
ਜਲੰਧਰ (ਦ ਸਟੈਲਰ ਨਿਊਜ਼)। ਜਲੰਧਰ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਲੰਧਰ ਸ਼ਹਿਰ ਦੇ ਅਰਬਨ ਅਸਟੇਟ ਫੇਜ਼ 2 ਵਿੱਚ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਬਾਹਰ 14 ਸਾਲ ਦੀ ਵਿਦਿਆਰਥਣ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਭੂਮਿਕਾ ਵੱਜੋਂ ਹੋਈ ਹੈ। ਪਰਿਵਾਰ ਨੇ ਸਕੂਲ ਪ੍ਰਬੰਧਨ ‘ਤੇ ਲਾਪਰਵਾਹੀ ਤੇ ਜਾਣਕਾਰੀ ਛੁਪਾਉਣ ਦੇ ਗੰਭੀਰ ਆਰੋਪ ਲਗਾਏ ਹਨ।
ਇਸ ਤੋਂ ਇਲਾਵਾ, ਪ੍ਰਦਰਸ਼ਨਕਾਰੀ ਲੋਕਾਂ ਨੇ ਪੁਲਿਸ ਦੀ ਮਦਦ ਨਾਲ ਸਕੂਲ ਦਾ ਗੇਟ ਖੁਲਵਾਇਆ। ਪਰਿਵਾਰ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਦਾ ਕਤਲ ਕੀਤਾ ਗਿਆ ਹੈ, ਪਰ ਪੁਲਿਸ ਇਸਨੂੰ ਖੁਦਕੁਸ਼ੀ ਦੱਸ ਰਹੀ ਹੈ।

ਮ੍ਰਿਤਕ ਲੜਕੀ ਬਾਰਾਦਰੀ ਦੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿੱਚ 9ਵੀਂ ਜਮਾਤ ਦੀ ਵਿਦਿਆਰਥਣ ਸੀ। ਉਹ ਹਰ ਰੋਜ਼ ਟੈਨਿਸ ਦਾ ਅਭਿਆਸ ਕਰਨ ਲਈ ਅਰਬਨ ਅਸਟੇਟ ਵਿੱਚ ਸਕੂਲ ਦੀ ਦੂਜੀ ਸ਼ਾਖਾ ਵਿੱਚ ਜਾਂਦੀ ਸੀ। ਸ਼ੁੱਕਰਵਾਰ ਨੂੰ ਉਸ ਦੀ ਮਾਂ ਰਾਖੀ ਸਿੰਘਲ ਉਸ ਨੂੰ ਸਕੂਲ ਛੱਡ ਕੇ ਆਈ, ਪਰ ਕੁੜੀ ਦੇਰ ਸ਼ਾਮ ਤੱਕ ਘਰ ਨਹੀਂ ਪਰਤੀ। ਬਾਅਦ ਵਿੱਚ ਉਸ ਦੀ ਲਾਸ਼ ਜਲੰਧਰ ਹਾਈਟਸ ਫਲੈਟਾਂ ਦੇ ਐਫ-ਬਲਾਕ ਨੇੜੇ ਬਰਾਮਦ ਕੀਤੀ ਗਈ।
ਲੜਕੀ ਦੇ ਮਾਤਾ-ਪਿਤਾ ਦਾ ਆਰੋਪ ਹੈ ਕਿ ਸਕੂਲ ਪ੍ਰਬੰਧਨ ਕੁਝ ਉਹਨਾਂ ਤੋਂ ਛੁਪਾ ਰਿਹਾ ਹੈ। ਟੈਨਿਸ ਕੋਰਟ ਐਂਟਰੀ ਰਜਿਸਟਰ ਵਿੱਚ, ਭੂਮਿਕਾ ਦਾ ਨਾਮ ਚੌਥੇ ਸਥਾਨ ‘ਤੇ ਸੀ ਤੇ ਸ਼ੁੱਕਰਵਾਰ ਨੂੰ ਉਸ ਦੀ ਹਾਜ਼ਰ ਲੱਗੀ ਹੋਈ ਸੀ। ਰਜਿਸਟਰ ਵਿੱਚ 10 ਬੱਚਿਆਂ ਦੇ ਨਾਂ ਸਨ, ਇਨ੍ਹਾਂ ਵਿੱਚੋਂ ਸੱਤ ਕੱਲ੍ਹ ਅਭਿਆਸ ਕਰਨ ਆਏ ਸਨ, ਜਿਨ੍ਹਾਂ ਵਿੱਚ ਭੂਮਿਕਾ ਵੀ ਸ਼ਾਮਲ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਅਤੇ ਸਕੂਲ ਪ੍ਰਸ਼ਾਸਨ ਸੀਸੀਟੀਵੀ ਫੁਟੇਜ ਜਾਰੀ ਕਰਨ ਵਿੱਚ ਦੇਰੀ ਕਰ ਰਹੇ ਹਨ। ਵਿਰੋਧ ਪ੍ਰਦਰਸ਼ਨ ਦੌਰਾਨ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਸੱਚਾਈ ਸਾਹਮਣੇ ਲਿਆਉਣ ਦੀ ਮੰਗ ਕੀਤੀ।












