Sunday, October 4, 2026
Home Himachal ਹਿਮਾਚਲ ਦੇ ਸਾਬਕਾ ਮੁੱਖ ਸਕੱਤਰ ਸੰਜੇ ਗੁਪਤਾ ਬਣੇ ‘ਪੰਜਾਬ ਰਾਜ ਬਿਜਲੀ ਰੈਗੂਲੇਟਰੀ...

ਹਿਮਾਚਲ ਦੇ ਸਾਬਕਾ ਮੁੱਖ ਸਕੱਤਰ ਸੰਜੇ ਗੁਪਤਾ ਬਣੇ ‘ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ’ ਦੇ ਨਵੇਂ ਚੇਅਰਪਰਸਨ

ਹਿਮਾਚਲ ਪ੍ਰਦੇਸ਼ (ਦ ਸਟੈਲਰ ਨਿਊਜ਼)। ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਸਕੱਤਰ ਸੰਜੇ ਗੁਪਤਾ ਨੂੰ ‘ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ’ ਦਾ ਨਵਾਂ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਉਹ ਅੱਜ ਹੀ ਰਸਮੀ ਤੌਰ ’ਤੇ ਆਪਣਾ ਅਹੁਦਾ ਸੰਭਾਲਣਗੇ। ਲੰਘੀ 31 ਮਈ ਨੂੰ ਹੀ ਸਰਕਾਰੀ ਸੇਵਾ ਤੋਂ ਮੁਕਤ ਹੋਏ ਸ੍ਰੀ ਗੁਪਤਾ ਕੋਲ ਲੋਕ ਪ੍ਰਸ਼ਾਸਨ ਅਤੇ ਊਰਜਾ ਖੇਤਰ ਦੇ ਪ੍ਰਬੰਧਨ ਦਾ ਇੱਕ ਲੰਮਾ ਤਜਰਬਾ ਹੈ, ਜਿਸ ਦਾ ਲਾਹਾ ਹੁਣ ਪੰਜਾਬ ਨੂੰ ਮਿਲੇਗਾ। ਇਸ ਵੱਕਾਰੀ ਅਹੁਦੇ ਦੀ ਦੌੜ ਵਿੱਚ ਕਈ ਸੇਵਾਮੁਕਤ ਅਫ਼ਸਰਸ਼ਾਹਾਂ ਸਣੇ ਕੁੱਲ 26 ਉਮੀਦਵਾਰਾਂ ਨੇ ਅਰਜ਼ੀਆਂ ਦਿੱਤੀਆਂ ਸਨ। ਚੇਅਰਪਰਸਨ ਦੀ ਚੋਣ ਲਈ ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਦੀ ਅਗਵਾਈ ਹੇਠ ਗਠਿਤ ਤਿੰਨ ਮੈਂਬਰੀ ਕਮੇਟੀ ਨੇ ਲੰਘੀ 27 ਮਈ ਨੂੰ ਇੱਕ ਅਹਿਮ ਮੀਟਿੰਗ ਕੀਤੀ ਸੀ। ਇਸ ਕਮੇਟੀ ਵੱਲੋਂ ਛਾਂਟੀ ਕੀਤੇ ਗਏ ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਭੇਜੀ ਗਈ ਸੀ, ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਸੰਜੇ ਗੁਪਤਾ ਦੇ ਨਾਂ ’ਤੇ ਅੰਤਿਮ ਮੋਹਰ ਲਾਈ।

Advertisements

ਸੰਜੇ ਗੁਪਤਾ ਪੰਜਾਬ ਕੇਡਰ ਦੇ ਸਾਬਕਾ ਸੀਨੀਅਰ ਅਧਿਕਾਰੀ ਵਿਸ਼ਵਜੀਤ ਖੰਨਾ ਦੀ ਜਗ੍ਹਾ ਲੈਣਗੇ, ਜਿਨ੍ਹਾਂ ਦਾ ਕਾਰਜਕਾਲ ਲੰਘੇ ਅਪ੍ਰੈਲ ਮਹੀਨੇ ਖ਼ਤਮ ਹੋ ਗਿਆ ਸੀ। ਉਨ੍ਹਾਂ ਦੀ ਸੇਵਾਮੁਕਤੀ ਤੋਂ ਬਾਅਦ ਪੀ.ਐੱਸ.ਈ.ਆਰ.ਸੀ. ਦੇ ਮੈਂਬਰ ਰਵਿੰਦਰ ਸੈਣੀ ਅਸਥਾਈ ਤੌਰ ’ਤੇ ਕਾਰਜਕਾਰੀ ਚੇਅਰਪਰਸਨ ਵਜੋਂ ਕੰਮ ਦੇਖ ਰਹੇ ਸਨ। ਬਤੌਰ ਬਿਜਲੀ ਰੈਗੂਲੇਟਰੀ ਚੇਅਰਪਰਸਨ ਸੰਜੇ ਗੁਪਤਾ ਦੇ ਸਾਹਮਣੇ ਪੰਜਾਬ ਵਿੱਚ ਕਈ ਵੱਡੀਆਂ ਚੁਣੌਤੀਆਂ ਹੋਣਗੀਆਂ। ਉਨ੍ਹਾਂ ਨੂੰ ਸੂਬੇ ਵਿੱਚ ਬਿਜਲੀ ਦਰਾਂ ਨੂੰ ਤਰਕਸੰਗਤ ਬਣਾਉਣ, ਪੰਜਾਬ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਬਿਜਲੀ ਸਬਸਿਡੀ ਦੀ ਰਾਸ਼ੀ ਸਮੇਂ ਸਿਰ ਜਾਰੀ ਕਰਵਾਉਣ, ਨਵਿਆਉਣਯੋਗ ਊਰਜਾ ਨੂੰ ਗਰਿੱਡ ਨਾਲ ਜੋੜਨ ਅਤੇ ਸੂਬੇ ਦੇ ਖ਼ਪਤਕਾਰਾਂ ਨੂੰ ਬਿਨਾਂ ਕਿਸੇ ਕੱਟ ਦੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਵਰਗੇ ਅਹਿਮ ਮਸਲਿਆਂ ’ਤੇ ਕੰਮ ਕਰਨਾ ਪਵੇਗਾ।

LEAVE A REPLY

Please enter your comment!
Please enter your name here