
ਬਠਿੰਡਾ (ਦ ਸਟੈਲਰ ਨਿਊਜ਼)। ਬਠਿੰਡਾ ਕੈਂਟ ਵਿੱਚ ਮੋਚੀ ਦਾ ਕੰਮ ਕਰਨ ਵਾਲੇ ਨੌਜਵਾਨ ਨੂੰ ਫੌਜ ਦੇ ਅਧਿਕਾਰੀਆਂ ਨੇ ਗ੍ਰਿਫ਼ਤਾਰ ਕੀਤਾ ਹੈ। ਇਸ ਨੌਜਵਾਨ ਤੇ ਪਾਕਿਸਤਾਨ ਲਈ ਜਾਸੂਸੀ ਕਰਨ ਦਾ ਆਰੋਪ ਹੈ। ਪੁਛਗਿੱਛ ਤੋਂ ਬਾਅਦ, ਆਰਮੀ ਇੰਟੈਲੀਜੈਂਸ ਵਿੰਗ ਨੇ ਉਸਨੂੰ ਕੈਂਟ ਪੁਲਿਸ ਸਟੇਸ਼ਨ ਦੇ ਹਵਾਲੇ ਕਰ ਦਿੱਤਾ। ਮੁਲਜ਼ਮ ਦੀ ਪਹਿਚਾਣ ਸੁਨੀਲ ਕੁਮਾਰ ਰਾਮ (26) ਵਜੋਂ ਹੋਈ ਹੈ, ਜੋ ਕਿ ਸਮਸਤੀਪੁਰ, ਬਿਹਾਰ ਦਾ ਰਹਿਣ ਵਾਲਾ ਸੀ ਅਤੇ ਪਿਛਲੇ 10 ਸਾਲਾਂ ਤੋਂ ਬੇਅੰਤ ਨਗਰ, ਬਠਿੰਡਾ ਵਿੱਚ ਰਹਿ ਰਿਹਾ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਮੁਲਜ਼ਮ ਦੇ ਮੋਬਾਈਲ ਫੋਨ ਤੋਂ ਹੋਈ ਵਟਸਐਪ ਚੈਟ ਤੋਂ ਪਤਾ ਲੱਗਾ ਕਿ ਉਹ ਬਠਿੰਡਾ ਕੈਂਟ ਦੀ ਜਾਸੂਸੀ ਕਰ ਰਿਹਾ ਸੀ।

ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਦੇਸ਼ ਭਰ ਵਿੱਚ ਫੌਜੀ ਕੈਂਪਾਂ ਵਿੱਚ ਨਿੱਜੀ ਪੱਧਰ ‘ਤੇ ਕੰਮ ਕਰਨ ਵਾਲੇ ਲੋਕਾਂ ਦੀ ਜਾਂਚ ਸ਼ੁਰੂ ਹੋ ਗਈ ਹੈ। ਬਠਿੰਡਾ ਛਾਉਣੀ ਵਿੱਚ ਵੀ, ਛਾਉਣੀ ਦੇ ਅੰਦਰ ਨਿੱਜੀ ਤੌਰ ‘ਤੇ ਕੰਮ ਕਰਨ ਵਾਲੇ ਲੋਕਾਂ ਦੀ ਫੌਜ ਦੇ ਖੁਫੀਆ ਵਿੰਗ ਵੱਲੋਂ ਕਈ ਦਿਨਾਂ ਤੋਂ ਜਾਂਚ ਕੀਤੀ ਜਾ ਰਹੀ ਸੀ। ਪੁਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਉਹ ਉਕਤ ਪਾਕਿਸਤਾਨੀ ਕੁੜੀ ਨੂੰ ਬਠਿੰਡਾ ਕੈਂਟ ਬਾਰੇ ਜਾਣਕਾਰੀ ਭੇਜ ਰਿਹਾ ਸੀ। ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਪਾਕਿਸਤਾਨੀ ਔਰਤ ਨੇ ਉਸਨੂੰ ਕਈ ਵਾਰ ਪੈਸੇ ਵੀ ਭੇਜੇ ਹਨ। ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।












