Saturday, October 24, 2026
Home International ਅਰਮੀਨੀਆ ‘ਚ ਦਿਲ ਦਾ ਦੌਰਾ ਪੈਣ ਕਾਰਨ ਨੌਜਵਾਨ ਦੀ ਮੌਤ, ਮਾਂ ਨੇ...

ਅਰਮੀਨੀਆ ‘ਚ ਦਿਲ ਦਾ ਦੌਰਾ ਪੈਣ ਕਾਰਨ ਨੌਜਵਾਨ ਦੀ ਮੌਤ, ਮਾਂ ਨੇ ਮਦਦ ਦੀ ਲਗਾਈ ਗੁਹਾਰ

ਦਿੱਲੀ(ਦ ਸਟੈਲਰ ਨਿਊਜ਼)। “ਮੇਰੇ ਪੁੱਤ ਦੀ ਲਾਸ਼ ਹੀ ਭਾਰਤ ਲਿਆ ਦਿਓ”। ਇਹ ਭਾਵੁਕ ਬੋਲ ਇੱਕ ਮਾਂ ਦੇ ਹਨ, ਜਿਸ ਦੇ ਪੁੱਤ ਦੀ ਅਰਮੀਨੀਆ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ, 21 ਸਾਲਾ ਨੌਜਵਾਨ ਕਮਲ ਕੁਮਾਰ ਰੋਜ਼ੀ ਰੋਟੀ ਲਈ ਵਿਦੇਸ਼ ਗਿਆ ਸੀ, ਪਰੰਤੂ ਕੰਮ ਨਾ ਮਿਲਣ ਕਾਰਨ ਪ੍ਰੇਸ਼ਾਨ ਰਹਿੰਦਾ ਸੀ।

Advertisements

ਕਮਲ ਕੁਮਾਰ ਦੀ ਮਾਂ ਨੇ ਕਿਹਾ ਕਿ ਉਸਦਾ ਪੁੱਤ ਚੰਗੇ ਭਵਿੱਖ ਦੀ ਆਸ ਵਿੱਚ ਵਿਦੇਸ਼ ਗਿਆ ਸੀ, ਪਰ ਉੱਥੇ ਪਹੁੰਚ ਕੇ ਹਕੀਕਤ ਕੁਝ ਹੋਰ ਹੀ ਨਿਕਲੀ। ਕਮਲ ਹਰ ਰੋਜ਼ ਟੈਂਸ਼ਨ ਵਿੱਚ ਰਹਿੰਦਾ ਸੀ ਅਤੇ ਕੰਮ ਨਾ ਮਿਲਣ ਕਾਰਨ ਉਸ ਨੂੰ ਰੋਟੀ ਲਈ ਵੀ ਪੈਸਾ ਨਹੀਂ ਸੀ ਜੁੜਦਾ।

ਪੀੜਤ ਮਾਂ ਨੇ ਕਿਹਾ ਕਿ ਕਮਲ ਦੇ ਪਿਤਾ ਦੀ 15 ਸਾਲ ਪਹਿਲਾਂ ਮੌਤ ਹੋ ਗਈ ਅਤੇ ਉਸ ਨੇ ਆਪਣੇ ਪੁੱਤ ਨੂੰ ਭਾਂਡੇ ਮਾਂਜ ਕੇ ਪਾਲਿਆ ਸੀ ਅਤੇ ਅੱਜ ਵੀ ਅਸੀਂ ਕਿਰਾਏ ਵਿੱਚ ਰਹਿਣ ਲਈ ਮਜਬੂਰ ਹਾਂ।

ਕਮਲ ਦੀ ਮਾਤਾ ਨੇ ਅੱਗੇ ਕਿਹਾ ਕਿ ਕਮਲ ਨੂੰ ਅਰਮੀਨੀਆ ਭੇਜਣ ਲਈ ਏਜੰਟਾਂ ਨੇ ਸੱਚ ਨਹੀਂ ਦੱਸਿਆ ਅਤੇ ਲੱਖਾਂ ਰੁਪਏ ਲੈ ਲਏ ਗਏ, ਪਰ ਨਾ ਢੰਗ ਦੀ ਨੌਕਰੀ ਮਿਲੀ, ਨਾ ਸਹਾਰਾ ਮਿਲਿਆ। ਅਰਮੀਨੀਆ ਵਿੱਚ ਕਮਲ ਕੋਲ ਹਾਲਾਤ ਇੰਨੇ ਮਾੜੇ ਹੋ ਗਏ ਸਨ ਕਿ ਆਪਣੀ ਰੋਟੀ ਖਾਣ ਲਈ ਵੀ ਪੈਸੇ ਨਹੀਂ ਸੀ ਜੁੜਦੇ। ਉਨ੍ਹਾਂ ਕਿਹਾ ਕਿ ਕਰਜ਼ਾ ਦਿਨੋਂ-ਦਿਨ ਸਿਰ ‘ਤੇ ਚੜ੍ਹਦਾ ਰਿਹਾ ਅਤੇ ਉਹ ਹਰ ਰੋਜ਼ ਟੈਂਸ਼ਨ ਵਿੱਚ ਰਹਿਣ ਲੱਗ ਪਿਆ। ਇਸ ਟੈਂਸ਼ਨ, ਮਾਨਸਿਕ ਦਬਾਅ ਅਤੇ ਭੁੱਖ ਨੇ ਆਖ਼ਿਰਕਾਰ 21 ਸਾਲਾ ਨੌਜਵਾਨ ਦੀ ਜਾਨ ਲੈ ਲਈ।

ਰੋਂਦੇ ਹੋਏ ਮਾਂ ਨੇ ਕਿਹਾ, ”ਮੈਂ ਲੋਕਾਂ ਦੇ ਵਿਆਹਾਂ-ਸ਼ਾਦੀਆਂ ਵਿੱਚ ਭਾਂਡੇ ਮਾਂਜ ਕੇ ਆਪਣੇ ਪੁੱਤ ਨੂੰ ਪਾਲਿਆ ਅਤੇ ਚੰਗੇ ਭਵਿੱਖ ਲਈ ਵਿਦੇਸ਼ ਭੇਜਿਆ ਸੀ…ਪਰ ਅੱਜ ਨਾ ਪੁੱਤ ਰਿਹਾ, ਨਾ ਘਰ, ਨਾ ਪੈਸਾ। ਸਰਕਾਰ ਨੂੰ ਹੱਥ ਜੋੜ ਕੇ ਕਹਿੰਦੀ ਹਾਂ ਕਿ ਮੇਰੇ ਕਮਲ ਪੁੱਤ ਦੀ ਲਾਸ਼ ਹੀ ਭਾਰਤ ਲਿਆ ਦਿਓ, ਤਾਂ ਕਿ ਮੈਂ ਆਖਰੀ ਵਾਰ ਉਸਦਾ ਮੂੰਹ ਵੇਖ ਸਕਾਂ।”

LEAVE A REPLY

Please enter your comment!
Please enter your name here