
ਲੁਧਿਆਣਾ(ਦ ਸਟੈਲਰ ਨਿਊਜ਼)। ਲੁਧਿਆਣਾ ਦੇ ਆਰਤੀ ਚੌਕ ਨੇੜੇ 2 ਮੋਟਰਸਾਈਕਲ ਸਵਾਰ ਇੱਕ ਕੁੜੀ ਦੀ ਲਾਸ਼ ਨੂੰ ਬੋਰੀ ਵਿੱਚ ਪਾ ਕੇ ਸੁੱਟ ਗਏ। ਜਦੋਂ ਉੱਥੇ ਮੌਜੂਦ ਇੱਕ ਸਟ੍ਰੀਟ ਵਿਕਰੇਤਾ ਨੇ ਨੌਜਵਾਨਾਂ ਤੋਂ ਬੋਰੀ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਤਾਂ ਖਰਾਬ ਅੰਬ ਸੁੱਟਣ ਆਏ ਹਨ। ਜਦੋਂ ਸਟ੍ਰੀਟ ਵਿਕਰੇਤਾ ਨੇ ਬੋਰੀ ਚੈਕ ਕੀਤੀ ਤਾਂ ਉਸ ਵਿੱਚ ਕੁੜੀ ਦੀ ਲਾਸ਼ ਸੀ। ਜਿਸ ਤੋਂ ਬਾਅਦ ਲੋਕਾਂ ਨੇ ਤੁਰੰਤ ਆਰਤੀ ਚੌਕ ‘ਤੇ ਖੜ੍ਹੇ ਪੁਲਿਸ ਮੁਲਾਜ਼ਮਾਂ ਨੂੰ ਘਟਨਾ ਬਾਰੇ ਸੂਚਿਤ ਕੀਤਾ। ਜਿਸ ਤੋਂ ਬਾਅਦ ਨੌਜਵਾਨ ਮੋਟਰਸਾਈਕਲ ਉੱਥ ਹੀ ਛੱਡ ਕੇ ਫਰਾਰ ਹੋ ਗਏ। ਕੁੜੀ ਦੇ ਨੱਕ ਵਿੱਚੋਂ ਖੂਨ ਵਹਿ ਰਿਹਾ ਸੀ। ਪੁਲਿਸ ਉਸਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਸਟਰੀਟ ਵਿਕਰੇਤਾ ਨੇ ਕਿਹਾ ਕਿ ਇੱਕ ਨੌਜਵਾਨ ਨੇ ਪ੍ਰਾਈਵੇਟ ਸੁਰੱਖਿਆ ਗਾਰਡ ਦੀ ਡਰੈੱਸ ਪਾਈ ਹੋਈ ਸੀ। ਥਾਣਾ ਡਿਵੀਜ਼ਨ ਨੰਬਰ 8 ਦੇ ਸਬ ਇੰਸਪੈਕਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ਆਇਆ ਸੀ ਕਿ ਕਿਸੇ ਨੇ ਆਰਤੀ ਚੌਕ ਦੇ ਨੇੜੇ ਇੱਕ ਬੋਰੀ ਸੁੱਟ ਦਿੱਤੀ ਹੈ ਅਤੇ ਸ਼ੱਕ ਸੀ ਕਿ ਇਸ ਵਿੱਚ ਕੋਈ ਲਾਸ਼ ਹੈ। ਲੋਕਾਂ ਨੇ ਬੋਰੀ ਸੁੱਟਣ ਵਾਲੇ 2 ਮੁੰਡਿਆਂ ਨੂੰ ਰੋਕਿਆ ਅਤੇ ਪੁੱਛਿਆ ਕਿ ਇਸ ਵਿੱਚ ਕੀ ਹੈ ਤਾਂ ਉਨ੍ਹਾਂ ਕਿਹਾ ਕਿ ਖ਼ਰਾਬ ਅੰਬ ਹਨ ਅਤੇ ਇਹ ਕਹਿਣ ਤੋਂ ਬਾਅਦ ਉਹ ਭੱਜ ਗਏ। ਐਸਆਈ ਨੇ ਅੱਗੇ ਕਿਹਾ ਕਿ ਅਸੀਂ ਉਨ੍ਹਾਂ ਦੀ ਮੋਟਰਸਾਈਕਲ ਬਰਾਮਦ ਕਰ ਲਈ ਹੈ। ਨੰਬਰ ਦੇ ਆਧਾਰ ‘ਤੇ ਆਰੋਪੀਆਂ ਦੀ ਭਾਲ ਕੀਤੀ ਜਾ ਰਹੀ ਹੈ।












