
ਜਲੰਧਰ (ਦ ਸਟੈਲਰ ਨਿਊਜ਼)। ਜਲੰਧਰ ਦੇ ਰਾਮਾ ਮੰਡੀ ਤੋਂ ਹੁਸ਼ਿਆਰਪੁਰ ਰੋਡ ‘ਤੇ ਇੱਕ ਸੜਕ ਹਾਦਸਾ ਵਾਪਰਿਆ ਹੈ । ਜਿੱਥੇ ਇੱਕ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਥਾਰ ਨੇ ਸਕੂਟੀ ਸਵਾਰ ਨੂੰ ਟੱਕਰ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਥਾਰ ਡਰਾਈਵਰ ਸਕੂਟਰੀ ਸਮੇਤ ਸਵਾਰ ਸਾਬਕਾ ਸਰਪੰਚ ਨੂੰ ਕਾਫੀ ਦੂਰ ਤੱਕ ਖਿੱਚਦਾ ਗਿਆ। ਇਸ ਹਾਦਸੇ ਦੌਰਾਨ ਸਕੂਟਰੀ ਸਵਾਰ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਥਾਰ ਵਿੱਚ ਅੱਗ ਲੱਗ ਗਈ। ਹਾਦਸੇ ਦੀ ਸੂਚਨਾ ਮਿਲਣ ਦੇ ਬਾਅਦ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ਤੇ ਪਹੁੰਚੀ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ।

ਮ੍ਰਿਤਕ ਦੀ ਪਛਾਣ ਪਿੰਡ ਨੌਲੀ ਦੇ ਸਾਬਕਾ ਸਰਪੰਚ ਹਰਦੇਵ ਸਿੰਘ ਵਜੋਂ ਹੋਈ ਹੈ। ਜੋ ਰਾਮਾ ਮੰਡੀ ਤੋਂ ਆਪਣੇ ਘਰ ਵੱਲ ਜਾ ਰਹੇ ਸਨ। ਜਾਣਕਾਰੀ ਮੁਤਾਬਕ ਮੌਕੇ ਤੇ ਪਹੁੰਚੇ SSF ਦੇ ASI ਦਵਾਰਕਾ ਦਾਸ ਨੇ ਦੱਸਿਆ ਕਿ ਥਾਰ ਵਿੱਚ ਪੂਰਾ ਪਰਿਵਾਰ ਸਵਾਰ ਸੀ। ਟੱਕਰ ਮਾਰਨ ਤੋਂ ਬਾਅਦ ਡਰਾਈਵਰ ਸਮੇਤ ਕਾਰ ਚ ਮੌਜੂਦ ਸਾਰੇ ਲੋਕ ਮੌਕੇ ਤੋਂ ਭੱਜ ਗਏ। ਰਾਮਾ ਮੰਡੀ ਥਾਣੇ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ।












