
ਤਰਨਤਾਰਨ (ਦ ਸਟੈਲਰ ਨਿਊਜ਼)। ਪੰਜਾਬ ਵਿੱਚ ਗੈਂਗਵਾਰ ਦੀਆਂ ਘਟਨਾਵਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲਾ ਤਰਨਤਾਰਨ ਦੇ ਕਸਬਾ ਨੌਸ਼ਹਿਰਾ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਇੱਕ ਮਜ਼ਦੂਰ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਹਿਚਾਣ ਕੁਲਦੀਪ ਸਿੰਘ ਪੁੱਤਰ ਗੁਲਜ਼ਾਰ ਸਿੰਘ ਵਜੋਂ ਹੋਈ ਹੈ। ਪੁਲਿਸ ਮੁੱਢਲੀ ਜਾਂਚ ਵਿੱਚ ਇਸ ਕਤਲ ਪਿੱਛੇ ਗੈਂਗਸਟਰਾਂ ਦੀ ਆਪਸੀ ਰੰਜਿਸ਼ ਨੂੰ ਕਾਰਨ ਮੰਨ ਰਹੀ ਹੈ। ਉੱਧਰ, ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਕੇ ਗੈਂਗਸਟਰ ਲੰਡਾ ਹਰੀਕੇ ਨੇ ਇਸ ਵਾਰਦਾਤ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਹੈ। ਜਾਣਕਾਰੀ ਅਨੁਸਾਰ, ਜੰਮੂ-ਕਸ਼ਮੀਰ-ਰਾਜਸਥਾਨ ਕੌਮੀ ਮਾਰਗ ‘ਤੇ ਸਥਿਤ ਕਸਬਾ ਨੌਸ਼ਹਿਰਾ ਪੰਨੂਆਂ ਦਾ ਰਹਿਣ ਵਾਲਾ ਕੁਲਦੀਪ ਸਿੰਘ ਪੇਂਟ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਬੁੱਧਵਾਰ ਰਾਤ ਨੂੰ ਉਹ ਵਾਲ ਕਟਵਾਉਣ ਲਈ ਘਰੋਂ ਕਸਬੇ ਦੇ ਅੱਡੇ ਵੱਲ ਜਾ ਰਿਹਾ ਸੀ। ਇਸੇ ਦੌਰਾਨ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਦੋ ਦਿਨ ਪਹਿਲਾਂ ਕੁਲਦੀਪ ਸਿੰਘ ਦੇ ਪੁੱਤਰ ਮਨਪ੍ਰੀਤ ਸਿੰਘ ਨੂੰ ਥਾਣਾ ਸਰਹਾਲੀ ਦੀ ਪੁਲਿਸ ਨੇ ਇੱਕ ਕਤਲ ਮਾਮਲੇ ਵਿੱਚ ਕਥਿਤ ਤੌਰ ‘ਤੇ ਰੇਕੀ ਕਰਨ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਸੀ। ਸਾਲ 2022 ਵਿੱਚ ਥਾਣਾ ਸਰਹਾਲੀ ‘ਤੇ ਆਰਪੀਜੀ ਹਮਲਾ ਹੋਇਆ ਸੀ, ਜਿਸ ਦੇ ਮੁੱਖ ਸਾਜ਼ਿਸ਼ਕਰਤਾ ਅਜਮੀਤ ਸਿੰਘ ਦਾ 11 ਸਤੰਬਰ ਨੂੰ ਬਦਮਾਸ਼ਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਕਰੀਬ 30 ਦਿਨ ਬਾਅਦ, 11 ਅਕਤੂਬਰ ਨੂੰ ਅਜਮੀਤ ਸਿੰਘ ਦੇ ਚਾਚੇ ਏਐਸਆਈ ਇਕਬਾਲ ਸਿੰਘ ਦੀ ਵੀ ਇਸੇ ਕਸਬੇ ‘ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਏਐਸਆਈ ਇਕਬਾਲ ਸਿੰਘ ਦੇ ਕਤਲ ਦੀ ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਸੀ ਕਿ ਵਿਦੇਸ਼ ਵਿੱਚ ਬੈਠੇ ਗੈਂਗਸਟਰਾਂ ਨੇ ਕਥਿਤ ਤੌਰ ‘ਤੇ ਮਨਪ੍ਰੀਤ ਸਿੰਘ ਤੋਂ ਰੇਕੀ ਕਰਵਾਈ ਸੀ। ਮਨਪ੍ਰੀਤ ਸਿੰਘ ਪਿਛਲੇ ਦੋ ਦਿਨਾਂ ਤੋਂ ਪੁਲਿਸ ਹਿਰਾਸਤ ‘ਚ ਹੈ। ਹੁਣ ਉਸ ਦੇ ਪਿਤਾ ਕੁਲਦੀਪ ਸਿੰਘ ਦਾ ਕਤਲ ਹੋਣ ਤੋਂ ਬਾਅਦ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਡੀਐੱਸਪੀ ਰਵੀਸ਼ੇਰ ਸਿੰਘ ਤੇ ਥਾਣਾ ਸਰਹਾਲੀ ਦੇ ਮੁਖੀ ਬਲਬੀਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਣਪਛਾਤੇ ਹਮਲਾਵਰਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਡੀਐਸਪੀ ਰਵੀਸ਼ੇਰ ਸਿੰਘ ਮੁਤਾਬਕ, ਮੁੱਢਲੀ ਜਾਂਚ ਵਿੱਚ ਇਹ ਮਾਮਲਾ ਗੈਂਗਸਟਰਾਂ ਦੀ ਆਪਸੀ ਰੰਜਿਸ਼ ਨਾਲ ਜੁੜਿਆ ਲੱਗ ਰਿਹਾ ਹੈ। ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਗਠਨ ਕੀਤੀਆਂ ਗਈਆਂ ਹਨ।












