏ ਸਨ। ਹੁਣ ਜਦੋਂ ਉਸ ਨੇ ਆਪਣੇ ਪੈਸਿਆਂ ਦੀ ਵਾਪਸੀ ਮੰਗੀ ਤਾਂ ਉਹ ਲਗਾਤਾਰ ਟਾਲ-ਮਟੋਲ ਕਰ ਰਿਹਾ ਸੀ, ਜਿਸ ਕਾਰਨ ਉਸ ਨੂੰ ਨਿਸ਼ਾਨਾ ਬਣਾਇਆ ਗਿਆ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।











