Tuesday, October 20, 2026
Home Crime ਕੈਨੇਡਾ ’ਚ ਕਾਰ ਚੋਰੀ ਅਤੇ ਹਥਿਆਰਾਂ ਦੇ ਮਾਮਲੇ ’ਚ 10 ਵਿਅਕਤੀ ਗ੍ਰਿਫ਼ਤਾਰ

ਕੈਨੇਡਾ ’ਚ ਕਾਰ ਚੋਰੀ ਅਤੇ ਹਥਿਆਰਾਂ ਦੇ ਮਾਮਲੇ ’ਚ 10 ਵਿਅਕਤੀ ਗ੍ਰਿਫ਼ਤਾਰ

ਦਿੱਲੀ (ਦ ਸਟੈਲਰ ਨਿਊਜ਼)। ਕੈਨੇਡਾ ਦੇ ਗ੍ਰੇਟਰ ਟੋਰਾਂਟੋ ਏਰੀਆ ਯਾਨੀ ਜੀ.ਟੀ.ਏ. ਵਿੱਚ ਹਿੰਸਕ ਕਾਰਜੈਕਿੰਗ ਅਤੇ ਮਹਿੰਗੀਆਂ ਗੱਡੀਆਂ ਦੀ ਚੋਰੀ ਦੇ ਮਾਮਲਿਆਂ ਵਿੱਚ ਪੀਲ ਰੀਜਨਲ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਵਿਰੁੱਧ ਕੁੱਲ 128 ਦੋਸ਼ ਆਇਦ ਕੀਤੇ ਹਨ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਕਈ ਪੰਜਾਬੀ ਮੂਲ ਦੇ ਨੌਜਵਾਨਾਂ ਦੇ ਨਾਂ ਵੀ ਸ਼ਾਮਲ ਹਨ। ਪੁਲਿਸ ਅਨੁਸਾਰ ‘ਪ੍ਰੋਜੈਕਟ ਹਾਈ ਗਾਰਡ’ ਤਹਿਤ ਕੀਤੀ ਗਈ ਜਾਂਚ ਦੌਰਾਨ 21 ਵੱਖ-ਵੱਖ ਘਟਨਾਵਾਂ ਦੀਆਂ ਕੜੀਆਂ ਜੋੜੀਆਂ ਗਈਆਂ ਹਨ। ਇਹ ਜਾਂਚ ਜੂਨ 2025 ਤੋਂ ਅਪ੍ਰੈਲ 2026 ਤੱਕ ਚਲਾਈ ਗਈ, ਜਿਸ ਦਾ ਮਕਸਦ ਗੱਡੀਆਂ ਦੀ ਚੋਰੀ ਅਤੇ ਹਿੰਸਕ ਲੁੱਟ-ਖੋਹ ਵਿੱਚ ਸ਼ਾਮਲ ਕਥਿਤ ਅਪਰਾਧਿਕ ਨੈੱਟਵਰਕ ਦਾ ਪਰਦਾਫਾਸ਼ ਕਰਨਾ ਸੀ।

Advertisements

ਜਾਂਚਕਰਤਾਵਾਂ ਅਨੁਸਾਰ, ਕੁਝ ਵਾਰਦਾਤਾਂ ਦੌਰਾਨ ਚਾਕੂਆਂ ਅਤੇ ਗ਼ੈਰ-ਕਾਨੂੰਨੀ ਹਥਿਆਰਾਂ ਨਾਲ ਲੋਕਾਂ ਨੂੰ ਧਮਕਾਇਆ ਗਿਆ ਅਤੇ ਉਨ੍ਹਾਂ ’ਤੇ ਹਮਲੇ ਵੀ ਕੀਤੇ ਗਏ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਏਕਮਵੀਰ ਰੰਧਾਵਾ, ਸ਼ਾਨ ਢੀਂਡਸਾ, ਆਰੀਅਨ ਦਿਓਲ, ਮਾਨਵਜੋਤ ਧਾਲੀਵਾਲ, ਪਾਰਥ ਸ਼ਰਮਾ ਅਤੇ ਮਧੂਮੀਤ ਰੰਧਾਵਾ ਸਮੇਤ ਹੋਰ ਵਿਅਕਤੀ ਸ਼ਾਮਲ ਹਨ। ਇਸ ਤੋਂ ਇਲਾਵਾ 17 ਸਾਲ ਦੇ 2 ਨਾਬਾਲਗਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ 3 ਸਤੰਬਰ ਨੂੰ ਕੀਤੀਆਂ ਗਈਆਂ ਤਾਲਮੇਲ ਵਾਲੀਆਂ ਛਾਪੇਮਾਰੀਆਂ ਦੌਰਾਨ ਲਗਭਗ 14 ਲੱਖ ਡਾਲਰ ਦੀਆਂ 15 ਚੋਰੀਸ਼ੁਦਾ ਗੱਡੀਆਂ, 4 ਗ਼ੈਰ-ਕਾਨੂੰਨੀ ਹਥਿਆਰ, ਗੋਲਾ-ਬਾਰੂਦ ਅਤੇ ਮੈਗਜ਼ੀਨ ਬਰਾਮਦ ਕੀਤੇ ਗਏ ਹਨ।

ਪੀਲ ਰੀਜਨਲ ਪੁਲਿਸ ਮੁਖੀ ਨਿਸ਼ਾਨ ਦੁਰਾਈਅੱਪਾ ਨੇ ਕਿਹਾ ਕਿ ਇਸ ਜਾਂਚ ਨਾਲ ਕਥਿਤ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਲੋਕਾਂ ਦੇ ਨਾਲ-ਨਾਲ ਨੈੱਟਵਰਕ ਦੇ ਮੁੱਖ ਸੂਤਰਧਾਰਾਂ ਤੱਕ ਪਹੁੰਚਣ ਵਿੱਚ ਵੀ ਮਦਦ ਮਿਲੀ ਹੈ। ਪੁਲਿਸ ਦੇ ਅੰਕੜਿਆਂ ਅਨੁਸਾਰ ਸਾਲ 2023 ਵਿੱਚ ਸਿਖਰ ’ਤੇ ਪਹੁੰਚਣ ਤੋਂ ਬਾਅਦ ਖੇਤਰ ਵਿੱਚ ਵਾਹਨ ਚੋਰੀ ਦੀਆਂ ਘਟਨਾਵਾਂ ਵਿੱਚ 50 ਫ਼ੀਸਦੀ ਤੋਂ ਵੱਧ ਕਮੀ ਆਈ ਹੈ, ਜਦਕਿ 2026 ਵਿੱਚ ਹੁਣ ਤੱਕ ਹੋਰ 10 ਫ਼ੀਸਦੀ ਗਿਰਾਵਟ ਦਰਜ ਕੀਤੀ ਗਈ ਹੈ। ਫਿਲਹਾਲ, ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here