
ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਸ਼ਹਿਰ ਦੇ ਪ੍ਰਸਿੱਧ ਸਿਹਤ ਸੰਸਥਾਨ ਜੇ.ਜੇ. ਟਰੋਮਾ ਸੈਂਟਰ ਅਤੇ ਥਿੰਦ ਹਸਪਤਾਲ ਵੱਲੋਂ ਪੀਰ ਚੌਧਰੀ ਰੋਡ ‘ਤੇ ਅੱਜ ਸੋਮਵਾਰ ਨੂੰ ਇੱਕ ਵਿਸ਼ਾਲ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਕੈਂਪ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਚੱਲਿਆ, ਜਿਸ ਵਿੱਚ ਇਲਾਕੇ ਦੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ।

ਕੈਂਪ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ, ਜਿਸ ਵਿੱਚ ਡਾ. ਜਸਵੰਤ ਸਿੰਘ ਥਿੰਦ, ਡਾ. ਪ੍ਰੇਮਜੀਤ ਸਿੰਘ ਥਿੰਦ ਅਤੇ ਡਾ. ਜਸਬੀਰ ਸਿੰਘ ਸ਼ਾਮਲ ਸਨ, ਨੇ ਮਰੀਜ਼ਾਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ। ਡਾਕਟਰਾਂ ਵੱਲੋਂ ਜੋੜਾਂ ਅਤੇ ਹੱਡੀਆਂ ਦੇ ਰੋਗਾਂ ਦੀ ਜਾਂਚ ਦੇ ਨਾਲ-ਨਾਲ ਸ਼ੂਗਰ ਟੈਸਟ, ਯੂਰਿਕ ਐਸਿਡ ਟੈਸਟ ਅਤੇ ਬਲੱਡ ਪ੍ਰੈਸ਼ਰ ਦੀ ਜਾਂਚ ਮੁਫ਼ਤ ਕੀਤੀ ਗਈ।
ਇਸ ਮੁਫ਼ਤ ਕੈਂਪ ਵਿੱਚ ਲਗਭਗ 180 ਮਰੀਜ਼ਾਂ ਦੀ ਜਾਂਚ ਕੀਤੀ ਗਈ। ਡਾਕਟਰਾਂ ਨੇ ਮਰੀਜ਼ਾਂ ਨੂੰ ਉਨ੍ਹਾਂ ਦੀ ਬਿਮਾਰੀ ਦੇ ਮੁਤਾਬਕ ਮੁਫ਼ਤ ਦਵਾਈਆਂ ਵੀ ਮੁਹੱਈਆ ਕਰਵਾਈਆਂ। ਗੰਭੀਰ ਹਾਲਤ ਵਾਲੇ ਕੁਝ ਐਮਰਜੈਂਸੀ ਮਰੀਜ਼ਾਂ ਨੂੰ ਤੁਰੰਤ ਹਸਪਤਾਲ ਵਿੱਚ ਦਾਖ਼ਲ ਵੀ ਕੀਤਾ ਗਿਆ, ਤਾਂ ਜੋ ਉਨ੍ਹਾਂ ਦਾ ਸਮੇਂ ਸਿਰ ਇਲਾਜ ਹੋ ਸਕੇ। ਕੈਂਪ ਦੇ ਆਯੋਜਕਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਕੈਂਪਾਂ ਦਾ ਮਕਸਦ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਅਤੇ ਮੁਫ਼ਤ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਇਲਾਕਾ ਵਾਸੀਆਂ ਵੱਲੋਂ ਇਸ ਉਪਰਾਲੇ ਦੀ ਕਾਫ਼ੀ ਸਰਾਹਨਾ ਕੀਤੀ ਗਈ ਅਤੇ ਭਵਿੱਖ ਵਿੱਚ ਵੀ ਅਜੇਹੇ ਕੈਂਪ ਲਗਾਉਣ ਦੀ ਮੰਗ ਕੀਤੀ ਗਈ।












