
ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ। ਪੁਲਿਸ ਤੋਂ ਬੇਖ਼ੌਫ ਹੋਏ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਬੀਤੀ ਰਾਤ ਰਾਜੀਵ ਗਾਂਧੀ ਇਨਕਲੇਵ ਕਲੋਨੀ ਵਿਖੇ ਚੋਰਾਂ ਨੇ ਇੱਕੋ ਰਾਤ ਤਿੰਨ ਕੋਠੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਤੇ ਅੰਦਰੋਂ ਲੱਖਾਂ ਰੁਪਏ ਦੇ ਗਹਿਣੇ ਤੇ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਏ | ਚੋਰੀ ਦੀਆਂ ਕੁੱਝ ਘਟਨਾਵਾਂ ਸੀਸੀਟੀਵੀ ਕੈਮਰਿਆਂ ਵਿਚ ਵੀ ਕੈਦ ਹੋ ਗਈਆਂ ਹਨ ਤੇ ਕੈਮਰਿਆਂ ਅਨੁਸਾਰ ਇਹ ਤਿੰਨੇ ਘਟਨਾਵਾਂ ਰਾਤ ਦੋ ਵਜੇ ਤੋਂ ਬਾਅਦ ਵਾਪਰੀਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਵਿਖੇ ਬਤੌਰ ਅਧਿਆਪਕ ਸੇਵਾਵਾਂ ਦੇ ਰਹੀ ਅਧਿਆਪਕਾ ਸਤੀਸ਼ ਕੁਮਾਰੀ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਤਿੰਨ ਦਿਨਾਂ ਲਈ ਰਿਸ਼ਤੇਦਾਰੀ ਵਿਚ ਸ਼ਹਿਰੋਂ ਬਾਹਰ ਗਏ ਹੋਏ ਸਨ | ਜਦੋਂ ਅੱਜ ਕਲੋਨੀ ਦੇ ਵਟਸਅਪ ਗਰੁੱਪ ਸਵੇਰੇ ਚੋਰੀ ਦੀ ਘਟਨਾ ਦਾ ਪਤਾ ਲੱਗਿਆ ਤਾਂ ਉਨ੍ਹਾਂ ਘਰ ਵਿਚ ਲੱਗੇ ਕੈਮਰਿਆਂ ਨੂੰ ਮੋਬਾਈਲ ਵਿਚ ਖੋਲ ਕੇ ਦੇਖਿਆ ਤਾਂ ਚੋਰਾਂ ਨੇ ਉਨ੍ਹਾਂ ਦੇ ਘਰ ਵਿਚ ਵੀ ਧਾਵਾ ਬੋਲਿਆ ਸੀ | ਉਨ੍ਹਾਂ ਦੱਸਿਆ ਕਿ ਚੋਰ ਉਨ੍ਹਾਂ ਦੇ ਘਰੋਂ ਸੋਨੇ ਤੇ ਚਾਂਦੀ ਦੇ ਗਹਿਣਿਆਂ ਸਮੇਤ ਕੁੱਝ ਨਕਦੀ ਲੈ ਕੇ ਫ਼ਰਾਰ ਹੋ ਗਏ ਤੇ ਉਨ੍ਹਾਂ ਦਾ ਕਰੀਬ 10 ਤੋਂ 12 ਲੱਖ ਰੁਪਏ ਦਾ ਨੁਕਸਾਨ ਹੋ ਗਿਆ | ਦੂਸਰੇ ਪੀੜਤ ਪਰਿਵਾਰ ਨਾਲ ਸਬੰਧਿਤ ਇੱਬਣ ਸਕੂਲ ਵਿਖੇ ਅਧਿਆਪਕ ਕਰਮਜੀਤ ਗਿੱਲ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਜਸਪ੍ਰੀਤ ਗਿੱਲ ਦਾ ਮਕਾਨ ਵੀ ਉਨ੍ਹਾਂ ਦੇ ਨਾਲ ਹੀ ਇਸੇ ਕਲੋਨੀ ਵਿਚ ਹੈ ਤੇ ਬੀਤੀ ਰਾਤ ਉਸਦੇ ਭਰਾ ਨਾਲ ਰਹਿੰਦੇ ਮਾਤਾ ਕਮਲਜੀਤ ਸਾਡੇ ਘਰ ਆਏ ਹੋਏ ਸਨ ਤੇ ਭਰਾ ਦੇ ਘਰ ਤਾਲਾ ਲੱਗਾ ਹੋਇਆ ਸੀ, ਜਿਸਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਤੇ ਤਾਲੇ ਤੋੜ ਕੇ ਗਹਿਣੇ ਤੇ ਨਕਦੀ ਸਮੇਤ ਕਰੀਬ 7 ਲੱਖ ਰੁਪਏ ਦਾ ਸਮਾਨ ਚੋਰੀ ਕਰਕੇ ਲੈ ਗਏ |

ਤੀਸਰੀ ਚੋਰੀ ਦੀ ਘਟਨਾ ਰਾਜੀਵ ਗਾਂਧੀ ਇਨਕਲੇਵ ਕਲੋਨੀ ਵਿਚ ਹੀ ਇਕ ਤਾਲਾ ਬੰਦ ਕੋਠੀ ਵਿਚ ਵਾਪਰੀ | ਕਲੋਨੀ ਵਾਲਿਆਂ ਦੇ ਦੱਸਣ ਅਨੁਸਾਰ ਇੱਥੇ ਰਹਿੰਦੇ ਪਰਿਵਾਰਕ ਮੈਂਬਰ ਕਰੀਬ ਇਕ ਦੋ ਮਹੀਨੇ ਤੋਂ ਬੰਗਲੌਰ ਗਏ ਹੋਏ ਹਨ ਤੇ ਚੋਰਾਂ ਵਲੋਂ ਉਨ੍ਹਾਂ ਦੇ ਘਰ ਅੰਦਰੋਂ ਵੀ ਤਾਲੇ ਤੋੜ ਕੇ ਨਕਦੀ ਤੇ ਗਹਿਣੇ ਚੋਰੀ ਕੀਤੇ ਗਏ, ਜਿਸਦੀ ਵਧੇਰੇ ਜਾਣਕਾਰੀ ਮਕਾਨ ਮਾਲਕ ਦੇ ਬੰਗਲੌਰ ਤੋਂ ਆਉਣ ‘ਤੇ ਹੀ ਪਤਾ ਲੱਗੇਗੀ | ਇਨ੍ਹਾਂ ਘਟਨਾਵਾਂ ਦੀ ਸੂਚਨਾ ਮਿਲਣ ਉਪਰੰਤ ਥਾਣਾ ਸਿਟੀ ਦੀ ਪੁਲਿਸ ਤੇ ਫੋਰੈਂਸਿਕ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ ਤੇ ਵਾਰਦਾਤ ਦੀ ਜਾਣਕਾਰੀ ਇਕੱਤਰ ਕੀਤੀ | ਕਲੋਨੀ ਵਾਸੀਆਂ ਵਿਚ ਇਨ੍ਹਾਂ ਘਟਨਾਵਾਂ ਲੈ ਕੇ ਸਹਿਮ ਦਾ ਮਾਹੌਲ ਹੈ ਤੇ ਕਲੋਨੀ ਵਿਚ ਰਾਤ ਸਮੇਂ ਚੌਕੀਦਾਰ ਹੋਣ ਦੇ ਬਾਵਜੂਦ ਵੀ ਇਹ ਘਟਨਾਵਾਂ ਵਾਪਰੀਆਂ ਹਨ | ਵਾਰਡ ਕੌਂਸਲਰ ਹਰਜੀਤ ਕੌਰ ਜੋ ਕਿ ਇਸੇ ਕਲੋਨੀ ਵਿਚ ਰਹਿੰਦੇ ਹਨ ਨੇ ਕਿਹਾ ਕਿ ਉਨ੍ਹਾਂ ਦੀ ਨਗਰ ਸੁਧਾਰ ਟਰੱਸਟ ਵਲੋਂ ਕੱਟੀ ਹੋਈ ਕਲੋਨੀ, ਟਰੱਸਟ ਨੇ ਉਨ੍ਹਾਂ ਨੂੰ ਸੁਰੱਖਿਆ ਤਾਂ ਕੀ ਦੇਣੀ ਕਲੋਨੀ ਵਾਸੀਆਂ ਨੂੰ ਆਪਣੀ ਸੁਰੱਖਿਆ ਲਈ ਗੇਟ ਤੱਕ ਵੀ ਨਹੀਂ ਲਗਾਉਣ ਦਿੰਦੇ | ਉਨ੍ਹਾਂ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਇਨ੍ਹਾਂ ਵਾਰਦਾਤਾਂ ਨੂੰ ਹੱਲ ਕਰਕੇ ਪੀੜਤ ਪਰਿਵਾਰ ਨੂੰ ਚੋਰੀ ਦਾ ਸਮਾਨ ਵਾਪਸ ਦਿਵਾਇਆ ਜਾਵੇ |












