
ਲੁਧਿਆਣਾ (ਦ ਸਟੈਲਰ ਨਿਊਜ਼)। ਲੁਧਿਆਣਾ ਤੋਂ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਜਿੱਥੇ ਗਲਤ ਟੀਕਾ ਲਗਾਉਣ ਤੇ ਇੱਕ ਵਿਅਕਤੀ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਆਰੋਪ ਲਾਇਆ ਕਿ ਦੇਰ ਰਾਤ ਡਾਕਟਰ ਦੇ ਕੰਪਾਊਂਡਰ ਵੱਲੋਂ ਗਲਤ ਟੀਕਾ ਲਗਾਉਣ ਤੋਂ ਬਾਅਦ ਉਨ੍ਹਾਂ ਦੇ ਮਰੀਜ਼ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਕਰਨੈਲ ਸਿੰਘ ਵਜੋਂ ਹੋਈ ਹੈ । ਜੋ ਕਿ ਦੇਤਵਾਲ ਪਿੰਡ ਦਾ ਵਸਨੀਕ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰਨੈਲ ਸਿੰਘ ਨੂੰ ਖੂਨ ਦੇ ਸੈੱਲਾਂ ਦੀ ਗਿਣਤੀ ਘੱਟ ਹੋਣ ਕਾਰਨ ਸਥਾਨਕ ਸੰਤ ਨਰ ਸਿੰਘ ਹੋਮ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ। ਡਾਕਟਰਾਂ ਨੇ ਦੱਸਿਆ ਕਿ ਉਸ ਦੇ ਖੂਨ ਦੇ ਸੈੱਲਾਂ ਦੁਬਾਰਾ ਪੂਰੇ ਹੋਣੇ ਸ਼ੁਰੂ ਹੋ ਗਏ ਸਨ ਅਤੇ 5,000 ਨਵੇਂ ਸੈੱਲ ਵੀ ਚੜ੍ਹਾਏ ਗਏ ਸਨ।ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਲਾਜ ਪੂਰਾ ਹੋਣ ਤੋਂ ਬਾਅਦ ਉਨ੍ਹਾਂ ਦੇ ਮਰੀਜ਼ ਨੂੰ ਛੁੱਟੀ ਦਿੱਤੀ ਜਾਣੀ ਸੀ। ਅਤੇ ਕਰਨੈਲ ਵੀ ਡਾਕਟਰਾਂ ਤੋਂ ਛੁੱਟੀ ਮੰਗ ਰਿਹਾ ਸੀ। ਹਾਲਾਂਕਿ, ਡਾਕਟਰਾਂ ਨੇ ਛੁੱਟੀ ਦੇਣ ਤੋਂ ਇਨਕਾਰ ਕਰ ਦਿੱਤਾ।

ਇਸ ਦੌਰਾਨ ਪਿੰਡ ਗੁਡੇ ਦੇ ਵਸਨੀਕ ਕੰਪਾਊਂਡਰ ਧਰਮਿੰਦਰ ਸਿੰਘ ਅਤੇ ਕਰਨੈਲ ਸਿੰਘ ਵਿਚਕਾਰ ਬਹਿਸਬਾਜੀ ਹੋ ਗਈ। ਇਲਜ਼ਾਮ ਹੈ ਕਿ ਧਰਮਿੰਦਰ ਸਿੰਘ ਨੇ ਗੁੱਸੇ ਵਿੱਚ ਆ ਕੇ ਗਲਤ ਟੀਕਾ ਲਗਾਇਆ, ਜਿਸ ਕਾਰਨ ਕਰਨੈਲ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਮੌਕੇ ‘ਤੇ ਪਹੁੰਚੇ ਏਐਸਆਈ ਇੰਦਰਜੀਤ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਡਾਕਟਰਾਂ ਦੀ ਲਾਪਰਵਾਹੀ ਕਾਰਨ ਹੋਇਆ ਹੈ ਅਤੇ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰੇਗੀ।












