
ਨੰਗਲ (ਦ ਸਟੈਲਰ ਨਿਊਜ਼)। ਲਗਾਤਾਰ ਪੈ ਰਹੇ ਮੀਂਹ ਕਾਰਨ ਪੰਜਾਬ ਵਿੱਚ ਹਾਲਾਤ ਵਿਗੜਦੇ ਜਾ ਰਹੇ ਹਨ। ਮਿਲੀ ਜਾਣਕਾਰੀ ਦੇ ਮੁਤਾਬਕ ਭਾਖੜਾ ਦਾ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਸਿਰਫ਼ ਤਿੰਨ ਫੁੱਟ ਹੇਠਾਂ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਭਾਖੜਾ ਡੈਮ ਦੀ ਗੋਵਿੰਦ ਸਾਗਰ ਝੀਲ ਦਾ ਖ਼ਤਰੇ ਦਾ ਨਿਸ਼ਾਨ 1680 ਫੁੱਟ ਹੈ ਇਸ ਕਰਕੇ ਭਾਖੜਾ ਡੈਮ ਦੇ ਚਾਰੇ ਫਲੱਡ ਗੇਟ ਚਾਰ-ਚਾਰ ਫੁੱਟ ਤੱਕ ਖੋਲ੍ਹ ਦਿੱਤੇ ਗਏ ਹਨ। ਅੱਜ ਭਾਖੜਾ ਡੈਮ ਦਾ ਪਾਣੀ ਪੱਧਰ 1676.72 ਫੁੱਟ ਹੈ।

ਅੰਕੜਿਆਂ ਅਨੁਸਾਰ ਭਾਖੜਾ ਡੈਮ ਵਿੱਚ ਪਾਣੀ ਦੀ ਆਮਦ 1,07,565 ਕਿਊਸਕ ਦਰਜ ਕੀਤੀ ਗਈ ਹੈ, ਜਦਕਿ ਨਿਕਾਸੀ 56 ਹਜ਼ਾਰ ਕਿਊਸਕ ਹੈ। ਇਹ ਪਾਣੀ ਟਰਬਾਈਨਾਂ ਅਤੇ ਫਲੱਡ ਗੇਟਾਂ ਰਾਹੀਂ ਛੱਡਿਆ ਜਾ ਰਿਹਾ ਹੈ।ਨੰਗਲ ਹਾਈਡਲ ਨਹਿਰ ਦਾ ਪਾਣੀ ਪੱਧਰ 9,000 ਕਿਊਸਕ, ਆਨੰਦਪੁਰ ਹਾਈਡਲ ਨਹਿਰ ਦਾ ਪੱਧਰ 2,000 ਕਿਊਸਕ ਅਤੇ ਸਤਲੁਜ ਦਰਿਆ ਵਿੱਚ 54,000 ਕਿਊਸੈਕ ਪਾਣੀ ਵਹਿ ਰਿਹਾ ਹੈ।












