
ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਅੱਜ ਇੱਕ ਯੁੱਗ ਦਾ ਅੰਤ ਹੋ ਗਿਆ ਹੈ। ਬਹੁਤ ਹੀ ਭਰੇ ਮਨ ਅਤੇ ਗਹਿਰੇ ਦੁੱਖ ਨਾਲ ਸ਼੍ਰੀ ਸੁਭਾਸ਼ ਥੋਬਾ — ਮੈਂਬਰ ਘੱਟ ਗਿਣਤੀ ਕਮਿਸ਼ਨ, ਪੰਜਾਬ ਰਾਜ ਅਤੇ ਪੰਜਾਬ ਪ੍ਰਧਾਨ, ਪੰਜਾਬ ਕ੍ਰਿਸਚਨ ਯੂਥ ਫੈਲੋਸ਼ਿਪ — ਦੇ ਸਤਿਕਾਰਯੋਗ ਪਿਤਾ ਜੀ ਸ੍ਰੀ ਸਾਈ ਦਾਸ ਜੀ ਪ੍ਰਭੂ ਵੱਲੋਂ ਬਖ਼ਸ਼ੀ ਗਈ 81 ਸਾਲ ਦੀ ਲੰਬੀ, ਅਰਥਪੂਰਨ, ਸੇਵਾ-ਭਰਪੂਰ ਅਤੇ ਆਸ਼ੀਰਵਾਦੀ ਉਮਰ ਭੋਗ ਕੇ ਲੋਕ ਤੋਂ ਪਰਲੋਕ ਸਿਧਾਰ ਗਏ ਹਨ।

ਸਾਈ ਦਾਸ ਜੀ ਨੇ ਆਪਣੀ ਜ਼ਿੰਦਗੀ ਦਾ ਮਹੱਤਵਪੂਰਨ ਹਿੱਸਾ ਪੰਜਾਬ ਪੁਲਿਸ ਵਿੱਚ ਸਰਵਿਸ ਕਰਦਿਆਂ ਇਮਾਨਦਾਰੀ, ਅਨੁਸ਼ਾਸ਼ਨ ਅਤੇ ਫ਼ਰਜ਼ਨਿਸ਼ਠਾ ਨਾਲ ਬਿਤਾਇਆ। ਸਰਵਿਸ ਦੌਰਾਨ ਹੀ ਨਹੀਂ, ਸਗੋਂ ਪੂਰੇ ਜੀਵਨ ਦੌਰਾਨ ਉਹ ਇੱਕ ਨੇਕਦਿਲ, ਦਇਆਲੁ ਅਤੇ ਮਨੁੱਖਤਾ ਨਾਲ ਭਰਪੂਰ ਇਨਸਾਨ ਰਹੇ। ਉਨ੍ਹਾਂ ਦੀ ਸੋਚ ਸਦਾ ਸਮਾਜ ਦੀ ਭਲਾਈ ਨਾਲ ਜੁੜੀ ਰਹੀ।
ਉਨ੍ਹਾਂ ਦੀ ਸਭ ਤੋਂ ਵੱਡੀ ਪਹਿਚਾਣ ਇਹ ਸੀ ਕਿ ਉਹ ਗਰੀਬ, ਗੁਰਬੇ ਅਤੇ ਲੋੜਵੰਦ ਲੋਕਾਂ ਦੀ ਬਾਂਹ ਫੜਨ ਵਾਲੇ ਇਨਸਾਨ ਸਨ। ਜਿੱਥੇ ਵੀ ਕੋਈ ਬਿਮਾਰ, ਦੁਖੀ ਜਾਂ ਅਸਹਾਇ ਵਿਅਕਤੀ ਦਿਸਦਾ, ਉਸ ਦੀ ਮਦਦ ਕਰਨਾ ਉਹ ਆਪਣਾ ਫ਼ਰਜ਼ ਸਮਝਦੇ ਸਨ। ਕਈ ਵਾਰ ਗੰਭੀਰ ਬਿਮਾਰ ਲੋਕਾਂ ਨੂੰ ਇਲਾਜ ਲਈ ਪੀਜੀਆਈ ਤੱਕ ਪਹੁੰਚਾਉਣ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਕਰਨ ਵਿੱਚ ਵੀ ਉਹ ਅੱਗੇ ਰਹੇ।
ਸਾਈ ਦਾਸ ਜੀ ਸਿੱਖਿਆ ਦੇ ਮਜ਼ਬੂਤ ਹਮਾਇਤੀ, ਖ਼ਾਸ ਕਰਕੇ ਬੇਟੀਆਂ ਦੀ ਪੜ੍ਹਾਈ ਅਤੇ ਉਨ੍ਹਾਂ ਦੇ ਅੱਗੇ ਵਧਣ ਦੇ ਪ੍ਰੇਰਕ ਸਨ। ਕਈ ਪਰਿਵਾਰਾਂ ਦੀਆਂ ਧੀਆਂ ਨੂੰ ਉਨ੍ਹਾਂ ਨੇ ਪੜ੍ਹਾਈ ਜਾਰੀ ਰੱਖਣ ਲਈ ਹੌਸਲਾ ਦਿੱਤਾ ਅਤੇ ਜਿੱਥੇ ਸੰਭਵ ਹੋਇਆ ਉੱਥੇ ਲੋੜੀਂਦੀ ਮਦਦ ਵੀ ਕੀਤੀ। ਅੱਜ ਵੀ ਬਹੁਤ ਸਾਰੇ ਲੋਕ ਉਨ੍ਹਾਂ ਦੀ ਨਿਸ਼ਕਾਮ ਸੇਵਾ ਅਤੇ ਕੀਤੇ ਭਲਾਈ ਦੇ ਕੰਮਾਂ ਨੂੰ ਯਾਦ ਕਰਕੇ ਭਾਵੁਕ ਹੋ ਰਹੇ ਹਨ।
ਅੱਜ ਭਾਰੇ ਮਨ ਨਾਲ ਉਨ੍ਹਾਂ ਨੂੰ ਆਖ਼ਰੀ ਵਿਦਾਈ ਦਿੱਤੀ ਗਈ। ਉਨ੍ਹਾਂ ਦੀ ਅੰਤਿਮ ਯਾਤਰਾ ਵਿੱਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਰਾਜਨੀਤਿਕ ਆਗੂ, ਸਮਾਜ ਸੇਵਕ, ਧਾਰਮਿਕ ਅਗੂ ਅਤੇ ਮਸੀਹੀ ਭਾਈਚਾਰੇ ਦੇ ਨੁਮਾਇੰਦੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ, ਜੋ ਉਨ੍ਹਾਂ ਦੇ ਉੱਚ ਚਰਿੱਤਰ ਅਤੇ ਸਮਾਜ ਵਿੱਚ ਬਣੀ ਇੱਜ਼ਤ ਦਾ ਸਪਸ਼ਟ ਪ੍ਰਮਾਣ ਹੈ।
ਇਸ ਦੁੱਖਦਾਈ ਮੌਕੇ ‘ਤੇ ਪੰਜਾਬ ਕ੍ਰਿਸਚਨ ਯੂਥ ਫੈਲੋਸ਼ਿਪ ਦੇ ਫਾਊਂਡਰ ਅਤੇ ਡਾਇਰੈਕਟਰ ਸ੍ਰੀ ਸਰਬਜੀਤ ਰਾਜ ਜੀ ਨੇ ਗਹਿਰਾ ਸੋਗ ਪ੍ਰਗਟ ਕਰਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਸਾਈ ਦਾਸ ਜੀ ਦਾ ਵਿਛੋੜਾ ਸਿਰਫ਼ ਪਰਿਵਾਰ ਲਈ ਹੀ ਨਹੀਂ, ਸਗੋਂ ਪੂਰੇ ਸਮਾਜ ਲਈ ਇੱਕ ਅਪੂਰਣੀ ਘਾਟ ਹੈ। ਉਨ੍ਹਾਂ ਨੇ ਵਿਛੁੜੀ ਆਤਮਾ ਦੀ ਸਦੀਵੀ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਪ੍ਰਭੂ ਅੱਗੇ ਬੇਨਤੀ ਕੀਤੀ ਕਿ ਦੁੱਖੀ ਪਰਿਵਾਰ ਨੂੰ ਇਹ ਵੱਡਾ ਦੁੱਖ ਸਹਿਣ ਦੀ ਹਿੰਮਤ ਬਖ਼ਸ਼ੀ ਜਾਵੇ।
ਸਾਈ ਦਾਸ ਜੀ ਦੀ ਦਸਵੇਂ ਦੀ ਪ੍ਰੇਅਰ ਮੀਟਿੰਗ 15 ਜਨਵਰੀ (ਵੀਰਵਾਰ) ਨੂੰ ਉਨ੍ਹਾਂ ਦੇ ਜੱਦੀ ਘਰ ਵਿੱਚ ਰੱਖੀ ਗਈ ਹੈ। ਸਭ ਧਾਰਮਿਕ, ਸਮਾਜਿਕ ਅਤੇ ਸਨੇਹੀ ਸਜਨਾਂ ਨੂੰ ਨਿਮਰਤਾ ਸਹਿਤ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਪ੍ਰੇਅਰ ਮੀਟਿੰਗ ਵਿੱਚ ਸ਼ਾਮਿਲ ਹੋ ਕੇ ਵਿਛੁੜੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਨ ਅਤੇ ਪਰਿਵਾਰ ਨਾਲ ਆਪਣੀ ਸੰਵੇਦਨਾ ਸਾਂਝੀ ਕਰਨ। ਪ੍ਰਭੂ ਉਨ੍ਹਾਂ ਦੀ ਆਤਮਾ ਨੂੰ ਸਦੀਵੀ ਸ਼ਾਂਤੀ ਬਖ਼ਸ਼ੇ ਅਤੇ ਪਰਿਵਾਰ ਨੂੰ ਧੀਰਜ ਤੇ ਹੌਸਲਾ ਪ੍ਰਦਾਨ ਕਰੇ।












