ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼’ ਸਕੀਮ ਤਹਿਤ ਜ਼ਿਲੇ ਦੇ 394 ਮਰੀਜ਼ਾਂ ਨੂੰ ਦਿੱਤੀ ਗਈ 5 ਕਰੋੜ ਰੁਪਏ ਤੋਂ ਵੱਧ ਦੀ ਸਹਾਇਤਾ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਤਹਿਤ ਸਾਲ ਜਨਵਰੀ 2017 ਤੋਂ ਫਰਵਰੀ 2018 ਤੱਕ ਜ਼ਿਲੇ ਦੇ 394 ਮਰੀਜ਼ਾਂ ਨੂੰ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦਾ ਇਲਾਜ ਕਰਾਉਣ ਲਈ 5 ਕਰੋੜ 3 ਲੱਖ 70 ਹਜ਼ਾਰ 287 ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦੇ ਇਲਾਜ ਲਈ 1.50 ਲੱਖ ਰੁਪਏ ਤੱਕ ਦੀ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ ਅਤੇ ਕੈਂਸਰ ਦੇ ਸਾਰੇ ਮਰੀਜ਼ ਇਸ ਸਕੀਮ ਦਾ ਲਾਭ ਪ੍ਰਾਪਤ ਕਰ ਸਕਦੇ ਹਨ। ਉਹਨਾਂ ਦੱਸਿਆ ਕਿ  ਇਸ ਸਕੀਮ ਰਾਹੀਂ ਸਹਾਇਤਾ ਲੈਣ ਲਈ ਸਬੰਧਤ ਮਰੀਜ਼ ਨੇ ਇਸ ਬਿਮਾਰੀ ਦੇ ਇਲਾਜ ਲਈ ਬੀਮਾ ਕੰਪਨੀ ਜਾਂ ਹੋਰ ਕਿਸੇ ਸਾਧਨ ਰਾਹੀਂ ਇਸ ਬਿਮਾਰੀ ਲਈ ਵਿੱਤੀ ਸਹਾਇਤਾ ਪ੍ਰਾਪਤ ਨਾ ਕੀਤੀ ਹੋਵੇ।

Advertisements

ਉਹਨਾਂ ਕੈਂਸਰ ਦੇ ਮਰੀਜ਼ਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਹਨਾਂ ਕਿਹਾ ਕਿ ਕੈਂਸਰ ਤੋਂ ਬਚਣ ਲਈ ਤੰਬਾਕੂ ਦੇ ਉਤਪਾਦਾਂ ਅਤੇ ਸਿਗਰਟ-ਨੋਸ਼ੀ ਤੋਂ ਬਚਿਆ ਜਾਵੇ। ਉਹਨਾਂ ਕਿਹਾ ਕਿ ਕੈਂਸਰ ਤੋਂ ਬਚਣ ਲਈ ਕੀਟ-ਨਾਸ਼ਕ ਦਵਾਈਆਂ ਆਦਿ ਦਾ ਜ਼ਿਆਦਾ ਇਸਤੇਮਾਲ ਵੀ ਨਾ ਕੀਤਾ ਜਾਵੇ ਅਤੇ ਜੰਕ ਫੂਡ ਦਾ ਘੱਟ ਤੋਂ ਘੱਟ ਇਸਤੇਮਾਲ ਕੀਤਾ ਜਾਵੇ। ਉਹਨਾਂ  ਨੇ ਚੰਗੀ  ਸਿਹਤ ਲਈ ਨਿਯਮਤ ਕਸਰਤ ਕਰਨ ਅਤੇ ਮੈਡੀਟੇਸ਼ਨ ਰਾਹੀਂ ਸਰੀਰਕ ਸੰਤੁਲਨ ਬਣਾਏ ਰੱਖਣ ਸਬੰਧੀ ਸਲਾਹ ਵੀ ਦਿੱਤੀ।

-ਕੈਂਸਰ ਦੇ ਮਰੀਜ਼ ਨੂੰ 1.50 ਲੱਖ ਰੁਪਏ ਤੱਕ ਦਿੱਤੀ ਜਾਂਦੀ ਹੈ ਮਾਲੀ ਸਹਾਇਤਾ

ਇਸ ਮੌਕੇ ਸਿਵਲ ਸਰਜਨ ਡਾ. ਰੇਨੂ ਸੂਦ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਲਾਭ ਪ੍ਰਾਪਤ ਕਰਨ ਹਿੱਤ ਮਰੀਜ਼ ਪੰਜਾਬ ਦਾ ਵਸਨੀਕ ਹੋਣਾ ਚਾਹੀਦਾ ਹੈ, ਜਿਸ ਦੇ ਸਬੂਤ ਵਜੋਂ ਰਾਸ਼ਨ ਕਾਰਡ, ਵੋਟਰ ਕਾਰਡ, ਡਰਾਇਵਿੰਗ ਲਾਇਸੰਸ ਅਤੇ  ਪਾਸਪੋਰਟ ਦੀ ਕਾਪੀ ਵਿਚੋਂ ਕੋਈ ਇਕ ਪਹਿਚਾਣ ਪੱਤਰ ਲਗਾਇਆ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਕੈਂਸਰ ਦੀ ਪਹਿਚਾਣ/ਪੁਸ਼ਟੀ ਕਰਨ ਸਬੰਧੀ ਲੈਬਾਰਟਰੀ ਵਲੋਂ  ਟੈਸਟ ਦੀ ਰਿਪੋਰਟ ਅਤੇ ਜਿਸ ਹਸਪਤਾਲ ਤੋਂ ਮਰੀਜ਼ ਦਾ ਇਲਾਜ਼ ਚੱਲ ਰਿਹਾ ਹੈ ਜਾਂ ਕਰਵਾਉਣਾ ਹੈ, ਵਲੋਂ ਇਲਾਜ਼ ਦੇ ਖਰਚੇ ਦਾ ਐਸਟੀਮੇਟ ਅਤੇ ਸਬੰਧਤ ਡਾਕਟਰ ਪਾਸੋਂ ਤਸਦੀਕ-ਸ਼ੁਦਾ ਦੋ ਪਾਸਪੋਰਟ ਸਾਈਜ ਫ਼ੋਟੋਆਂ ਨਿਰਧਾਰਤ ਬਿਨੈ-ਪੱਤਰ ਸਮੇਤ ਜ਼ਿਲ•ਾ ਪੱਧਰੀ ਕਮੇਟੀ ਪਾਸ ਪੇਸ਼ ਕਰਨੀਆਂ ਜ਼ਰੂਰੀ ਹਨ। ਉਹਨਾਂ ਇਹ ਵੀ ਦੱਸਿਆ ਕਿ ਭਵਿੱਖ ਵਿੱਚ ਇਸ ਸਕੀਮ ਨੂੰ ਕੈਸ਼ਲੈਸ ਦੇ ਨਾਲ-ਨਾਲ ਪੇਪਰਲੈਸ ਵੀ ਕੀਤਾ ਗਿਆ ਹੈ, ਜਿਸ ਤਹਿਤ ਇਸ ਸਕੀਮ ਅਧੀਨ ਅਰਜ਼ੀ ਦੇ ਪ੍ਰੋਫਾਰਮੇ ਵਿੱਚ ਤਬਦੀਲੀ ਕੀਤੀ ਗਈ ਹੈ ਅਤੇ ਇਹ ਆਨਲਾਈਨ ਵੈਬ ਐਪਲੀਕੇਸ਼ਨ ਅਨੁਸਾਰ ਹੋਵੇਗੀ।

LEAVE A REPLY

Please enter your comment!
Please enter your name here